ਢਡਰੀਆਂ ਵਾਲੇ ਨੂੰ ਪੰਥ 'ਚੋਂ ਛੇਕਣ ਦੇ ਮਨਸੂਬੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਾਨੀਕਾਰਕ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਢਡਰੀਆਂ ਵਾਲੇ ਤੋਂ ਬਾਅਦ ਡਾ. ਰੂਪ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਵਾਰੀ

Giani Jagtar Singh Jachak

ਕੋਟਕਪੂਰਾ (ਗੁਰਿੰਦਰ ਸਿੰਘ) : ਦੇਸ਼-ਵਿਦੇਸ਼ ਦੇ ਪੰਥਕ ਹਲਕਿਆਂ ਅਤੇ ਪੰਜਾਬੀ ਅਖ਼ਬਾਰਾਂ 'ਚ ਚਰਚਾ ਹੈ ਕਿ ਕੁੱਝ ਬਿਪਰਵਾਦੀ ਡੇਰੇਦਾਰਾਂ ਦੇ ਦਬਾਅ ਹੇਠ ਬਾਦਲ ਦਲ ਦੇ ਸੱਤਾਧਾਰੀ ਨੇਤਾਵਾਂ ਦੁਆਰਾ ਗੁਰਮਤਿ ਦੇ ਬੇਬਾਕ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੂੰ ਪੰਥ 'ਚੋਂ ਛੇਕਣ ਅਤੇ ਸੇਵਾ ਮੁਕਤੀ ਦੇ ਬਹਾਨੇ ਡਾ. ਰੂਪ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੇ ਮਨਸੂਬੇ ਘੜੇ ਜਾ ਰਹੇ ਹਨ, ਕਿਉਂਕਿ ਢਡਰੀਆਂ ਵਾਲਾ ਕਰਮਕਾਂਡੀ ਡੇਰੇਦਾਰਾਂ ਦੇ ਸਮਾਜਕ ਆਧਾਰ ਨੂੰ ਵੱਡਾ ਖੋਰਾ ਲਾ ਰਿਹਾ ਹੈ ਅਤੇ ਡਾ. ਰੂਪ ਸਿੰਘ ਸੰਪਰਦਾਈ ਮੁਖੀਆਂ ਮੁਤਾਬਕ ਸਿੱਖ ਰਹਿਤ ਮਰਿਆਦਾ 'ਚ ਮਨਮਰਜ਼ੀ ਦੀਆਂ ਤਬਦੀਲੀਆਂ ਕਰਨ ਅਤੇ ਮੂਲਮੰਤਰ ਦੇ ਸਥਾਪਤ ਸਰੂਪ ਨੂੰ ਵਿਗਾੜਣ ਦੇ ਮਨਸੂਬਿਆਂ 'ਚ ਰੁਕਾਵਟ ਬਣ ਰਿਹਾ ਹੈ।

ਗੁਰਮਤੀ ਸੂਝ ਰੱਖਣ ਵਾਲੇ ਪੰਥ ਹਿਤਕਾਰੀ ਸੱਜਣਾ ਦਾ ਖ਼ਿਆਲ ਹੈ ਕਿ ਅਜਿਹੀ ਕਾਰਵਾਈ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਹਾਨੀਕਾਰਕ ਸਿੱਧ ਹੋਵੇਗੀ। ਇਹ ਵਿਚਾਰ ਹਨ ਅੰਤਰਰਾਸ਼ਟਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ 'ਰੋਜ਼ਾਨਾ ਸਪੋਕਸਮੈਨ' ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪ੍ਰੈੱਸ ਨੋਟ 'ਚ ਕਹੇ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਡਾ. ਰੂਪ ਸਿੰਘ ਪਿੱਛੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ ਪਾਸੇ ਕਰਨ ਦੀ ਚਾਲ ਚਲੀ ਜਾਵੇਗੀ ਕਿਉਂਕਿ ਸਰਕਾਰੀ ਪਿੱਠੂ ਤੇ ਅਨਪੜ੍ਹ ਡੇਰੇਦਾਰ ਉਨ੍ਹਾਂ ਨੂੰ ਵੀ ਅਪਣੇ ਰਾਹ ਦਾ ਰੋੜਾ ਸਮਝ ਰਹੇ ਹਨ।

ਸਾਰੇ ਪੰਥਦਰਦੀ ਵਿਦਵਾਨ ਮੰਨਦੇ ਹਨ ਕਿ ਅਕਾਲ ਤਖ਼ਤ ਸਾਹਿਬ ਦੀ ਜਥੇਬੰਦਕ ਸਿਰਦਾਰੀ ਕਾਇਮ ਰਹਿਣੀ ਚਾਹੀਦੀ ਹੈ ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਅਕਾਲ ਤਖ਼ਤ ਸਾਹਿਬ ਨੂੰ ਦੁਨਿਆਵੀ ਕਚਹਿਰੀਆਂ ਤੇ ਪੁਲਿਸੀ ਠਾਣਿਆਂ ਵਾਂਗ ਨਾ ਵਰਤਿਆ ਜਾਏ। ਜੇ ਕਿਸੇ ਪ੍ਰਤੀ ਸੱਚੀ ਜਾਂ ਝੂਠੀ ਸ਼ਿਕਾਇਤ ਮਿਲਣ 'ਤੇ ਜਥੇਦਾਰ ਵਲੋਂ 'ਹਾਜ਼ਰ ਹੋਣ' ਜਾਂ 'ਪੇਸ਼ ਹੋਣ' ਵਰਗੀ ਰੁੱਖੀ ਤੇ ਹਾਕਮੀ ਸ਼ਬਦਾਵਲੀ ਛੱਡ ਕੇ ਭਰਪਣ ਵਿਖਾਇਆ ਜਾਵੇ। ਲਿਖਿਆ ਜਾਵੇ, ਭਾਈ ਆਉ ਮਿਲ ਬੈਠੀਏ ਤਾਕਿ ਵਿਚਾਰ-ਵਟਾਂਦਰੇ ਦੁਆਰਾ ਸੱਚ ਤੇ ਝੂਠ ਦਾ ਨਿਤਾਰਾ ਕੀਤਾ ਜਾ ਸਕੇ।

ਗਿਆਨੀ ਜਗਤਾਰ ਸਿੰਘ ਜਾਚਕ ਅਨੁਸਾਰ ਅਜਿਹੀ ਜੁਗਤਿ ਅਪਣਾਇਆਂ ਕੋਈ ਵੀ ਗੁਰਸਿੱਖ ਕਾਲਾ ਅਫ਼ਗਾਨਾ, ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸ. ਜੋਗਿੰਦਰ ਸਿੰਘ ਅਤੇ ਪ੍ਰੋ. ਦਰਸ਼ਨ ਸਿੰਘ ਵਾਂਗ ਇਨਕਾਰੀ ਨਹੀਂ ਹੋ ਸਕਦਾ। ਆਸ ਹੈ ਕਿ ਜਥੇਦਾਰ ਸਾਹਿਬਾਨ ਇਸ ਪੱਖੋਂ ਗੰਭੀਰਤਾ ਸਹਿਤ ਵਿਚਾਰਨਗੇ ਅਤੇ ਕੱਟੜਪੰਥੀ ਡੇਰੇਦਾਰਾਂ ਦੇ ਪ੍ਰਭਾਵ ਹੇਠ ਕਿਸੇ ਵੀ ਗੁਰਸਿੱਖ ਨੂੰ ਪਹਿਲਾਂ ਵਾਂਗ ਛੇਕਣ ਦੀ ਕਾਹਲ ਨਹੀਂ ਕਰਨਗੇ, ਜਿਹੜੀ ਤਖ਼ਤ ਦੀ ਪੰਥਕ ਸਿਰਦਾਰੀ ਨੂੰ ਢਾਅ ਲਾਉਣ ਦਾ ਕਾਰਨ ਬਣੇ। ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਪਰੋਕਤ ਕਿਸਮ ਦੀ ਪੰਥ ਮਾਰੂ ਕੁਟਲਨੀਤੀ ਵਿਰੁਧ ਆਵਾਜ਼ ਉਠਾਉਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।