ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ 'ਤੇ ਕਰਵਾਈਆਂ ਜਾਣਗੀਆਂ : ਫੂਲਕਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 2016 ਵਿਚ ਹੋਣੀਆਂ ਸਨ ਪਰ ਬਾਦਲਾਂ ਦੇ ਦਬਾਅ ਕਰ ਕੇ ਨਹੀਂ ਹੋ ਰਹੀਆਂ।

HS Phoolka

ਚੰਡੀਗੜ੍ਹ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 2016 ਵਿਚ ਹੋਣੀਆਂ ਸਨ ਪਰ ਬਾਦਲਾਂ ਦੇ ਦਬਾਅ ਕਰ ਕੇ ਨਹੀਂ ਹੋ ਰਹੀਆਂ। ਕਲ ਮੀਡੀਆ ਨਾਲ ਗੱਲਬਾਤ ਕਰਦਿਆਂ ਸ.ਐਚ.ਐਸ. ਫੂਲਕਾ ਨੇ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ 'ਤੇ ਕਰਵਾਈਆਂ ਜਾਣਗੀਆਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਕਾਰਜਕਾਲ ਖ਼ਤਮ ਹੋਏਗਾ।

ਫੂਲਕਾ ਨੇ ਸੁਖਬੀਰ ਬਾਦਲ ਨੂੰ ਇਹ ਯਾਦ ਕਰਵਾਇਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਲ ਦਸੰਬਰ 2016 ਵਿਚ ਹੀ ਖ਼ਤਮ ਹੋ ਗਿਆ ਸੀ ਤੇ ਇਸ ਗੱਲ ਦੀ ਪੁਸ਼ਟੀ ਖ਼ੁਦ ਪ੍ਰਧਾਨ ਮੰਤਰੀ ਨੇ ਸ. ਫੂਲਕਾ ਨੂੰ ਲਿਖੀ ਚਿੱਠੀ ਵਿਚ ਕੀਤੀ ਹੈ। ਅਕਤੂਬਰ-2018 ਵਿਚ ਪ੍ਰਧਾਨ ਮੰਤਰੀ ਵਲੋਂ ਫੂਲਕਾ ਦੀ ਚਿੱਠੀ ਦਾ ਜਵਾਬ ਆਇਆ ਸੀ ਜਿਸ ਵਿਚ ਪ੍ਰਧਾਨ ਮੰਤਰੀ ਵਲੋਂ ਇਹ ਪੁਸ਼ਟੀ ਕੀਤੀ ਗਈ ਸੀ ਕਿ ਮੌਜੂਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਲ ਦਸੰਬਰ 2016 ਵਿਚ ਖ਼ਤਮ ਹੋ ਗਿਆ ਹੈ ਤੇ ਨਵੀਆਂ ਚੋਣਾਂ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।

ਕੇਂਦਰ ਸਰਕਾਰ ਨੇ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਯੁਕਤੀ ਕਰਨ ਲਈ ਹਾਈ ਕੋਰਟ ਤੋਂ ਜੱਜਾਂ ਦੇ ਪੈਨਲ ਦੀ ਮੰਗ ਕੀਤੀ ਹੈ। ਇਹ ਚੋਣਾਂ 2016 ਤੋਂ ਬਾਦਲਾਂ ਦੇ ਕੇਂਦਰ ਸਰਕਾਰ 'ਤੇ ਦਬਾਅ ਪਾਉਣ ਕਰ ਕੇ ਨਹੀਂ ਹੋਈਆਂ। 2016 ਵਿਚ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਮੌਜੂਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗ਼ੈਰ-ਕਾਨੂੰਨੀ ਢੰਗ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਹੈ।

ਫੂਲਕਾ ਨੇ ਦਸਿਆ ਕਿ ਹਾਈ ਕੋਰਟ ਨੇ ਜੱਜਾਂ ਦਾ ਪੈਨਲ ਕੇਂਦਰ ਸਰਕਾਰ ਨੂੰ ਭੇਜ ਦਿਤਾ ਹੈ ਤੇ ਉਮੀਦ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਬਾਅਦ ਗੁਰਦਵਾਰਾ ਚੋਣ ਕਮਿਸ਼ਨ ਦੀ ਨਿਯੁਕਤੀ ਹੋ ਜਾਏਗੀ। ਫੂਲਕਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤਕ ਕੌਮ ਵਿਚ ਕੋਈ ਆਪਸੀ ਵਿਵਾਦ ਖੜਾ ਨਹੀਂ ਹੋਣਾ ਚਾਹੀਦਾ ਅਤੇ ਸਾਰੀ ਕੌਮ ਨੂੰ ਰਲ ਕੇ ਗੁਰਪੁਰਬ ਮਨਾਉਣਾ ਚਾਹੀਦਾ ਹੈ ਤੇ ਇਸ ਲਈ ਗੁਰਪੁਰਬ ਲੰਘਣ ਮਗਰੋਂ ਕੇਂਦਰ ਸਰਕਾਰ ਤੇ ਗੁਰਦਵਾਰਾ ਚੋਣ ਕਮਿਸ਼ਨ ਦੀ ਜਲਦੀ ਨਿਯੁਕਤੀ ਲਈ ਜ਼ੋਰ ਪਾਇਆ ਜਾਵੇ।