ਪੰਥਕ ਅਸੂਲਾਂ ਦਾ ਮਜ਼ਾਕ ਉਡਾਉਣ ਵਾਲੇ ਸਾਬਕਾ ਪ੍ਰੋਫ਼ੈਸਰ ਦਾ ਮਾਮਲਾ ਦਮਦਮੀ ਟਕਸਾਲ ਕੋਲ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਦਿਆਰਥੀ ਬਿਕਰਮਜੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦੋ ਵੱਖ ਵੱਖ ਮੰਗ ਪੱਤਰ ਸੌਂਪੇ

Harnam Singh Dhumma and University students

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਥ ਵਿਚੋਂ ਛੇਕੇ ਜਾ ਚੁੱਕੇ ਨਿਊਜੀਲੈਡ ਵਾਸੀ ਹਰਨੇਕ ਨੇਕੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਇਕ ਸਾਬਕਾ ਪ੍ਰੋਫ਼ੈਸਰ ਵਲੋਂ ਅਪਣੀ ਗ਼ਲਤ ਪਛਾਣ ਦਸ ਕੇ ਗੂਹੜੀ ਸਾਂਝ ਪਾਉਂਦਿਆਂ ਰੋਡੀਉ ’ਤੇ ਗੱਲਬਾਤ ਦੌਰਾਨ ਯੂਨੀ. ਦੇ ਗੁਰਸਿੱਖ ਵਿਦਿਆਰਥੀਆਂ, ਗੁਰੂ ਸਿਧਾਂਤ, ਗੁਰੂ ਸਾਹਿਬਾਨ ਅਤੇ ਦਮਦਮੀ ਟਕਸਾਲ ਪ੍ਰਤੀ ਗ਼ਲਤ ਸ਼ਬਦਾਵਲੀ ਵਰਤਦਿਆਂ ਮਜ਼ਾਕ ਉਡਾਉਣ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਅਤੇ ਦਮਦਮੀ ਟਕਸਾਲ ਕੋਲ ਪਹੁੰਚ ਗਿਆ ਹੈ। 

ਗੁਰੂ ਨਾਨਕ ਦੇਵ ਯੂਨੀਵਰਸਟੀ ’ਚ ਪੀ ਐਚ ਡੀ ਸਕਾਲਰ ਗੁਰਵਿੰਦਰ ਸਿੰਘ ਅਤੇ ਧਾਰਮਕ ਅਧਿਐਨ ਦੇ ਵਿਦਿਆਰਥੀ ਬਿਕਰਮਜੀਤ ਸਿੰਘ ਵਲੋਂ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦੋ ਵੱਖ ਵੱਖ ਮੰਗ ਪੱਤਰ ਸੌਂਪਿਆ ਗਿਆ ਜਿਸ ਵਿਚ ਡੂੰਘੀ ਸਾਜ਼ਸ਼ ਤਹਿਤ ਨੇਕੀ ਨਾਲ ਸਾਂਝ ਪਾਉਂਦਿਆਂ ਗੁਰਸਿੱਖੀ ਦਾ ਮਜ਼ਾਕ ਉਡਾਉਣ ਵਾਲੇ ਯੂਨੀ. ਦੇ ਸਾਬਕਾ ਧਾਰਮਕ ਪ੍ਰੋਫ਼ੈਸਰ ਵਿਰੁਧ ਸਿੱਖੀ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਦੋਸ਼ੀ ਵਿਰੁਧ ਕਾਰਵਾਈ ਕਰਨ ਲਈ ਸ਼ਿਕਾਇਤ ਕੀਤੀ ਗਈ।

ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਯੂਨੀਵਰਸਟੀ ਦੇ ਇਕ ਸਾਬਕਾ ਪ੍ਰੋਫ਼ੈਸਰ ਨੇ ਨੇਕੀ ਨਾਲ ਉਸ ਦੀ ਰੇਡੀਉ ਵਿਰਸਾ ’ਤੇ ਗੱਲ ਕਰਦਿਆਂ ਡੂੰਘੀ ਸਾਜ਼ਸ਼ ਤਹਿਤ ਅਪਣੇ ਆਪ ਨੂੰ ਸਕਾਲਰ ਗੁਰਵਿੰਦਰ ਸਿੰਘ ਦਸਿਆ ਅਤੇ ਯੂਨੀਵਰਸਟੀ ’ਚ ਪੜ੍ਹ ਰਹੇ ਗੁਰਸਿੱਖ ਵਿਦਿਆਰਥੀਆਂ, ਗੁਰੂ ਸਾਹਿਬਾਨ ਅਤੇ ਦਮਦਮੀ ਟਕਸਾਲ ਪ੍ਰਤੀ ਭਦੀ ਸ਼ਬਦਾਵਲੀ ਵਰਤਦਿਆਂ ਉਨ੍ਹਾਂ ਦੇ ਸ਼ਾਨ ਵਿਰੁਧ ਗੱਲਾਂ ਕੀਤੀਆਂ। ਗ਼ਲਤਫ਼ਹਿਮੀ ਅਤੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰਦਿਆਂ ਧਾਰਮਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਗਈ। ਮੰਗ ਪੱਤਰ ‘ਜਥੇਦਾਰ’ ਦੇ ਪੀ ਏ ਜਸਪਾਲ ਸਿੰਘ ਨੇ ਹਾਸਲ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਵਿਰੁਧ ਕਾਰਵਾਈ ਦਾ ਭਰੋਸਾ ਦਿਤਾ ਗਿਆ ਹੈ। 

ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਗੁਰੂ ਸਿਧਾਂਤ ਦਾ ਨਿਰਾਦਰ ਕਰਨ ਲਈ ਉਕਤ ਸਾਬਕਾ ਪ੍ਰੋਫ਼ੈਸਰ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਸਿੱਖੀ ਭੇਸ ’ਚ ਗੁਰਮਤਿ ਵਿਰੋਧੀ ਪ੍ਰਚਾਰ ਅਤੇ ਸਾਜ਼ਸ਼ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਖ਼ਾਸਕਰ ਯੂਨੀਵਰਸਟੀ ਵਰਗੇ ਅਹਿਮ ਤੇ ਉਚ ਸਿਖਿਆ ਸੰਸਥਾਵਾਂ ’ਚ ਅਧਿਆਪਨ ਕਾਰਜ ’ਚ ਲੱਗੇ ਜ਼ਿੰਮੇਵਾਰ ਵਿਅਕਤੀਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਕਦੇ ਵੀ ਨਹੀਂ ਦਿਤੀ ਜਾ ਸਕਦੀ। ਉਨ੍ਹਾਂ ਨੇਕੀ ਅਤੇ ਉਕਤ ਪ੍ਰੋਫ਼ੈਸਰ ਦੀ ਡੂੰਘੀ ਸਾਜ਼ਸ਼ ਅਤੇ ਪੰਥ ਵਿਰੋਧੀ ਤਾਕਤਾਂ ਪ੍ਰਤੀ ਵਿਦਿਆਰਥੀਆਂ ਵਲੋਂ ਸੁਚੇਤ ਰਹਿਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਹ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਣਗੇ ਅਤੇ ਦੋਸ਼ੀਆਂ ਦੀ ਸਾਰੀ ਸਚਾਈ ਜਲਦ ਸੰਗਤ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਅਤੇ ਯੂਨੀ. ਦੇ ਵੀ ਸੀ ਸ: ਜਸਪਾਲ ਸਿੰਘ ਨੂੰ ਵੀ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਅਤੇ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਦੋਸ਼ੀ ਵਿਰੁਧ ਕਾਰਵਾਈ ਕਰਨ ਲਈ ਕਿਹਾ।