34 ਸ਼ਹੀਦਾਂ ਦੇ ਪਰਵਾਰਾਂ ਨੂੰ ਸ਼੍ਰੋਮਣੀ ਕਮੇਟੀ ਦੇਵੇਗੀ ਨੌਕਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

1982 ਦੇ ਧਰਮ ਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ 34 ਪਰਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਕਰੀ ਦਿਤੀ ਜਾਵੇਗੀ............

SGPC to give job to 34 martyrs' families

ਸ੍ਰੀ ਅਨੰਦਪੁਰ ਸਾਹਿਬ : 1982 ਦੇ ਧਰਮ ਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ 34 ਪਰਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਕਰੀ ਦਿਤੀ ਜਾਵੇਗੀ। ਇਹ ਸਿਫ਼ਾਰਸ਼ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ, ਹਰਭਾਗ ਸਿੰਘ, ਭਗਵੰਤ ਸਿੰਘ ਸਿਆਲਕਾ, ਰਵਿੰਦਰ ਸਿੰਘ ਆਦਿ ਨੇ ਦਸਿਆ ਕਿ ਜਦੋਂ ਇਹ ਮੋਰਚਾ ਲਗਿਆ ਸੀ ਤਾਂ ਸਿੱਖਾਂ 'ਤੇ ਤਸ਼ੱਦਦ ਕੀਤਾ ਜਾਂਦਾ ਸੀ ਤੇ ਉਨ੍ਹਾਂ ਨੂੰ ਜੇਲਾਂ ਵਿਚ ਡੱਕ ਦਿਤਾ ਜਾਂਦਾ ਸੀ।

ਇਸੇ ਲੜੀ ਤਹਿਤ ਇਸ ਜਥੇ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਜਾ ਰਿਹਾ ਸੀ ਤਾਂ ਤਰਨਤਾਰਨ ਦੇ ਰੇਲਵੇ ਫ਼ਾਟਕ ਨਾਲ ਵਾਪਰੇ ਹਾਦਸੇ ਦੌਰਾਨ 34 ਸਿੰਘ ਸ਼ਹੀਦ ਹੋ ਗਏ ਸਨ। ਆਗੂਆਂ ਨੇ ਕਿਹਾ ਕਿ ਭਾਈ ਚਾਵਲਾ, ਜਥੇ: ਭਿੰਡਰ ਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਲੱਖੇਵਾਲ ਦੇ ਯਤਨਾਂ ਸਦਕਾ ਇਨ੍ਹਾਂ ਪਰਵਾਰਾਂ ਦੀ ਸ਼ਨਾਖ਼ਤ ਕਰ ਕੇ ਅਰਜ਼ੀਆਂ ਲਈਆਂ ਗਈਆਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ 'ਤੇ ਇਹ ਫ਼ੈਸਲਾ ਲਿਆ ਗਿਆ। 

ਉਨ੍ਹਾਂ ਦਸਿਆ ਕਿ 29 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਚੰਡੀਗੜ੍ਹ ਵਿਖੇ ਹੋਵੇਗੀ ਜਿਥੇ ਇਹ ਰੀਪੋਰਟ ਪ੍ਰਧਾਨ ਭਾਈ ਲੌਂਗੋਵਾਲ ਨੂੰ ਸੌਂਪੀ ਜਾਵੇਗੀ। ਇਹ ਸਹਾਇਤਾ ਦੇਰੀ ਨਾਲ ਦੇਣ ਸਬੰਧੀ ਪੁਛਣ 'ਤੇ ਉਨ੍ਹਾਂ ਕਿਹਾ ਕਿ ਕਿਸੇ ਨੇ ਸ਼੍ਰੋਮਣੀ ਕਮੇਟੀ ਕੋਲ ਪਹੁੰਚ ਨਹੀਂ ਕੀਤੀ ਸੀ, ਹੁਣ ਜਦੋਂ ਸਾਡੇ ਕੋਲ ਅਰਜ਼ੀਆਂ ਆਈਆਂ ਹਨ ਤਾਂ ਸ਼੍ਰੋਮਣੀ ਕਮੇਟੀ ਵਲੋਂ ਪਰਵਾਰਾਂ ਨੂੰ ਨੌਕਰੀ ਦੀ ਸਿਫ਼ਾਰਸ਼ ਕੀਤੀ ਗਈ। ਇਸ ਮੌਕੇ ਮੈਨੇਜਰ ਜਸਵੀਰ ਸਿੰਘ, ਪ੍ਰਿੰ:ਜਸਬੀਰ ਸਿੰਘ ਆਦਿ ਵੀ ਹਾਜ਼ਰ ਸਨ।