ਸੋ ਦਰ ਤੇਰਾ ਕਿਹਾ- ਕਿਸਤ 52

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਇਸ ਸ਼ਬਦ ਵਿਚ ਆਪ ਇਕ ਮਹੱਤਵਪੂਰਨ ਸਵਾਲ ਦਾ ਜਵਾਬ ਬੜੀ ਖ਼ੂਬਸੂਰਤੀ ਨਾਲ ਦੇਂਦੇ ਹਨ ਕਿ ਪ੍ਰਮਾਤਮਾ ਨੂੰ ਮਿਲਿਆ ਕਿਵੇਂ ਜਾ ਸਕਦਾ ਹੈ...

So Dar Tera Keha -52

ਅੱਗੇ...

ਇਸ ਸ਼ਬਦ ਵਿਚ ਆਪ ਇਕ ਮਹੱਤਵਪੂਰਨ ਸਵਾਲ ਦਾ ਜਵਾਬ ਬੜੀ ਖ਼ੂਬਸੂਰਤੀ ਨਾਲ ਦੇਂਦੇ ਹਨ ਕਿ ਪ੍ਰਮਾਤਮਾ ਨੂੰ ਮਿਲਿਆ ਕਿਵੇਂ ਜਾ ਸਕਦਾ ਹੈ? ਬੜੀ ਦੇਰ ਤੋਂ ਧਰਮ ਦੇ ਠੇਕੇਦਾਰਾਂ ਅਤੇ ਪੁਜਾਰੀ ਸ਼੍ਰੇਣੀ ਨੇ ਇਹ ਧੁਮਾਇਆ ਹੋਇਆ ਸੀ ਕਿ ਫ਼ਲਾਣੇ ਪੁਜਾਰੀ, ਬਾਬੇ, ਸੰਤ, ਰਿਸ਼ੀ, ਦੇਵਤੇ, ਬ੍ਰਹਮ ਗਿਆਨੀ, ਬ੍ਰਾਹਮਣ ਆਦਿ ਆਦਿ ਨੇ ਜੰਗਲ ਦੇ ਇਕਾਂਤ ਵਿਚ, ਗੁਫ਼ਾ ਵਿਚ ਬੈਠ ਕੇ, ਅੰਨ ਪਾਣੀ ਤਿਆਗ ਕੇ, ਉਸ ਪ੍ਰਮਾਤਮਾ ਦਾ ਤੱਪ ਕੀਤਾ ਜਿਸ ਤੋਂ ਖ਼ੁਸ਼ ਹੋ ਕੇ ਪ੍ਰਮਾਤਮਾ ਆ ਹਾਜ਼ਰ ਹੋਇਆ ਤੇ ਕਹਿਣ ਲੱਗਾ, ''ਮੈਂ ਬਹੁਤ ਖ਼ੁਸ਼ ਹਾਂ ਤੇਰੇ ਤੋਂ। ਬੋਲ ਕੀ ਮੰਗਦਾ ਹੈਂ? ਤੇਰੀ ਹਰ ਮੰਗ ਪੂਰੀ ਕਰਾਂਗਾ।''

ਕੁੱਝ ਲੋਕਾਂ ਨੇ ਅਜਿਹਾ ਤੱਪ ਕੀਤਾ ਵੀ ਹੋਵੇਗਾ ਪਰ ਬਹੁਤੇ ਪਖੰਡੀਆਂ ਨੇ ਤੱਪ ਦੇ ਝੂਠੇ ਨਾਟਕ ਰੱਚ ਕੇ, ਲੋਕਾਂ ਨੂੰ ਗ਼ਲਤ ਸੁਨੇਹਾ ਦਿਤਾ ਕਿ ਰੱਬ ਨੇ ਉਹਨਾਂ ਦੇ ਤੱਪ ਤੋਂ ਖ਼ੁਸ਼ ਹੋ ਕੇ, ਉਹਨਾਂ ਨੂੰ ਦਰਸ਼ਨ ਦੇ ਦਿਤੇ ਤੇ ਫਿਰ ਉਨ੍ਹਾਂ ਨੂੰ ਵਿਸ਼ੇਸ਼ ਸ਼ਕਤੀਆਂ ਦੇ ਵਰ ਦੇ ਦਿਤੇ ਤੇ ਉਹ ਹੁਣ ਇਨ੍ਹਾਂ ਸ਼ਕਤੀਆਂ ਸਹਾਰੇ, ਲੋਕਾਂ ਦੇ ਕੰਮ ਸੁਆਰ ਸਕਦੇ ਹਨ। ਅਜਿਹੇ ਝੂਠੇ ਦਾਅਵੇ ਕਰ ਕੇ, ਉਹ ਕੇਵਲ ਲੋਕਾਂ ਨੂੰ ਲੁਟਦੇ ਰਹੇ ਤੇ ਪੈਸਾ ਹੀ ਇਕੱਠਾ ਕਰਦੇ ਰਹੇ। ਜਿਸ ਨੂੰ ਰੱਬ ਨੇ ਦਰਸ਼ਨ ਦੇ ਦਿਤੇ ਹੋਣ, ਉਹ ਭਲਾ ਪੈਸੇ ਨੂੰ ਕੀ ਸਮਝੇਗਾ ? ਉਹ ਤਾਂ ਦੁਨੀਆਂ ਭਰ ਦੀ ਦੌਲਤ ਨੂੰ ਵੀ ਮਿੱਟੀ ਤੋਂ ਵੱਧ ਕੁੱਝ ਨਹੀਂ ਸਮਝ ਸਕਦਾ।

ਪਰ ਧਰਮ ਦੇ ਖ਼ੇਮੇ ਵਿਚ ਹੀ ਦੁਨੀਆਂ ਦੇ ਸੱਭ ਤੋਂ ਵੱਡੇ ਚੋਰ, ਠੱਗ ਅਤੇ ਲੁਟੇਰੇ ਬੈਠੇ ਹੋਏ ਮਿਲ ਸਕਦੇ ਹਨ ਕਿਉਂਕਿ ਸ਼ਰਧਾ ਜਾਂ ਅੰਨ੍ਹੀ ਸ਼ਰਧਾ ਦੇ ਓਹਲੇ ਪਿੱਛੇ ਬੈਠੇ ਭੋਲੇ ਭਾਲੇ ਲੋਕਾਂ ਦੀ, ਇਸ ਖ਼ੇਮੇ ਵਿਚ ਕੋਈ ਕਮੀ ਨਹੀਂ, ਜੋ ਧਰਮ ਦੇ ਨਾਂ 'ਤੇ ਲੁੱਟਣ ਵਾਲੇ ਇਨ੍ਹਾਂ ਝੂਠੇ 'ਧਰਮੀਆਂ' ਦੇ ਹਰ ਝੂਠ ਨੂੰ ਮੰਨਣ ਲਈ ਸਦਾ ਤਤਪਰ ਰਹਿੰਦੇ ਹਨ। ਬਾਬਾ ਨਾਨਕ ਕਹਿੰਦੇ ਹਨ, ਅਜਿਹੇ ਦਾਅਵੇ ਨਿਰਾ ਝੂਠ ਹਨ, ਕੋਰੀ ਗੱਪ ਹਨ ਤੇ ਖ਼ਾਲਸ ਬੇਈਮਾਨੀ ਹੈ ਕਿਉਂਕਿ ਜਿੰਨਾ ਮਰਜ਼ੀ ਵੱਡਾ ਤਪ ਕਰ ਲਉ, ਉਸ ਪ੍ਰਮਾਤਮਾ ਨੂੰ ਇਸ ਤਰ੍ਹਾਂ ਹਾਸਲ ਨਹੀਂ ਕੀਤਾ ਜਾ ਸਕਦਾ।

ਅਖੌਤੀ 'ਦਸਮ ਗ੍ਰੰਥ' ਦੇ ਹਮਾਇਤੀ ਜੋ 'ਬਚਿੱਤਰ ਨਾਟਕ' ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ-ਜੀਵਨੀ ਦਸਦੇ ਹਨ, ਉਹ ਪਿਛਲੇ ਜਨਮ ਦੇ 'ਤੱਪ' ਬਦਲੇ ਰੱਬ ਦੇ ਪ੍ਰਗਟ ਹੋਣ ਦੀ ਗੱਪ ਨੂੰ, ਬਾਬੇ ਨਾਨਕ ਦੇ ਸਪੱਸ਼ਟ ਨਿਰਣੇ ਨਾਲ ਟਕਰਾਅ ਕੇ, ਆਪ ਦੀ ਬਾਣੀ ਨੂੰ ਗ਼ਲਤ ਸਾਬਤ ਕਰਨ ਲਈ ਪਤਾ ਨਹੀਂ ਕਿਉਂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ? ਜੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ, ਅਪਣਾ ਕੋਈ ਨਵਾਂ ਧਰਮ ਚਲਾ ਲਿਆ ਸੀ, ਫਿਰ ਤਾਂ ਉਹ ਸਿੱਖੀ ਦੇ ਬਾਨੀ ਦੇ ਨਿਰਣੇ ਦੇ ਉਲਟ ਵੀ ਜਾ ਸਕਦੇ ਸਨ ਪਰ ਜੇ ਉਹ ਬਾਬੇ ਨਾਨਕ ਦਾ ਮੱਤ ਹੀ ਅੱਗੇ ਚਲਾ ਰਹੇ ਸਨ ਤਾਂ ਉਹ ਇਕ ਵੀ ਅਜਿਹੀ ਗੱਲ ਨਹੀਂ ਕਰ ਸਕਦੇ।

ਜੋ ਬਾਬਾ ਨਾਨਕ ਵਲੋਂ ਕੀਤੇ ਫ਼ੁਰਮਾਨ ਦੇ ਉਲਟ ਜਾਣ ਵਾਲੀ ਹੋਵੇ। ਦੁਨੀਆਂ ਦਾ ਕੋਈ ਵੀ ਬਾ-ਹੋਸ਼ ਆਦਮੀ ਇਹ ਮੰਨਣ ਲਈ ਤਿਆਰ ਨਹੀਂ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ 'ਗੁਰੂ' ਕਹਿਣ ਵਾਲਾ, ਆਪ ਕੋਈ ਅਜਿਹੀ ਲਿਖਤ ਲਿਖ ਸਕਦਾ ਹੈ ਜੋ ਬਾਣੀ ਦੇ ਨਿਰਣੇ ਨੂੰ ਕੱਟਣ ਵਾਲੀ ਹੋਵੇ। ਪਰ ਅੱਜ ਇਹੀ ਕੁੱਝ ਹੋ ਰਿਹਾ ਹੈ। 'ਦਸਮ ਗ੍ਰੰਥ' ਤੋਂ ਸੇਧ ਲੈ ਕੇ ਕਦੇ ਬਾਬਾ ਨੰਦ ਸਿੰਘ ਦੇ ਚੇਲੇ ਮਾਣ ਨਾਲ ਦਸਦੇ ਹਨ ਕਿ ਬਾਬਾ ਨੰਦ ਸਿੰਘ ਬੜੇ 'ਮਹਾਨ' ਸਨ ਕਿਉਂÎਕ ਉਹਨਾਂ ਐਨਾ ਸਮਾਂ ਗੁਫ਼ਾ ਵਿਚ ਬਹਿ ਕੇ ਤੱਪ ਕੀਤਾ ਤੇ ਕਦੇ ਦਮਦਮੀ ਟਕਸਾਲ ਦਾ ਰਾਗੀ ਬੜੇ ਫ਼ਖ਼ਰ ਨਾਲ ਟੀਵੀ ਉਤੇ ਦਸਦਾ ਹੈ।

ਕਿ ਦਮਦਮੀ ਟਕਸਾਲ ਦੇ ਸਿੰਘ 18-18 ਦਿਨ, ਬਿਨਾਂ ਅੰਨ ਜੱਲ, ਤੱਪ ਕਰਦੇ ਹਨ। ਅਜਿਹੇ ਦਾਅਵੇ ਕਰਨ ਵਾਲੇ ਜੇ ਸੱਚ ਵੀ ਬੋਲਦੇ ਹਨ ਤਾਂ ਪਹਿਲਾਂ ਇਹ ਤਾਂ ਵੇਖ ਲੈਣ ਕਿ ਉਨ੍ਹਾਂ ਦੇ ਧਰਮ ਦਾ ਬਾਨੀ ਉਨ੍ਹਾਂ ਦੇ ਇਸ ਕਰਮ ਨੂੰ ਨਿੰਦਦਾ ਹੈ ਜਾਂ ਸਲਾਹੁੰਦਾ ਹੈ? ਕੀ ਬਾਬੇ ਨਾਨਕ ਨੇ ਧਰਮ ਦੇ ਖੇਤਰ ਵਿਚ ਤੱਪ ਦੀ ਕੋਈ ਮਹੱਤਤਾ ਮੰਨੀ ਵੀ ਹੈ? ਜੇ ਨਹੀਂ ਤਾਂ ਅੱਜ ਉਸੇ ਬਾਬਾ ਨਾਨਕ ਦੇ ਧਰਮ ਦੇ ਪ੍ਰਚਾਰਕ ਅਖਵਾਉਣ ਵਾਲੇ ਤੇ ਇਸ ਪ੍ਰਚਾਰ ਦੇ ਬਹਾਨੇ, ਕਰੋੜਾਂ ਰੁਪਏ ਇਕੱਤਰ ਕਰਨ ਵਾਲੇ, ਬਾਬਾ ਨਾਨਕ ਤੋਂ ਕਿਉਂ ਨਹੀਂ ਪੁਛ ਲੈਂਦੇ ਕਿ ਬਾਬਾ, ਇਕ ਸਿੱਖ ਲਈ ਤੱਪ ਕਰਨਾ ਤੇ ਤੱਪ ਦੇ ਸੋਹਿਲੇ ਗਾਉਣਾ ਠੀਕ ਵੀ ਹੈ?

ਚਲਦਾ...