RTI : ਸ਼੍ਰੋਮਣੀ ਕਮੇਟੀ ਨੇ ਸਿਲੌਂਗ ਦੇ ਪੀੜਤ ਸਿੱਖਾਂ ਨੂੰ 16 ਲੱਖ 55 ਹਜ਼ਾਰ ਦੀ ਦਿਤੀ ਮਦਦ
ਸ਼੍ਰੋਮਣੀ ਕਮੇਟੀ ਨੇ ਪੀੜਤ ਸਿੱਖ ਪਰਵਾਰਾਂ ਨੂੰ ਨਿਗੂਣੀ ਜਿਹੀ ਮਦਦ ਦੇ ਕੇ ਮਜ਼ਾਕ ਉਡਾਇਆ : ਬੁਜਰਕ
ਘੱਗਾ/ਸ਼ੁਤਰਾਣਾ : ਬੀਤੇ ਵਰ੍ਹੇ ਮੇਘਾਲਿਆ ਰਾਜ ਦੇ ਸਿਲੌਂਗ ਸ਼ਹਿਰ ਵਿਚ ਰਹਿ ਰਹੇ ਸਿੱਖ ਦੰਗਿਆਂ ਦੌਰਾਨ ਹੋਏ ਵੱਖ-ਵੱਖ ਤਰ੍ਹਾਂ ਦੇ ਆਰਥਕ ਨੁਕਸਾਨ ਦੀ ਭਰਪਾਈ ਲਈ ਸਿੱਖਾਂ ਦੀ ਉੱਚ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪੀੜਤ ਸਿੱਖ ਪਰਵਾਰਾਂ ਨੂੰ 16 ਲੱਖ 55 ਹਜ਼ਾਰ ਰੁਪਏ ਦੀ ਆਰਥਕ ਮਦਦ ਦਿੱਤੀ ਹੈ। ਜਦੋਂ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਕੀਤੇ ਗਏ ਇਕ ਫ਼ੈਸਲੇ ਦੌਰਾਨ ਸਿਲੌਂਗ ਦੇ ਸਿੱਖ ਪੀਤੜ ਪ੍ਰਵਾਰਾਂ ਨੂੰ 60 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਮੁਕਾਬਲੇ ਸ਼੍ਰੋਮਣੀ ਕਮੇਟੀ ਦੀ ਰਾਸ਼ੀ ਬਹੁਤ ਹੀ ਘੱਟ ਜਾਪਦੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਪੰਜਾਬ ਸਰਕਾਰ ਨਾਲੋਂ ਕਿਤੇ ਜ਼ਿਆਦਾ ਹੈ।
ਇਸ ਮਾਮਲੇ ਸਬੰਧੀ ਆਰ.ਟੀ.ਆਈ.ਮਾਹਰ ਅਤੇ ਸਮਾਜ ਸੇਵੀ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੂਚਨਾ ਅਧਿਕਾਰ ਐਕਟ 2005 ਤਹਿਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਕੋਲੋਂ ਮੇਘਾਲਿਆ ਰਾਜ ਦੇ ਸ਼ਹਿਰ ਸਿਲੌਂਗ ਵਿਚ ਪਿਛਲੇ ਵਰ੍ਹੇ ਹੋਏ ਦੰਗਿਆਂ ਦੌਰਾਨ ਸਿੱਖਾਂ ਨੂੰ ਹੋਏ ਆਰਥਕ ਨੁਕਾਸਨ ਦੀ ਭਰਪਾਈ ਲਈ ਦਿਤੀ ਗਈ ਮਦਦ ਸਬੰਧੀ ਰੀਕਾਰਡ ਮੰਗਿਆ ਗਿਆ ਸੀ ਜਿਸ ਦੇ ਜਵਾਬ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸੂਚਨਾ ਸ਼ਾਖਾ ਵਲੋਂ ਲਿਖਿਆ ਗਿਆ ਹੈ। ਧਰਮ ਅਰਥ ਫ਼ੰਡ ਵਿਚੋਂ ਸਿੱਖਾਂ ਨੂੰ ਪੰਜ ਲੱਖ 55 ਹਜ਼ਾਰ ਰੁਪਏ ਅਤੇ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਵਲੋਂ ਗੁਰਦਵਾਰਾ ਗੋਰਾ ਲੋਨ ਅਤੇ ਗੁਰਦਵਾਰਾ ਬੜਾ ਬਾਜ਼ਾਰ ਸ਼ਿਲੌਂਗ ਨੂੰ ਗਿਆਰਾਂ ਲੱਖ ਰੁਪਏ ਦੀ ਮਦਦ ਦਿਤੀ ਗਈ ਹੈ।
ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 11 ਦਸੰਬਰ 2018 ਨੂੰ ਪੰਜਾਬ ਮੰਤਰੀ ਮੰਡਲ ਵਿਚ ਇਕ ਮਤਾ ਪਾਸ ਕਰ ਕੇ ਸ਼ਿਲੌਂਗ ਦੀ ਪੀੜਤ ਪਰਵਾਰਾਂ ਨੂੰ 60 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੌਰਾਨ ਖ਼ਾਲਸਾ ਮਿਡਲ ਸਕੂਲ ਬੜਾ ਬਾਜ਼ਾਰ ਨੂੰ ਪੰਜਾਹ ਲੱਖ ਰੁਪਏ, ਸਿੱਖ ਸੰਗਮ ਸਿੰਘ, ਪੰਜਾਬੀ ਕਾਲੋਨੀ ਬੜਾ ਬਾਜ਼ਾਰ ਨੂੰ ਦੁਕਾਨ ਦੇ ਹੋਏ ਨੁਕਸਾਨ ਲਈ 2 ਲੱਖ ਰੁਪਏ, ਗੁਰਮੀਤ ਸਿੰਘ ਨੂੰ ਤਿੰਨ ਲੱਖ ਰੁਪਏ ਜਿਸ ਦੇ ਸਕੂਟੀ ਸ਼ੋਅ ਰੂਮ ਨੂੰ ਅੱਗ ਲਾ ਦਿਤੀ ਗਈ ਸੀ। ਇਕ ਟਰੱਕ ਦੇ ਮਾਲਕ ਸੱਤਪਾਲ ਸਿੰਘ ਨੂੰ ਪੰਜ ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਸੀ। ਹੁੜਦੰਗੀਆਂ ਨੇ ਸੱਤਪਾਲ ਸਿੰਘ ਦੇ ਟਰੱਕ ਨੂੰ ਅੱਗ ਲਾ ਦਿਤੀ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਿਲੌਂਂਗ ਦੇ ਪੀੜਤ ਸਿੱਖ ਪਰਵਾਰਾਂ ਨੂੰ ਆਰਥਕ ਮਦਦ ਦੇਣ ਦੇ ਇਸ ਮਤੇ ਦੇ ਮੁਕਾਬਲੇ ਸ਼੍ਰੋਮਣੀ ਕਮੇਟੀ ਵਲੋਂ ਦਿਤੀ ਗਈ ਆਰਥਕ ਮਦਦ ਕੁੱਝ ਵੀ ਨਹੀ ਹੈ। ਸਗੋਂ ਪੀੜਤ ਸਿੱਖ ਪਰਵਾਰਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਜਿਸ ਕਰ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੁਕਸਾਨ ਦੇ ਹਿਸਾਬ ਨਾਲ ਹੋਰ ਮਦਦ ਦੇਣੀ ਚਾਹੀਦੀ ਸੀ।