ਸੋ ਦਰ ਤੇਰਾ ਕਿਹਾ- ਕਿਸਤ 53

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਬਾਬਾ ਨਾਨਕ ਇਸ ਸ਼ਬਦ ਵਿਚ ਇਸ ਪ੍ਰਸ਼ਨ ਦਾ ਉੱਤਰ ਇਹ ਦੇਂਦੇ ਹਨ ਕਿ ਭਾਈ ਜੇ ਤੇਰੀ ਉਮਰ ਕਰੋੜਾਂ ਸਾਲ ਹੋ ਜਾਏ, ਜੇ ਕੁਦਰਤ ਦੇ ਅਸੂਲ ਦੇ ਉਲ...

So Dar Tera Keha -53

ਅੱਗੇ...

ਬਾਬਾ ਨਾਨਕ ਇਸ ਸ਼ਬਦ ਵਿਚ ਇਸ ਪ੍ਰਸ਼ਨ ਦਾ ਉੱਤਰ ਇਹ ਦੇਂਦੇ ਹਨ ਕਿ ਭਾਈ ਜੇ ਤੇਰੀ ਉਮਰ ਕਰੋੜਾਂ ਸਾਲ ਹੋ ਜਾਏ, ਜੇ ਕੁਦਰਤ ਦੇ ਅਸੂਲ ਦੇ ਉਲਟ, ਤੂੰ ਕੇਵਲ ਹਵਾ ਖਾ ਕੇ ਹੀ ਜੀਊਂਦਾ ਰਹਿ ਸਕੇਂ, ਅਪਣੇ ਆਪ ਨੂੰ ਕਿਸੇ ਗੁਫ਼ਾ ਵਿਚ ਬੰਦ ਕਰ ਲਵੇਂ ਜਿਥੇ ਸੂਰਜ ਅਤੇ ਚੰਨ ਦੀ ਰੋਸ਼ਨੀ ਵੀ ਤੇਰਾ ਧਿਆਨ ਇਧਰ ਉਧਰ ਕਰਨ ਲਈ ਨਾ ਪੁੱਜੇ, ਜੇ ਤੂੰ ਇਹਨਾਂ ਸਾਰੇ ਕਰੋੜਾਂ ਸਾਲਾਂ ਵਿਚ ਕਦੇ ਸੁਪਨੇ ਵਿਚ ਵੀ ਸੌਂ ਨਾ ਸਕਿਆ ਹੋਵੇਂ ਤੇ ਇਹ ਸਾਰਾ ਸਮਾਂ ਕੇਵਲ ਉਸ ਪ੍ਰਮਾਤਮਾ ਨੂੰ ਯਾਦ ਕਰਨ ਲਈ ਤੱਪ ਕਰਨ ਵਿਚ ਲਗਾ ਦੇਵੇਂ, ਤਾਂ ਵੀ ਤੂੰ ਉਸ ਅਕਾਲ ਪੁਰਖ ਨੂੰ ਰਿਝਾ ਨਹੀਂ ਸਕੇਂਗਾ ਕਿਉਂਕਿ ਤੇਰੇ ਇਸ ਲੰਮੇ ਤੱਪ ਦੀ ਉਹਨੂੰ ਕੋਈ ਪ੍ਰਵਾਹ ਨਹੀਂ।

ਹੇ, ਤੱਪ ਰਾਹੀਂ, ਪ੍ਰਮਾਤਮਾ ਦੇ ਨੇੜੇ ਹੋਣ ਦੀ ਚੇਸ਼ਟਾ ਕਰਨ ਵਾਲੇ ਤਪੀ, ਤੂੰ ਉਸ ਦੀ ਵਡਿਆਈ ਨਹੀਂ ਜਾਣਦਾ। ਇਹ ਜਪੁ ਤਪੁ ਉਹਨੂੰ ਤੇਰੇ ਵਲ ਨਹੀਂ ਖਿੱਚ ਸਕਦੇ। ਉਹ ਕੁੱਝ ਹੋਰ ਹੀ ਮੰਗਦਾ ਹੈ। ਦੂਜਿਆਂ ਤੋਂ ਸੁਣ ਸੁਣ ਕੇ ਉਸ ਦੀ ਵਡਿਆਈ ਨਹੀਂ ਜਾਣੀ ਜਾ ਸਕਦੀ। ਜਦੋਂ ਉਹਨੇ ਤੇਰਾ ਨਿਸ਼ਕਾਮ ਪ੍ਰੇਮ ਵੇਖ ਲਿਆ ਤਾਂ ਤੇਰੇ ਵਲੋਂ ਸ੍ਰੀਰ ਨੂੰ ਕਸ਼ਟ ਦਿਤੇ ਬਿਨਾਂ, ਸਹਿਜ ਸੁਭਾਅ ਹੀ ਤੈਨੂੰ ਮਿਲ ਪਵੇਗਾ, ਤੇਰੇ ਵਲ ਖਿਚਿਆ ਆਵੇਗਾ। ਸਿਰੀ ਰਾਗੁ ਦੇ ਪਹਿਲੇ ਸ਼ਬਦ 'ਮੋਤੀ ਤ ਮੰਦਰ ਊਸਰਹਿ' ਵਿਚ ਮਨੁੱਖੀ ਸੋਚ ਦੀਆਂ ਚਾਰ ਉਦਾਹਰਣਾਂ ਦੇ ਕੇ ਫ਼ਰਮਾਇਆ ਗਿਆ ਸੀ।

ਕਿ ਇਨ੍ਹਾਂ ਸਾਰੀਆਂ ਖ਼ਿਆਲੀ ਸੋਚਾਂ ਨੂੰ ਬੂਰ ਪੈ ਵੀ ਜਾਵੇ ਤਾਂ ਵੀ ਉਸ ਅਕਾਲ ਪੁਰਖ ਦੇ ਸਾਹਮਣੇ ਇਹ ਸਾਰੀਆਂ ਸਫ਼ਲਤਾਵਾਂ ਤੁਛ ਹਨ ਤੇ ਹੇ ਭਲੇ ਪੁਰਸ਼! ਸਫ਼ਲਤਾਵਾਂ ਪ੍ਰਾਪਤ ਵੀ ਹੋ ਜਾਣ, ਤਾਂ ਵੀ ਅਕਾਲ ਪੁਰਖ ਨੂੰ ਕਦੇ ਨਾ ਵਿਸਾਰੀਂ ਕਿਉਂਕਿ ਅਕਾਲ ਪੁਰਖ ਦੀ ਕ੍ਰਿਪਾ ਬਿਨਾਂ ਤਾਂ ਮਨੁੱਖ ਦਾ ਇਕ ਪਲ ਲਈ ਵੀ ਚਲਣਾ ਨਾਮੁਮਕਿਨ ਹੈ। ਇਸ ਸ਼ਬਦ ਵਿਚ ਚਾਰ ਉਦਾਹਰਣਾਂ ਦੇ ਕੇ, ਬਾਬਾ ਨਾਨਕ ਫ਼ਰਮਾਉਂਦੇ ਹਨ ਕਿ ਰੱਬ ਨੂੰ ਜਾਣਨ ਤੇ ਉਸ ਨੂੰ ਪ੍ਰਾਪਤ ਕਰਨ ਦੇ ਚਾਰ ਮਾਰਗਾਂ 'ਤੇ ਚਲ ਕੇ ਵੀ ਵੇਖ ਲੈ, ਕਿਸੇ ਵੀ ਮਾਰਗ 'ਤੇ ਚਲ ਕੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕੇਗੀ।

ਕਿਉਂਕਿ ਇਹ ਸਾਰੇ ਮਾਰਗ ਤੈਨੂੰ ਅਪਣੀ ਸ਼ਕਤੀ ਵਿਚ ਵਾਧੇ ਦੀ ਕਾਮਨਾ ਕਰਨ ਵਲ ਪ੍ਰੇਰਦੇ ਹਨ ਜਦਕਿ ਬਾਬੇ ਨਾਨਕ ਦਾ ਦਸਿਆ ਹੋਇਆ ਰਾਹ, ਅਪਣੇ ਲਈ ਸ਼ਕਤੀ ਨਹੀਂ ਮੰਗਦਾ ਸਗੋਂ ਅਪਣੀਆਂ ਸਾਰੀਆਂ ਬਾਹਰੀ ਸ਼ਕਤੀਆਂ ਖ਼ਤਮ ਕਰ ਕੇ, ਇਕੋ ਅੰਦਰਲੀ ਸ਼ੁਧ ਹਿਰਦੇ ਦੀ ਸ਼ਕਤੀ ਨੂੰ ਤਾਕਤ ਦੇਣ ਦੀ ਗੱਲ ਕਰਦਾ ਹੈ ਤਾਕਿ ਬੰਦਾ ਬਾਹਰ ਦੀ ਦੌੜ ਲਾਉਣੀ ਬੰਦ ਕਰ ਕੇ 'ਵੱਸੀ ਰੱਬ ਹੀਆਲੀਏ' ਅਨੁਸਾਰ, ਪ੍ਰਭੂ ਪ੍ਰਮਾਤਮਾ ਨੂੰ ਅਪਣੇ ਅੰਦਰੋਂ ਹੀ ਲੱਭਣ ਦੀ ਸ਼ਕਤੀ ਹਾਸਲ ਕਰੇ ਤੇ ਸਫ਼ਲ ਹੋਵੇ।

ਪਰ ਇਹ ਸੌਖਾ ਰਾਹ ਛੱਡ ਕੇ ਮਨੁੱਖ, ਦੂਜੇ ਔਖੇ ਰਾਹ (ਅਪਣੇ ਸ੍ਰੀਰ ਅਤੇ ਦਿਮਾਗ਼ ਨੂੰ ਦੁਖ ਪਹੁੰਚਾਉਣ ਵਾਲੇ) ਅਪਣਾਉਂਦਾ ਹੈ ਤੇ ਸੋਚਦਾ ਹੈ ਕਿ ਇਨ੍ਹਾਂ ਰਾਹਾਂ 'ਤੇ ਚਲਿਆਂ ਉਹ ਰੱਬ ਦਾ ਸਾਰਾ ਭੇਤ ਪ੍ਰਾਪਤ ਕਰ ਲਵੇਗਾ। ਅਸੀ ਉਪਰ ਵੇਖ ਹੀ ਆਏ ਹਾਂ ਕਿ 'ਜਪੁ ਤਪੁ' ਰਾਹੀਂ ਰੱਬ ਨੂੰ ਪ੍ਰਾਪਤ ਕਰਨ ਵਾਲੇ ਰਾਹ ਦਾ, ਬਾਬਾ ਨਾਨਕ ਕਿੰਨੀ ਕਰੜਾਈ ਨਾਲ ਖੰਡਨ ਕਰਦੇ ਹਨ ਤੇ ਫ਼ਰਮਾਉਂਦੇ ਹਨ ਕਿ ਤੂੰ ਛੋਟੇ ਜਹੇ ਜੀਵਨ ਦੀ ਗੱਲ ਕਰਦਾ ਹੈਂ।

ਜੇ ਤੇਰੀ ਉਮਰ ਕਰੋੜਾਂ ਸਾਲਾਂ ਦੀ ਹੋ ਜਾਵੇ ਤੇ ਤੂੰ ਕਰੋੜਾਂ ਸਾਲ ਵੀ ਜਪੁ ਤਪੁ ਕਰਦਾ ਰਹੇਂ, ਤਾਂ ਵੀ ਰੱਬ ਦੀ ਕੀਮਤ ਨਹੀਂ ਪਾ ਸਕੇਂਗਾ ਅਰਥਾਤ ਉਸ ਬਾਰੇ ਕੁੱਝ ਵੀ ਸਮਝ ਨਹੀਂ ਸਕੇਂਗਾ ਕਿਉਂਕਿ ਜਪੁ ਤਪੁ ਦਾ ਰਾਹ, ਅਕਾਲ ਪੁਰਖ ਵਲ ਲਿਜਾਣ ਵਾਲਾ ਰਾਹ ਹੀ ਨਹੀਂ ਹੈ। ਤੇਰੇ ਕਰੋੜਾਂ ਸਾਲਾਂ ਦੇ ਜਪੁ ਤਪੁ ਮਗਰੋਂ ਵੀ ਉਹ ਅਕਾਲ ਪੁਰਖ ਅਪਣੇ ਸਥਾਨ 'ਤੇ ਅਹਿਲ ਟਿਕਿਆ ਰਹੇਗਾ ਤੇ ਮਾੜਾ ਜਿਹਾ ਵੀ ਤੇਰੇ ਵਲ ਨਹੀਂ ਝੁਕੇਗਾ ਜਦਕਿ ਜੇ ਤੇਰੇ ਸੱਚੇ ਤੇ ਨਿਸ਼ਕਾਮ ਪ੍ਰੇਮ ਦੀ ਝਲਕ ਉਸ ਨੂੰ ਪੈ ਜਾਵੇ ਤਾਂ ਤੇਰੇ ਜਪੁ ਤਪੁ ਤੋਂ ਬਗ਼ੈਰ ਵੀ, ਪਲਾਂ ਵਿਚ ਸਕਿੰਟਾਂ ਵਿਚ, ਅੱਖ ਝਪਕਦੇ ਹੀ ਤੇਰੇ ਵਲ ਖਿਚਿਆ ਆਵੇਗਾ।

ਚਲਦਾ...