ਭਾਈ ਮੰਡ ਨੂੰ ਸ੍ਰੀ ਦਰਬਾਰ ਸਾਹਿਬ 'ਚ ਜਾਣ ਤੋਂ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਵਖਰੀ ਸਟੇਜ ਲਗਾਵਾਂਗੇ : ਭਾਈ ਮੰਡ

Bhai Dhian Singh Mand prevented going to Sri Darbar Sahib

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਸਮੂਹ ਦੀ ਸੁਰੱਖਿਆ ਲਈ ਤੈਨਾਤ ਸੁਰੱਖਿਆ ਬਲਾਂ ਨੇ ਦੀਵਾਲੀ ਮੌਕੇ ਸੰਗਤ ਦੇ ਨਾਮ ਸੰਦੇਸ਼ ਦੇਣ ਲਈ ਪੁੱਜੇ ਸਰੱਬਤ ਖ਼ਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਦਾਖ਼ਲ ਨਹੀਂ ਹੋਣ ਦਿਤਾ ਜਿਸ ਤੋਂ ਬਾਅਦ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਪਲਾਜ਼ਾ ਦੇ ਬਾਹਰ ਹੀ ਸੰਗਤ ਦੇ ਨਾਮ ਸੰਦੇਸ਼ ਜਾਰੀ ਕੀਤਾ।

ਅਪਣੇ ਸੰਦੇਸ਼ ਵਿਚ ਭਾਈ ਮੰਡ ਨੇ ਕਿਹਾ ਕਿ ਗੁਰਦਵਾਰਾ ਪ੍ਰਬੰਧ ਤੇ ਕਾਬਜ਼ ਮਸੰਦਾਂ ਨੂੰ ਹਟਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨਾਲ ਹੀ ਦੁਹਰਾਇਆ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਕੇਂਦਰੀ ਕਮੇਟੀ ਹੈ ਤੇ ਅਸੀ ਉਸ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਵਿਚ ਦੂਜੀ ਵਾਰ ਵਾਕਿਆ ਵਾਪਰਿਆ ਹੈ। ਇਸ ਤੋਂ ਪਹਿਲਾਂ ਵੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਵੀ ਸ੍ਰੀ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ। ਭਾਈ ਜਗਤਾਰ ਸਿੰਘ ਹਵਾਰਾ ਦਾ ਅਤੇ ਉਨ੍ਹਾਂ ਦਾ ਸੰਦੇਸ਼ ਵਖਰਾ ਵਖਰਾ ਹੋਣ ਬਾਰੇ ਪੁਛੇ ਇਕ ਸਵਾਲ ਦੇ ਜਵਾਬ ਵਿਚ ਭਾਈ ਮੰਡ ਨੇ ਕਿਹਾ ਕਿ ਭਾਈ ਹਵਾਰਾ ਸਾਡੇ 'ਜਥੇਦਾਰ' ਹਨ, ਪਰ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਕੋਈ ਸੰਦੇਸ਼ ਜਾਰੀ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਆਪਸੀ ਤਾਲਮੇਲ ਵਿਚ ਵੱਡਾ ਅੜਿੱਕਾ ਆਪਸ ਵਿਚ ਮੁਲਾਕਾਤ ਨਾ ਹੋਣਾ ਹੈ। ਭਾਈ ਹਵਾਰਾ ਸਾਰੀ ਕੌਮ ਦੇ ਜਥੇਦਾਰ ਹਨ। ਉਨ੍ਹਾਂ ਕਿਹਾ ਕਿ ਮੇਰੇ ਕੋਲ ਭਾਈ ਹਵਾਰਾ ਦਾ ਕੋਈ ਸੰਦੇਸ਼ ਨਹੀਂ ਹੈ ਜੇ ਹੁੰਦਾ ਤਾਂ ਮੈਂ ਉਹ ਵੀ ਪੜ੍ਹ ਦੇਣਾ ਸੀ।

ਉਨ੍ਹਾਂ ਕਿਹਾ,''ਹਰ ਗੱਲ ਦੀ ਇਕ ਮਾਣ ਮਰਿਆਦਾ ਹੁੰਦੀ ਹੈ ਮੈਂ ਬਤੌਰ ਕਾਰਜਕਾਰੀ ਜਥੇਦਾਰ ਕਦੇ ਵੀ ਤਖ਼ਤ ਦੀ ਮਾਣ ਮਰਿਆਦਾ ਤੋਂ ਲਾਂਭੇ ਨਹੀਂ ਗਿਆ।'' ਉਨ੍ਹਾਂ ਭਾਈ ਹਵਾਰਾ ਦੀ 21 ਮੈਂਬਰੀ ਕਮੇਟੀ 'ਤੇ ਗੱਲ ਕਰਦਿਆਂ ਕਿਹਾ ਕਿ ਕਮੇਟੀਆਂ ਬਣਦੀਆਂ ਤੇ ਟੁਟਦੀਆਂ ਰਹਿੰਦੀਆਂ ਹਨ। ਭਾਈ ਮੰਡ ਨੇ ਦਾਅਵਾ ਕੀਤਾ ਕਿ 22 ਸਿੰਘਾਂ ਦੀ ਰਿਹਾਈ ਲਈ ਬਰਗਾੜੀ ਮੋਰਚਾ ਦੀ ਮੁੱਖ ਭੂਮਿਕਾ ਹੈ। ਇਹ ਸੂਚੀ ਅਸੀ ਹੀ ਬਰਗਾੜੀ ਮੋਰਚੇ ਦੌਰਾਨ ਸਰਕਾਰ ਨੂੰ ਦਿਤੀ ਸੀ। ਜੇਲਾਂ ਵਿਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਅਸੀ ਵੀ ਇਕ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਅਗਲੇ ਦਿਨਾਂ ਵਿਚ ਰਾਸ਼ਟਰਪਤੀ ਅਤੇ ਗਵਰਨਰ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਸੀ ਸੁਲਤਾਨਪੁਰ ਲੋਧੀ ਵਿਖੇ ਵਖਰੀ ਸਟੇਜ ਲਗਾਵਾਂਗੇ ਤੇ ਉਸ ਸਟੇਜ ਤੋਂ ਅਸੀ ਸਾਰੀਆਂ ਧਿਰਾਂ ਨੂੰ ਬੋਲਣ ਦਾ ਮੌਕਾ ਦਿਆਂਗੇ। ਭਾਈ ਮੰਡ ਨੇ ਕਿਹਾ ਕਿ ਸਾਡੀ ਸਟੇਜ ਪੰਥ ਦੀ ਸਟੇਜ ਹੋਵੇਗੀ। ਇਸ ਮੌਕੇ ਭਾਈ ਮੋਹਕਮ ਸਿੰਘ, ਸਰੱਬਤ ਖ਼ਾਲਸਾ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਅਤੇ ਭਾਈ ਸਤਨਾਮ ਸਿੰਘ ਮਨਾਵਾ ਦੇ ਨਾਲ ਨਾਲ ਭਾਈ ਮੰਡ ਦੇ ਸਮਰਥਕ ਵੀ ਹਾਜ਼ਰ ਸਨ।

ਭਾਈ ਮੰਡ ਨੇ ਅਪਣੀ ਤੁਲਨਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ ਕੀਤੀ :
ਬੰਦੀ ਛੋੜ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੇ ਨਾਮ ਸੰਦੇਸ਼ ਜਾਰੀ ਕਰਨ ਲਈ ਪੁੱਜੇ ਭਾਈ ਧਿਆਨ ਸਿੰਘ ਮੰਡ ਨੇ ਅਪਣੀ ਤੁਲਨਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ ਕਰ ਦਿਤੀ। ਭਾਈ ਮੰਡ ਜਿਵੇਂ ਹੀ ਸ੍ਰੀ ਦਰਬਾਰ ਸਾਹਿਬ ਪਲਾਜ਼ਾ ਵਿਖੇ ਪੁੱਜੇ ਤਾਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕ ਲਿਆ ਜਿਸ 'ਤੇ ਥੋੜੀ ਬਹਿਸ ਹੋਈ ਤੇ ਉਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪਲਾਜ਼ਾ ਵਿਚ ਖੜ ਕੇ ਸੰਦੇਸ਼ ਜਾਰੀ ਕਰਨ ਲਈ ਸਮਾਂ ਦੇ ਦਿਤਾ। ਅਪਣੇ ਸੰਦੇਸ਼ ਤੋਂ ਪਹਿਲਾਂ ਬੋਲਦਿਆਂ ਭਾਈ ਮੰਡ ਨੇ ਕਿਹਾ ਕਿ ਇਹ ਇਤਿਹਾਸ ਵਿਚ ਦੂਜੀ ਵਾਰ ਵਾਪਰਿਆ ਹੈ ਕਿ ਮਸੰਦਾਂ ਨੇ ਸ੍ਰੀ ਦਰਬਾਰ ਸਾਹਿਬ ਜਾਣ ਤੋਂ ਕਿਸੇ ਨੂੰ ਰੋਕਿਆ ਹੋਵੇ। ਪਹਿਲਾਂ ਮਸੰਦਾਂ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਸ੍ਰੀ ਦਰਬਾਰ ਸਾਹਿਬ ਜਾਣ ਤੋਂ ਰੋਕਿਆ ਸੀ ਤੇ ਹੁਣ ਆਧੁਨਿਕ ਮਸੰਦਾਂ ਨੇ ਸਾਨੂੰ ਰੋਕਿਆ ਹੈ। ਭਾਈ ਮੰਡ ਦੇ ਮੂੰਹੋ ਵਾਰ-ਵਾਰ ਇਹ ਗੱਲ ਸੁਣ ਕੇ ਸੰਗਤਾਂ ਵੀ ਸ਼ਸੋਪੰਜ ਵਿਚ ਸਨ ਕਿ ਖ਼ੁਦ ਨੂੰ ਮਰਿਆਦਾ ਪ੍ਰਸ਼ੋਤਮ ਦਸਣ ਵਾਲੇ ਭਾਈ ਮੰਡ ਕੀ ਕਹਿ ਰਹੇ ਹਨ।