ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਉਢੀ ਆਵੇਗੀ ਪਹਿਲੇ ਰੂਪ 'ਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਾਮਲੇ ਸਬੰਧੀ ਵਿਰਾਸਤੀ ਕਮੇਟੀ ਦੀ ਇਕੱਤਰਤਾ ਅੱਜ

Darshani Deori

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਤਰਨ-ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉਢੀ ਜਿਸ ਦੇ ਕੁੱਝ ਹਿੱਸੇ ਨੂੰ ਰਾਤ ਦੇ ਹਨੇਰੇ ਵਿਚ ਢਾਹ ਦਿਤਾ ਗਿਆ ਸੀ, ਨੂੰ ਦੁਬਾਰਾ ਪਹਿਲਾਂ ਦੀ ਤਰ੍ਹਾਂ ਵਿਰਾਸਤੀ ਮਾਹਰਾਂ ਦੀ ਰਾਇ ਅਨੁਸਾਰ ਪੁਨਰ ਸੁਰਜੀਤ ਕੀਤਾ ਜਾਵੇਗਾ। ਮੁੱਖ ਸਕੱਤਰ ਡਾ. ਰੂਪ ਸਿੰਘ ਨੇ  ਦਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਕ 11 ਮੈਂਬਰੀ ਵਿਰਾਸਤੀ ਕਮੇਟੀ ਦਾ ਗਠਨ ਕੀਤਾ ਸੀ।

ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਕਰਮਜੀਤ ਸਿੰਘ ਚਾਹਲ, ਸੱਜਣ ਸਿੰਘ, ਕੁਲਬੀਰ ਸਿੰਘ ਸ਼ੇਰਗਿੱਲ ਪ੍ਰੋਫ਼ੈਸਰ ਰਾਵਲ ਸਿੰਘ ਆਰਕੀਟੈਕਟ ਆਦਿ ਸ਼ਾਮਲ ਸਨ, ਇਨ੍ਹਾਂ ਦੀ ਵੀ ਅੱਜ 30 ਮਈ ਨੂੰ ਇਕੱਤਰਤਾ ਬੁਲਾਈ ਗਈ ਹੈ ਤਾਕਿ ਇਹ ਕਾਰਜ ਜਲਦੀ ਤੋਂ ਜਲਦੀ ਆਰੰਭ ਹੋ ਸਕੇ। ਵਿਰਾਸਤੀ ਕਮੇਟੀ ਦੀ ਰੀਪੋਰਟ ਅਨੁਸਾਰ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਉਸੇ ਰੂਪ ਵਿਚ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਮਾਹਰਾਂ ਦੀ ਰੀਪੋਰਟ ਉਤੇ ਅਮਲ ਕਰਦਿਆਂ ਅਤੇ ਉਨ੍ਹਾਂ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਇਸ ਦੀ ਪੁਨਰ ਸੁਰਜੀਤੀ ਦਾ ਕਾਰਜ ਜਲਦੀ ਹੀ ਆਰੰਭ ਕੀਤਾ ਜਾਵੇਗਾ।

ਦਰਸ਼ਨੀ ਡਿਊੜੀ ਸਬੰਧੀ ਬਣਾਈ ਪੜਤਾਲੀਆਂ ਕਮੇਟੀ ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ ਤੇ  ਗੁਰਮੀਤ ਸਿੰਘ ਬੂਹ ਸ਼ਾਮਲ ਹਨ, ਦੀ ਵੀ 30 ਮਈ ਨੂੰ ਸਵੇਰੇ 11:00 ਵਜੇ ਇਕੱਤਰਤਾ ਬੁਲਾ ਲਈ ਗਈ ਹੈ। ਦਸਣਯੋਗ ਹੈ ਕਿ ਉਪਰੋਕਤ ਕਮੇਟੀਆਂ ਦੀ ਪਹਿਲਾਂ ਵੀ ਸੁਹਿਰਦਤਾ ਨਾਲ ਇਕੱਤਰਤਾਵਾਂ ਹੋ ਚੁਕੀਆਂ ਹਨ। 

ਡਾ. ਰੂਪ ਸਿੰਘ ਦਸਿਆ ਕਿ ਪੁਨਰ ਸੁਰਜੀਤੀ ਇਕ ਤਕਨੀਕੀ ਕਾਰਜ ਹੈ, ਇਹ ਕਾਰਜ ਵਿਰਾਸਤੀ ਮਾਹਰਾਂ ਦੀ ਰਾਇ ਅਨੁਸਾਰ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤੀ ਇਮਾਰਤਾਂ ਨੂੰ ਢਾਹੁਣ ਵਿਚ ਸਮਾਂ ਨਹੀਂ ਲਗਦਾ ਪਰ ਪੁਨਰ ਸੁਰਜੀਤੀ ਅਤੇ ਰੱਖ-ਰਖਾਵ ਵਿਚ ਇਸ ਦੇ ਵਿਸ਼ੇ ਮਾਹਰਾਂ ਦੀ ਰਾਇ ਅਨੁਸਾਰ ਹੀ ਕਾਰਜਸ਼ੀਲ ਰਿਹਾ ਜਾ ਸਕਦਾ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੂਰੀ ਸੰਜੀਦਗੀ ਅਤੇ ਸੁਹਿਰਦਤਾ ਨਾਲ ਵਿਰਾਸਤੀ ਇਮਾਰਤਾਂ, ਵਿਰਾਸਤੀ ਵਸਤਾਂ ਅਤੇ ਦਰੱਖ਼ਤਾਂ ਦੀ ਸਾਂਭ-ਸੰਭਾਲ ਲਈ ਵਚਨਬੱਧ ਹੈ।