ਸ਼੍ਰੋਮਣੀ ਕਮੇਟੀ ਵਲੋਂ 'ਗਾਵਹੁ ਸਚੀ ਬਾਣੀ' ਭਾਗ-3 ਦੀ ਸ੍ਰੀ ਗੁਰੂ ਰਾਮਦਾਸ 'ਵਰਸਿਟੀ ਤੋਂ ਹੋਈ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਵਲ ਆਉਣ ਵਾਲੇ ਕੀਰਤਨਕਾਰਾਂ ਨੂੰ ਦਿਤੀ ਜਾਵੇਗੀ ਵਿਸ਼ੇਸ਼ ਇਨਾਮੀ ਰਾਸ਼ੀ : ਭਾਈ ਲੌਂਗੋਵਾਲ

SGPC

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 16 ਤੋਂ 25 ਸਾਲ ਦੇ ਗੁਰਸਿੱਖ ਪ੍ਰਤੀਯੋਗੀਆਂ ਦੇ ਕੀਰਤਨ ਮੁਕਾਬਲਿਆਂ ਦੀ ਆਰੰਭਤਾ ਅੱਜ ਸ੍ਰੀ ਗੁਰੂ ਰਾਮਦਾਸ ਯੂਨੀਵਰਸਟੀ ਆਫ਼ ਹੈਲਥ ਸਾਇੰਸਿਜ਼ ਵੱਲ੍ਹਾ ਵਿਖੇ ਅਰਦਾਸ ਉਪਰੰਤ ਹੋਈ। ਸ਼੍ਰੋਮਣੀ ਕਮੇਟੀ ਵਲੋਂ 'ਗਾਵਹੁ ਸਚੀ ਬਾਣੀ' ਦੇ ਟਾਈਟਲ ਹੇਠ ਕਰਵਾਏ ਜਾ ਰਹੇ ਇਹ ਤੀਸਰੇ ਕੀਰਤਨ ਮੁਕਾਬਲੇ ਹਨ। ਇਸ ਤੋਂ ਪਹਿਲਾਂ ਦੋ ਭਾਗ ਸਫ਼ਲਤਾ ਪੂਰਵਕ ਕਰਵਾਏ ਜਾ ਚੁਕੇ ਹਨ।

ਕੀਰਤਨ ਮੁਕਾਬਲਿਆਂ ਦੇ ਪਹਿਲੇ ਆਡੀਸ਼ਨ ਦੌਰਾਨ ਅੱਜ 400 ਤੋਂ ਵੱਧ ਪ੍ਰਤੀਯੋਗੀਆਂ ਨੇ ਰਾਗ ਆਧਾਰਤ ਸ਼ਬਦ ਗਾਇਨ ਕਰ ਕੇ ਅਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਪ੍ਰਤੀਯੋਗੀਆਂ ਦੀ ਕਾਰਜ-ਕੁਸ਼ਲਤਾ ਪਰਖਣ ਲਈ ਪ੍ਰਸਿੱਧ ਰਾਗੀ ਭਾਈ ਹਰਜੋਤ ਸਿੰਘ ਜ਼ਖ਼ਮੀ, ਪ੍ਰੋ. ਰਵੇਲ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਨੇ ਨਿਰਣਾਇਕ ਵਜੋਂ ਭੂਮਿਕਾ ਨਿਭਾਈ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਬੀਤੇ ਸਮੇਂ ਦੌਰਾਨ ਕਰਵਾਏ ਗਏ 'ਗਾਵਹੁ ਸਚੀ ਬਾਣੀ' ਦੇ ਸਿਰਲੇਖ ਹੇਠ ਕਰਵਾਏ ਪਹਿਲੇ ਦੋ ਕੀਰਤਨ ਮੁਕਾਬਲਿਆਂ ਨੂੰ ਦੇਸ਼ ਵਿਦੇਸ਼ ਦੀ ਸੰਗਤ ਵਲੋਂ ਭਰਪੂਰ ਹੁਗਾਰਾ ਦਿਤਾ ਗਿਆ ਸੀ ਅਤੇ ਹੁਣ ਸੰਗਤਾਂ ਦੀ ਮੰਗ ਅਨੁਸਾਰ ਇਸ ਪ੍ਰੋਗਰਾਮ ਦੇ ਤੀਸਰੇ ਭਾਗ ਦੀ ਆਰੰਭਤਾ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਜਿਥੇ ਨੌਜੁਆਨ ਪੀੜ੍ਹੀ ਜਿਥੇ ਅਪਣੀ ਗੁਰਮਤਿ ਸੰਗੀਤ ਦੀ ਪ੍ਰਤਿਭਾ ਨੂੰ ਪੇਸ਼ ਕਰੇਗੀ, ਉਥੇ ਹੀ ਇਸ ਨਾਲ ਸਿੱਖ ਵਿਰਸੇ ਅਤੇ ਗੁਰਮਤਿ ਸਭਿਆਚਾਰ ਦਾ ਪ੍ਰਚਾਰ ਪ੍ਰਸਾਰ ਵੀ ਹੋਵੇਗਾ। ਭਾਈ ਲੌਂਗੋਵਾਲ ਨੇ ਦਸਿਆ ਕਿ ਮੁਢਲੇ ਆਡੀਸ਼ਨ ਤਹਿਤ ਚਾਰ ਵੱਖ-ਵੱਖ ਥਾਵਾਂ 'ਤੇ ਨੌਜੁਆਨ ਸਿੱਖ ਕੀਰਤਨ-ਕਾਰਾਂ ਵਿਚੋਂ ਵਿਸ਼ੇਸ਼ ਬੱਚਿਆਂ ਦੀ ਚੋਣ ਕਰ ਕੇ ਅੱਗੇ ਲਿਜਾਇਆ ਜਾਵੇਗਾ ਅਤੇ ਅਖ਼ੀਰ ਵਿਚ ਤਿੰਨ ਅੱਵਲ ਆਏ ਬੱਚਿਆਂ ਨੂੰ ਵੱਡੇ ਇਨਾਮ ਦਿਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ 'ਤੇ ਆਉਣ ਵਾਲੇ ਪ੍ਰਤੀਯੋਗੀ ਨੂੰ ਪੰਜ ਲੱਖ ਰੁਪਏ, ਦੂਸਰੇ ਨੂੰ ਤਿੰਨ ਲੱਖ ਰੁਪਏ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਨੌਜੁਆਨ ਕੀਰਤਨਕਾਰ ਨੂੰ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿਤੀ ਜਾਵੇਗੀ।