ਗੁਰਬਾਣੀ ’ਤੇ ਡਾਂਸ ਦਾ ਮਾਮਲਾ, ਰੋਜ਼ਾਨਾ ਸਪੋਕਸਮੈਨ ਦੀ ਖ਼ਬਰ ਪਿੱਛੋਂ ਜਾਗੇ ਸਿੱਖ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਵਾਇਰਲ ਵੀਡੀਓ ਦੀ ਨਿੰਦਾ

Dance case on Gurbani

ਚੰਡੀਗੜ੍ਹ: ਚਿਲੀ ਦੇ ਸੈਂਟੀਆਗੋ ’ਚ ਗੁਰਬਾਣੀ ਦੀ ਹੋਈ ਬੇਅਦਬੀ ਦੀ ਘਟਨਾ ਨੂੰ 'ਰੋਜ਼ਾਨਾ ਸਪੋਕਸਮੈਨ’ ਵਲੋਂ ਪ੍ਰਮੁੱਖਤਾ ਨਾਲ ਚੁੱਕਣ ਤੋਂ ਬਾਅਦ ਸਿੱਖ ਆਗੂ ਵੀ ਜਾਗ ਗਏ ਹਨ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਜਿੱਥੇ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ।

ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਸਾਹਮਣੇ ਗੁਰਬਾਣੀ ਨੂੰ ਨਾਚ ਦੇ ਨਾਲ ਜੋੜਨਾ ਅਤੇ ਫਿਰ ਉਸ ਨੂੰ ਸੋਸ਼ਲ ਮੀਡੀਆ ਉਤੇ ਪਾਉਣਾ, ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਅਤੇ ਇਸ ਨੂੰ ਲੈ ਕੇ ਦੇਸ਼ ਭਰ ਦੇ ਸਿੱਖਾਂ ਵਿਚ ਗੁੱਸਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਬੀਤੀ ਰਾਤ ਰਾਸ਼ਟਰਪਤੀ ਨੂੰ ਟਵਿੱਟਰ ਤੇ ਕਿਹਾ ਕਿ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਤੁਰਤ ਹਟਾਇਆ ਜਾਵੇ ਅਤੇ ਨਾਲ ਹੀ ਪ੍ਰੋਗਰਾਮ ਪ੍ਰਬੰਧਕਾਂ ਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਰਾਸ਼ਟਰਪਤੀ ਦਾ ਸਟਾਫ਼ ਵੀ ਜ਼ਿੰਮੇਵਾਰ ਹੈ, ਜਿਸ ਨੇ ਇਸ ਸਬੰਧੀ ਰਾਸ਼ਟਰਪਤੀ ਨੂੰ ਪਹਿਲਾਂ ਸੂਚਿਤ ਨਹੀਂ ਕੀਤਾ ਕਿਉਂਕਿ ਕਿਸੇ ਵੀ ਪ੍ਰੋਗਰਾਮ ਤੋਂ ਪਹਿਲਾਂ ਰਾਸ਼ਟਰਪਤੀ ਦੇ ਸਟਾਫ਼ ਨੂੰ ਪਤਾ ਹੁੰਦਾ ਹੈ ਕਿ ਪ੍ਰੋਗਰਾਮ ਵਿਚ ਕੀ ਹੈ ਅਤੇ ਕੀ ਪੇਸ਼ਕਾਰੀ ਹੋਵੇਗੀ।

ਜ਼ਿਕਰਯੋਗ ਹੈ ਕਿ ਇੰਡੀਅਨ ਕਮਿਊਨਿਟੀ ਐਂਡ ਫਰੈਂਡਜ਼ ਆਫ ਇੰਡੀਆ ਦੇ ਬੈਨਰ ਹੇਠ ਕਰਵਾਏ ਗਏ ਇੱਕ ਸਮਾਗਮ ਦੌਰਾਨ ਅਤੇ ਭਾਰਤ ਦੇ ਰਾਸ਼ਟਰਪਤੀ ਦੀ ਮੌਜੂਦਗੀ ’ਚ ਕੁਝ ਕਲਾਕਾਰਾਂ ਵੱਲੋਂ ਗੁਰਬਾਣੀ ਦਾ ਨਿਰਾਦਰ ਕੀਤਾ ਗਿਆ ਸੀ ਅਤੇ ਇਸ ਸਾਰੀ ਘਟਨਾ ਦੀ ਵੀਡੀਓ ਰਾਸ਼ਟਰਪਤੀ ਦੇ ਫੇਸਬੁੱਕ ਪੇਜ਼ ’ਤੇ ਪਾਈ ਗਈ ਸੀ।