ਸ਼੍ਰੋਮਣੀ ਕਮੇਟੀ ਦਾ ਮੁੱਖ ਦਫ਼ਤਰ ਬਾਦਲ ਪਰਵਾਰ ਦੇ ਨਿਜੀ ਦਫ਼ਤਰ ਵਜੋਂ ਕੰਮ ਕਰ ਰਿਹੈ: ਭਾਈ ਰਣਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਸੰਗਤ ਵਲੋਂ ਦਾਨ ਕੀਤੇ ਪੈਸੇ ਦੀ ਵੱਡੀ ਪੱਧਰ 'ਤੇ ਦੁਰਵਰਤੋਂ ਹੋ ਰਹੀ ਹੈ

Bhai Ranjit Singh

ਡੇਹਲੋਂ : ਲਾਗਲੇ ਪਿੰਡ ਕਿਲ੍ਹਾ ਰਾਏਪੁਰ ਵਿਖੇ ਇਲਾਕੇ ਦੀਆਂ ਧਾਰਮਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨਾਲ ਇਕ ਮੀਟਿੰਗ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਹੈ ਕਿ ਉਹ ਖ਼ਾਲਿਸਤਾਨ ਦੇ ਹਮਾਇਤੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਾਡੇ ਵੀਰ ਖ਼ਾਲਿਸਤਾਨ ਦੇ ਨਾਹਰੇ ਮਾਰ ਕੇ ਚਲੇ ਜਾਂਦੇ ਹਨ ਉਨ੍ਹਾਂ ਨੂੰ ਸਾਡੇ ਗੁਰਧਾਮਾਂ ਨੂੰ ਬਾਦਲ ਪਰਵਾਰ ਦੇ ਚੁੰਗਲ ਵਿਚੋਂ ਬਾਹਰ ਕਰਵਾਉਣ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮੁੱਖ ਦਫ਼ਤਰ ਬਾਦਲ ਪਰਵਾਰ ਦੇ ਨਿਜੀ ਦਫ਼ਤਰ ਵਜੋਂ ਕੰਮ ਕਰ ਰਿਹਾ ਹੈ ਜਦਕਿ ਕੌਮ ਨੂੰ ਹੁਣ ਅਪਣੇ ਧਾਰਮਕ ਸਥਾਨਾਂ ਦੀ ਸਾਂਭ ਸੰਭਾਲ ਲਈ ਆਪ ਅੱਗੇ ਹੋ ਕੇ ਆਰ.ਐਸ.ਐਸ ਦੇ ਹੱਥਾਂ ਵਿਚ ਖੇਡ ਕੇ ਕੌਮ ਦਾ ਨੁਕਸਾਨ ਕਰਨ ਵਾਲੇ ਬਾਦਲ ਪਰਵਾਰ ਨੂੰ ਲਾਂਭੇ ਕਰਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਕਰੀਬ ਸਵਾ ਕਰੋੜ ਰੁਪਏ ਦੀ ਗੋਲਕ ਸ੍ਰੀ ਹਰਿਮੰਦਰ ਸਾਹਿਬ ਦੀ ਅਤੇ ਸਵਾ ਕਰੋੜ ਦੀ ਸ਼ਹੀਦ ਬਾਬਾ ਦੀਪ ਸਿੰਘ ਗੁਰਦਵਾਰਾ ਸਾਹਿਬ ਦੀ ਰੋਜ਼ਾਨਾ ਦੀ ਹੈ ਜਦਕਿ ਪ੍ਰਸ਼ਾਦ ਦੀ ਆਮਦਨ ਗੋਲਕ ਤੋਂ ਕਿਤੇ ਜ਼ਿਆਦਾ ਹੈ। ਜੇਕਰ ਪ੍ਰਸ਼ਾਦ ਦੀ ਆਮਦਨ ਗੋਲਕ ਬਰਾਬਰ ਮੰਨ ਕੇ ਚਲਿਆ ਜਾਵੇ ਤਾਂ 5 ਕਰੋੜ ਦੋਨੋਂ ਗੁਰਦਵਾਰਿਆਂ ਦੀ ਰੋਜ਼ ਦੀ ਆਮਦਨ ਬਣਦੀ ਹੈ ਜੋ ਕਿ ਸਾਲ ਦੀ 18 ਸੌ ਕਰੋੜ ਬਣਦੀ ਹੈ ਜਦਕਿ ਸ਼੍ਰੋਮਣੀ ਕਮੇਟੀ ਅਧੀਨ ਚਲ ਰਹੇ ਹੋਰ ਗੁਰਦਵਾਰਿਆਂ ਤੋਂ ਇਲਾਵਾ 4000 ਏਕੜ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਹੈ ਪਰ ਫਿਰ ਸ਼੍ਰੋਮਣੀ ਕਮੇਟੀ ਵਲੋਂ 1200 ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਜਿਸ ਤੋਂ ਪਤਾ ਚਲਦਾ ਹੈ ਕਿ ਸੰਗਤ ਵਲੋਂ ਦਾਨ ਕੀਤੇ ਪੈਸੇ ਦੀ ਵੱਡੀ ਪੱਧਰ 'ਤੇ ਦੁਰਵਰਤੋਂ ਹੋ ਰਹੀ ਹੈ।

ਸਾਬਕਾ ਜਥੇਦਾਰ ਨੇ ਕਿਹਾ ਕਿ ਜਿੰਨਾ ਚਿਰ ਬਾਦਲ ਪਰਵਾਰ ਤੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਨਹੀਂ ਕਰਵਾਇਆ ਜਾਂਦਾ ਉਦੋਂ ਤਕ ਉਹ ਚੈਨ ਨਾਲ ਨਹੀਂ ਬੈਠਣਗੇ। ਇਸ ਮੌਕੇ ਰਣਜੀਤ ਸਿੰਘ ਰਾਣਾ, ਅਵਤਾਰ ਸਿੰਘ ਗਰੇਵਾਲ, ਸੁਖਪਾਲ ਸਿੰਘ, ਗੁਰਦੀਪ ਸਿੰਘ, ਹਰਮਿੰਦਰ ਸਿੰਘ ਬਿੱਲੂ, ਬਾਬਾ ਰਾਮ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।