ਸੋ ਦਰ ਤੇਰਾ ਕਿਹਾ- ਕਿਸਤ 54

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਸ੍ਰੀਰ ਨੂੰ ਕਸ਼ਟ ਦੇ ਕੇ, ਪ੍ਰਭੂ ਨੂੰ ਖ਼ੁਸ਼ ਕਰਨ ਵਾਲਿਆਂ ਦੀ ਇਕ ਹੋਰ ਸ਼੍ਰੇਣੀ ਦੀ ਉਦਾਹਰਣ ਬਾਬਾ ਨਾਨਕ ਦੇਂਦੇ ਹਨ। ਇਹ ਸ਼੍ਰੇਣੀ ਸਮਝਦੀ ਹੈ ਕਿ ਖ਼ਾਲੀ ਜਪੁ ਤ...

So Dar Tera keha -54

ਅੱਗੇ...

ਸ੍ਰੀਰ ਨੂੰ ਕਸ਼ਟ ਦੇ ਕੇ, ਪ੍ਰਭੂ ਨੂੰ ਖ਼ੁਸ਼ ਕਰਨ ਵਾਲਿਆਂ ਦੀ ਇਕ ਹੋਰ ਸ਼੍ਰੇਣੀ ਦੀ ਉਦਾਹਰਣ ਬਾਬਾ ਨਾਨਕ ਦੇਂਦੇ ਹਨ। ਇਹ ਸ਼੍ਰੇਣੀ ਸਮਝਦੀ ਹੈ ਕਿ ਖ਼ਾਲੀ ਜਪੁ ਤਪੁ ਕਰਨਾ ਤੇ ਗੁਫ਼ਾ ਜਾਂ ਭੋਰੇ ਵਿਚ ਬੈਠਣਾ ਕਾਫ਼ੀ ਨਹੀਂ ਸਗੋਂ ਸ੍ਰੀਰ ਨੂੰ ਯਾਤਨਾਵਾਂ, ਤਕਲੀਫ਼ਾਂ ਦੇਣ ਵਾਲੇ ਹੋਰ ਬਹੁਤ ਸਾਰੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਵੇਖ ਕੇ ਰੱਬ ਪਸੀਜ ਜਾਏਗਾ ਤੇ ਨੇੜੇ ਆ ਜਾਏਗਾ। ਤੁਸੀ ਅੱਜ ਵੀ ਇਤਿਹਾਸਕ ਹਿੰਦੂ ਮੰਦਰਾਂ, ਤੀਰਥ ਅਸਥਾਨਾਂ 'ਤੇ ਜਾ ਕੇ ਵੇਖੋ ਤਾਂ ਕੋਈ ਸਾਧੂ ਕੰਡਿਆਂ ਦੀ ਸੇਜ 'ਤੇ ਸੁੱਤਾ ਮਿਲੇਗਾ, ਕੋਈ ਜ਼ਬਾਨ ਨੂੰ ਤਾਰ ਨਾਲ ਵਿਨ੍ਹ ਕੇ ਖੜਾ ਨਜ਼ਰ ਆਵੇਗਾ, ਕੋਈ ਦੂਰੋਂ ਨੰਗੇ ਬਦਨ ਧਰਤੀ 'ਤੇ ਰੀਂਗਦਾ ਹੋਇਆ।

ਮੰਦਰ ਵਿਖੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੋਵੇਗਾ ਤੇ ਕੋਈ ਜਟਾਧਾਰੀ ਸਾਧ, ਸ੍ਰੀਰ 'ਤੇ ਸੁਆਹ ਮਲ ਕੇ, ਅਪਣੇ ਆਪ ਨੂੰ ਕੁਰੂਪ ਬਣਾ ਕੇ, ਭਗਤੀ ਕਰਨ ਦਾ ਨਾਟਕ ਕਰ ਰਿਹਾ ਹੋਵੇਗਾ। ਇਹ ਸਾਰੀ ਸ਼੍ਰੇਣੀ ਜ਼ਾਹਰਾ ਤੌਰ 'ਤੇ ਇਹੀ ਕਹਿੰਦੀ ਹੈ ਕਿ ਸ੍ਰੀਰ ਨੂੰ ਜਿੰਨੀਆਂ ਜ਼ਿਆਦਾ ਯਾਤਨਾਵਾਂ ਦਿਤੀਆਂ ਜਾਣਗੀਆਂ, ਓਨੀ ਹੀ ਛੇਤੀ ਸਫ਼ਲਤਾ ਮਿਲੇਗੀ ਤੇ ਪ੍ਰਮਾਤਮਾ ਨਾਲ ਇਕਮਿਕ ਹੋ ਜਾਵਾਂਗੇ। ਇਸ ਸ਼ਬਦ ਵਿਚ ਦੂਜੀ ਉਦਾਹਰਣ ਦੇਂਦੇ ਹੋਏ, ਬਾਬਾ ਨਾਨਕ ਫ਼ਰਮਾਉਂਦੇ ਹਨ ਕਿ ਸ੍ਰੀਰ ਨੂੰ ਯਾਤਨਾਵਾਂ ਦੇਣ ਵਾਲੇ ਵੀਰੋ! ਛੋਟੀ ਛੋਟੀ ਸ੍ਰੀਰਕ ਯਾਤਨਾ ਦੀ ਗੱਲ ਕਿਉਂ ਕਰਦੇ ਹੋ?

ਜੇ ਤੁਸੀ ਅਪਣੇ ਆਪ ਨੂੰ ਕੋਹ ਸੁੱਟੋ, ਅਪਣੇ ਸ੍ਰੀਰ ਦੇ ਟੁਕੜੇ ਟੁਕੜੇ ਕਰ ਸੁੱਟੋ, ਫਿਰ ਉਹਨਾਂ ਟੁਕੜਿਆਂ ਨੂੰ ਵਾਰ ਵਾਰ ਚੱਕੀ ਵਿਚ ਪੀਸਣ ਦਾ ਇੰਤਜ਼ਾਮ ਵੀ ਕਰ ਦਿਉ, ਫਿਰ ਉਸ ਪੀਹਣ ਨੂੰ ਅੱਗ ਵਿਚ ਸਾੜਨ ਦਾ ਪ੍ਰਬੰਧ ਵੀ ਕਰ ਦਿਉ ਤੇ ਸਾੜੀ ਹੋਈ ਸੁਆਹ ਨੂੰ ਮਿੱਟੀ ਵਿਚ ਮਿਲਵਾ ਦਿਉ ਅਰਥਾਤ ਹੱਦ ਦਰਜੇ ਦੀਆਂ ਸ੍ਰੀਰਕ ਯਾਤਨਾਵਾਂ ਦੇ ਕੇ ਵੀ ਅਪਣੇ ਸ੍ਰੀਰ ਨੂੰ ਖ਼ਤਮ ਕਰ ਲਉ ਤੇ ਸੋਚੋ ਕਿ ਹੁਣ ਤਾਂ ਪ੍ਰਮਾਤਮਾ ਨੇੜੇ ਆ ਜਾਵੇਗਾ, ਤਾਂ ਤੁਸੀ ਗ਼ਲਤ ਸੋਚ ਰਹੇ ਹੋ ਕਿਉਂਕਿ ਸ੍ਰੀਰ ਨੂੰ ਯਾਤਨਾਵਾਂ ਦੇਣ ਵਾਲਾ ਰਾਹ ਹੀ ਗ਼ਲਤ ਰਾਹ ਹੈ ਤੇ ਇਸ ਰਾਹ 'ਤੇ ਚਲਿਆਂ ਜੋ ਵੱਧ ਤੋਂ ਵੱਧ ਕਰਨ ਦੀ ਤੁਸੀ ਸੋਚ ਸਕਦੇ ਹੋ।

ਉਹ ਵੀ ਕਰ ਲਉ ਤਾਂ ਵੀ ਪ੍ਰਮਾਤਮਾ ਦੇ ਜ਼ਰਾ ਜਿੰਨਾ ਵੀ ਨੇੜੇ ਨਹੀਂ ਪੁੱਜੋਗੇ ਤੇ ਉਸ ਬਾਰੇ ਕੁੱਝ ਨਹੀਂ ਜਾਣ ਸਕੋਗੇ। ਸ੍ਰੀਰ ਨੂੰ ਯਾਤਨਾਵਾਂ ਦੇ ਕੇ ਰੱਬ ਦੇ ਨੇੜੇ ਹੋਣ ਦੀ ਚੇਸ਼ਟਾ ਰੱਖਣ ਵਾਲੇ ਲੋਕੋ! ਤੁਸੀ ਰੱਬ ਦੀ ਵਡਿਆਈ ਨੂੰ ਨਹੀਂ ਜਾਣਦੇ ਤੇ ਸਮਝਦੇ ਹੋ ਕਿ ਬੱਚਿਆਂ ਵਾਲੀਆਂ ਇਨ੍ਹਾਂ ਹਰਕਤਾਂ ਨਾਲ ਉਹ ਰੀਝ ਜਾਏਗਾ। ਨਹੀਂ ਰੀਝੇਗਾ। ਉਸ ਦੀ ਵਡਿਆਈ ਨੂੰ ਸਮਝੋ ਤੇ ਉਹੀ ਕੁੱਝ ਕਰੋ ਜੋ ਉਹ ਚਾਹੁੰਦਾ ਹੈ ਕਿ ਤੁਸੀ ਕਰੋ। ਫਿਰ ਵੇਖੋ ਉਹ ਕਿਸ ਤਰ੍ਹਾਂ ਤੁਹਾਨੂੰ ਅਪਣੇ ਕੋਲ ਖੜਾ ਨਜ਼ਰ ਆ ਜਾਏਗਾ। ਉਪ੍ਰੋਕਤ ਸ਼ਬਦ ਵਿਚ ਬਾਬਾ ਨਾਨਕ ਇਕ ਹੋਰ ਪ੍ਰਸ਼ਨ ਲੈਂਦੇ ਹਨ।

ਕੁੱਝ ਲੋਕ ਸਦੀਆਂ ਤੋਂ ਇਹ ਵੀ ਦਾਅਵਾ ਕਰਦੇ ਆਏ ਹਨ ਕਿ ਰੱਬ ਉਪਰ ਅਸਮਾਨ ਵਿਚ ਰਹਿੰਦਾ ਹੈ। ਕੋਈ ਕਹਿੰਦਾ ਹੈ, ਸਤਵੇਂ ਅਸਮਾਨ ਵਿਚ ਰਹਿੰਦਾ ਹੈ ਤੇ ਕੋਈ ਕਹਿੰਦਾ ਹੈ ਕਿ 14ਵੇਂ ਅਸਮਾਨ ਵਿਚ ਰਹਿੰਦਾ ਹੈ ਤੇ ਕੋਈ ਵਿਚਾਰਾ ਗੋਲ ਮੋਲ ਗੱਲ ਕਰ ਕੇ ਹੀ ਬੁੱਤਾ ਸਾਰਨ ਦੀ ਕੋਸ਼ਿਸ਼ ਕਰਦਾ ਵੀ ਵੇਖਿਆ ਜਾ ਸਕਦਾ ਹੈ। ਅਜਿਹਾ ਸੋਚਣ ਵਾਲੇ ਇਹ ਵੀ ਕਹਿੰਦੇ ਹਨ ਕਿ ਉਪਰ ਜਾਣਾ ਬੜਾ ਔਖਾ ਹੈ ਤੇ ਮਨੁੱਖ ਨੂੰ ਰੱਬ ਨੇ ਪੰਛੀਆਂ ਵਾਲੇ ਖੰਭ ਇਸੇ ਲਈ ਨਹੀਂ ਦਿਤੇ ਕਿ ਇਹ ਮਤੇ ਉਡ ਕੇ ਰੱਬ ਦੇ ਘਰ ਤਕ ਹੀ ਨਾ ਪਹੁੰਚ ਜਾਏ।

ਚਲਦਾ...