ਸ਼੍ਰੋਮਣੀ ਕਮੇਟੀ ਚੋਣਾਂ ਵਿਚ ਹੋਰ ਦੇਰੀ ਹੋਣ ਦੀ ਸੰਭਾਵਨਾ ਬਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਾਂ ਦੀ ਸਿਰਮੌਰ ਸੰਸਥਾ 170 ਮੈਂਬਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਅਗਲੀਆਂ ਚੋਣਾਂ ਹੋਰ ਦੇਰੀ ਨਾਲ ਹੋਣ ਦੀ ਸੰਭਾਵਨਾ ਵੱਧ ਗਈ ਹੈ.............

Gurdwara Election Commission

ਚੰਡੀਗੜ੍ਹ : ਸਿੱਖਾਂ ਦੀ ਸਿਰਮੌਰ ਸੰਸਥਾ 170 ਮੈਂਬਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਅਗਲੀਆਂ ਚੋਣਾਂ ਹੋਰ ਦੇਰੀ ਨਾਲ ਹੋਣ ਦੀ ਸੰਭਾਵਨਾ ਵੱਧ ਗਈ ਹੈ। ਸਤੰਬਰ 2011 ਵਿਚ ਪਿਛਲੇ ਚੀਫ਼ ਕਮਿਸ਼ਨਰ ਜਸਟਿਸ ਹਰਫੂਲ ਸਿੰਘ ਬਰਾੜ ਦੀ ਦੇਖ ਰੇਖ ਵਿਚ ਕਰਵਾਈਆਂ ਚੋਣਾਂ ਦਾ ਰੇੜਕਾ 7 ਸਾਲਾ ਬਾਅਦ ਹੱਲ ਹੋਣ ਉਪਰੰਤ 2 ਅਗੱਸਤ ਨੂੰ ਕੇਂਦਰ ਨੇ ਅਦਾਲਤ ਨੂੰ ਦਸ ਦਿਤਾ ਸੀ ਕਿ ਨਵੇਂ ਚੀਫ਼ ਕਮਿਸ਼ਨਰ ਜਸਟਿਸ ਦਰਸ਼ਨ ਸਿੰਘ ਨੂੰ ਨਿਯੁਕਤ ਕਰ ਦਿਤਾ ਗਿਆ ਹੈ।

ਰੋਜ਼ਾਨਾ ਸਪੋਕਸਮੈਨ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਿਯੁਕਤ ਕੀਤੇ ਨਵੇਂ ਚੀਫ਼ ਕਮਿਸ਼ਨਰ, ਗੁਰਦਵਾਰਾ ਚੋਣਾਂ, ਜਸਟਿਸ ਦਰਸ਼ਨ ਸਿੰਘ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਇਸ ਪੇਸ਼ਕਸ਼ ਨੂੰ ਨਿਮਰਤਾ ਸਹਿਤ, ਇਸ ਅਹੁਦੇ ਦਾ ਚਾਰਜ ਸੰਭਾਲਣ ਤੋਂ ਕਿਨਾਰਾ ਵੱਟ ਲਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਜੱਜ ਸਾਹਿਬ ਨੂੰ ਕਿਸੇ ਹੋਰ ਅਹੁਦੇ ਦੀ ਪੇਸ਼ਕਸ਼ ਹੋ ਚੁਕੀ ਹੈ। ਸੈਕਟਰ-17 ਵਿਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਨਾਲ ਵਾਲੀ ਬਿਲਡਿੰਗ ਜਿਸ ਵਿਚ ਗੁਰਦਵਾਰਾ ਚੋਣ ਕਮਿਸ਼ਨ ਦਾ ਦਫ਼ਤਰ ਹੈ, ਨੂੰ ਤਾਲਾ ਵੱਜਾ ਹੋਇਆ ਹੈ ਅਤੇ ਬਿਜਲੀ ਦਾ ਕੁਨੈਕਸ਼ਨ ਵੀ ਕੱਟਿਆ ਹੋਇਆ ਹੈ।

ਸੂਤਰਾਂ ਨੇ ਦਸਿਆ ਕਿ ਜਸਟਿਸ ਦਰਸ਼ਨ ਸਿੰਘ 2 ਅਗੱਸਤ ਦੀ ਕੇਂਦਰ ਸਰਕਾਰ ਵਲੋਂ ਕੀਤੀ ਨਿਯੁਕਤੀ ਦੀ ਨੋਟੀਫ਼ੀਕੇਸ਼ਨ ਉਪਰੰਤ ਸੈਕਟਰ 17 ਦੇ ਇਸ ਦਫ਼ਤਰ ਵਿਚ ਆਏ ਸਨ। ਉਨ੍ਹਾਂ ਪੰਜਾਬ ਦੇ ਗ੍ਰਹਿ ਵਿਭਾਗ ਦੇ ਇਕ ਸੀਨੀਅਰ ਆਈ.ਏ.ਐਸ. ਅਧਿਕਾਰੀ ਨੂੰ ਵੀ ਮੌਕੇ 'ਤੇ ਬੁਲਾਇਆ ਅਤੇ ਗੁਰਦਵਾਰਾ ਚੋਣ ਕਮਿਸ਼ਨ ਦੇ ਦਫ਼ਤਰ ਦੀ ਹਾਲਤ 'ਤੇ ਡਾਢਾ ਇਤਰਾਜ਼ ਜਿਤਾਇਆ, ਹੁਣ ਇਕ ਮਹੀਨਾ ਬੀਤਣ ਉਪਰੰਤ ਵੀ ਇਸ ਦਫ਼ਤਰ ਨੂੰ ਤਾਲਾ ਲੱਗਾ ਹੋਇਆ ਹੈ। ਅੰਦਰ ਫ਼ਰਨੀਚਰ ਵੀ ਕੋਈ ਨਹੀਂ ਹੈ। 

ਜ਼ਿਕਰਯੋਗ ਹੈ ਕਿ 60 ਲੱਖ ਤੋਂ ਵੱਧ ਸਿੱਖ ਵੋਟਰ ਪੰਜਾਬ, ਹਰਿਆਣਾ, ਹਿਮਾਚਲ ਤੇ ਯੂ.ਟੀ. ਚੰਡੀਗੜ੍ਹ ਤੋਂ ਕੁਲ 120 ਸੀਟਾਂ ਤੋਂ 170 ਮੈਂਬਰ ਚੁਣ ਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਲਈ ਭੇਜਦੇ ਹਨ। ਪੰਜਾਬ ਦੀਆਂ 110 ਸੀਟਾਂ ਤੋਂ 157 ਮੈਂਬਰ, ਹਰਿਆਣੇ ਦੀਆਂ 8 ਸੀਟਾਂ ਤੋਂ 11 ਮੈਂਬਰ ਅਤੇ ਹਿਮਾਚਲ ਤੇ ਚੰਡੀਗੜ੍ਹ ਤੋਂ ਇਕ ਇਕ ਮੈਂਬਰ ਚੁਣਿਆ ਜਾਂਦਾ ਹੈ। ਕੁਲ 120 ਸੀਟਾਂ ਵਿਚੋਂ 50 ਦੋਹਰੀ ਮੈਂਬਰਸ਼ਿਪ ਵਾਲੀਆਂ ਹਨ।

Related Stories