ਸੋ ਦਰ ਤੇਰਾ ਕਿਹਾ- ਕਿਸਤ 63

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਬਾਬਾ ਨਾਨਕ ਦੀ 'ਸ਼ਰਾਬ' ਕਿਹੜੀ ਹੈ? ਉਸ ਸ਼ਰਾਬ ਦਾ ਨਾਂ ਹੈ - ਸੱਚ, ਜਿਸ ਵਿਚ ਗੁੜ ਨਹੀਂ ਪੈਂਦਾ ਸਗੋਂ ਉਸ ਵਿਚ ਕੇਵਲ ਸੱਚਾ ਨਾਮ ਪੈਂਦਾ ਹੈ ਤੇ ਇਸ ਦੇ ਜ਼ੋਰ ...

So Dar Tera Keha- 63

ਅੱਗੇ...

ਬਾਬਾ ਨਾਨਕ ਦੀ 'ਸ਼ਰਾਬ' ਕਿਹੜੀ ਹੈ? ਉਸ ਸ਼ਰਾਬ ਦਾ ਨਾਂ ਹੈ - ਸੱਚ, ਜਿਸ ਵਿਚ ਗੁੜ ਨਹੀਂ ਪੈਂਦਾ ਸਗੋਂ ਉਸ ਵਿਚ ਕੇਵਲ ਸੱਚਾ ਨਾਮ ਪੈਂਦਾ ਹੈ ਤੇ ਇਸ ਦੇ ਜ਼ੋਰ ਨਾਲ ਹੀ ਇਹ ਏਨੀ ਅਸਰਦਾਰ ਹੋ ਜਾਂਦੀ ਹੈ ਕਿ ਕੂੜ ਦੇ ਅਫ਼ੀਮ ਦੇ ਗੋਲੇ ਨੇ ਜਿਹੜੀ ਤੇਰੀ ਹੋਸ਼ ਗਵਾ ਦਿਤੀ ਹੋਈ ਹੈ ਤੇ ਤੂੰ ਕੂੜ ਨੂੰ ਹੀ ਸੱਚ ਮੰਨਣ ਲੱਗ ਪਿਆ ਹੈਂ, ਇਸ ਸ਼ਰਾਬ ਨੂੰ ਪੀਂਦਿਆਂ ਹੀ, ਤੇਰੀ ਹੋਸ਼ ਵਾਪਸ ਆ ਜਾਂਦੀ ਹੈ ਤੇ ਤੂੰ ਪਰਮ ਸੱਚ ਨੂੰ ਪ੍ਰਾਪਤ ਕਰਨ ਦੇ ਰਾਹ ਪੈ ਜਾਂਦਾ ਹੈਂ। ਬਾਬਾ ਨਾਨਕ ਸਾਹਿਬ ਪ੍ਰਮਾਤਮਾ ਅਤੇ ਉਸ ਦੇ ਨਾਮ ਦੀ ਵਡਿਆਈ ਕਰਦੇ ਹੋਏ ਦਸਦੇ ਹਨ ਕਿ 'ਸੱਚ ਦੀ ਸ਼ਰਾਬ' ਵਿਚ ਪਾਣੀ ਵੀ ਉਹ ਪਾਇਆ ਜਾਂਦਾ ਹੈ

ਜਿਸ ਨਾਲ ਮਨੁੱਖ ਦਾ ਮਨ ਸੁੱਚਾ ਹੋ ਜਾਂਦਾ ਹੈ ਤੇ ਮੁੱਖ ਉੱਜਲ ਹੋ ਜਾਂਦਾ ਹੈ ਤੇ ਇਸ ਵਿਚ ਸੁੰਗਧੀ ਸੁੱਚੇ ਆਚਰਣ ਦੀ ਪੈਂਦੀ ਹੈ ਜਦਕਿ ਸੰਸਾਰੀ ਸ਼ਰਾਬ ਗੰਦੇ ਪਾਣੀ ਤੇ ਬਦਬੂਦਾਰ ਚੀਜ਼ਾਂ ਨਾਲ ਭਰੀ ਹੁੰਦੀ ਹੈ ਜਿਸ ਦੇ ਪੀਣ ਨਾਲ ਮਨੁੱਖ ਨੂੰ ਬਦਨਾਮੀ ਹੀ ਮਿਲਦੀ ਹੈ। ਬਾਬਾ ਨਾਨਕ ਕਹਿੰਦੇ ਹਨ ਕਿ ਜਿਵੇਂ ਇਕ ਸ਼ਰਾਬੀ, ਬਿਹਬਲ ਹੋ ਕੇ ਸ਼ਰਾਬ ਦੀ ਮੰਗ ਕਰਦਾ ਹੈ ਕਿਉਂਕਿ ਉਸ ਦਾ ਨਸ਼ਾ ਟੁਟ ਰਿਹਾ ਹੁੰਦਾ ਹੈ, ਇਸੇ ਤਰ੍ਹਾਂ ਗੁਰਮੁਖ ਜਗਿਆਸੂ ਨੂੰ ਇਸ ਸੱਚ ਦੀ ਸ਼ਰਾਬ ਦੀ ਮੰਗ ਉਸ ਪ੍ਰਮਾਤਮਾ ਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਉਸ ਨੂੰ ਸੱਭ ਸੁੱਖ ਮਿਲ ਜਾਣਗੇ ਤੇ ਦੁੱਖ ਕੱਟੇ ਜਾਣਗੇ।

ਅਸੀ ਵਾਰ ਵਾਰ ਇਸ ਗੱਲ ਵਲ ਧਿਆਨ ਦਿਵਾਉਣਾ ਜ਼ਰੂਰੀ ਸਮਝਦੇ ਹਾਂ ਕਿ ਕਿਸੇ ਵੀ ਕਾਵਿ-ਰਚਨਾ ਨੂੰ ਉਸ ਦੇ ਅੱਖਰਾਂ ਦਾ ਅਨੁਵਾਦ ਕਰ ਕੇ, ਬਿਲਕੁਲ ਨਹੀਂ ਸਮਝਿਆ ਜਾ ਸਕਦਾ। ਫਿਰ ਹਰ ਰਚਨਾਕਾਰ ਦੀ, ਅਪਣੀ ਇਕ ਸ਼ੈਲੀ ਵੀ ਹੁੰਦੀ ਹੈ। ਉਸ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਰਾਗ ਸਿਰੀ ਦੇ ਕਈ ਸ਼ਬਦਾਂ ਵਿਚ ਬਾਬਾ ਨਾਨਕ ਇਕ ਵਿਚਾਰ ਦੇਂਦੇ, ਅੱਧ ਵਿਚੋਂ ਉਸ ਪ੍ਰਭੂ ਦੀ ਸਿਫ਼ਤ ਕਰਨ ਲਗਦੇ ਹਨ ਤੇ ਵਜਦ ਵਿਚ ਆ ਕੇ, ਕੁੱਝ ਸਤਰਾਂ ਉਸ ਪ੍ਰਭੂ ਦੇ ਪਿਆਰ ਵਿਚ ਕਹਿਣ ਲੱਗ ਜਾਂਦੇ ਹਨ, ਜਿਸ ਮਗਰੋਂ ਫਿਰ ਤੋਂ ਅਪਣੇ ਉਪਰ ਛੋਹੇ ਵਿਸ਼ੇ ਨੂੰ ਫੜ ਲੈਂਦੇ ਹਨ।

ਅੱਖਰਾਂ ਦਾ ਅਨੁਵਾਦ ਕਰਨ ਵਾਲੇ, ਇਥੇ ਹੀ ਵੱਡਾ ਭੁਲੇਖਾ ਖਾ ਜਾਂਦੇ ਹਨ ਤੇ ਸ਼ਬਦ ਦੇ ਦੋਹਾਂ ਭਾਗਾਂ ਨੂੰ ਮੇਲਣ ਦੀ ਬਜਾਏ, ਅਜਿਹੇ ਅੱਖਰੀ ਅਰਥ ਕਰ ਜਾਂਦੇ ਹਨ ਜਿਨ੍ਹਾਂ ਤੋਂ ਪਤਾ ਹੀ ਕੁੱਝ ਨਹੀਂ ਲਗਦਾ ਤੇ ਇਹੀ ਲਗਦਾ ਹੈ ਜਿਵੇਂ ਹਰ ਸੱਤਰ ਇਕ ਦੂਜੇ ਤੋਂ ਆਜ਼ਾਦ ਹੋਵੇ ਤੇ ਇਕ ਦੂਜੇ ਨਾਲ ਕੋਈ ਮੇਲ ਹੀ ਨਾ ਹੋਵੇ। ਸ਼ਬਦ ਦੇ ਕੇਂਦਰੀ ਭਾਵ ਦਾ ਤਾਂ ਪਤਾ ਹੀ ਕੁੱਝ ਨਹੀਂ ਲਗਦਾ। ਉਪਰ ਦਿਤੇ ਜਿਸ ਸ਼ਬਦ ਬਾਰੇ ਅਸੀ ਵਿਚਾਰ ਕਰ ਰਹੇ ਹਾਂ, ਉਸ ਬਾਰੇ ਵੀ ਹਾਲਤ ਇਹੀ ਹੈ।

ਇਸ ਸ਼ਬਦ ਵਿਚ ਰਹਾਉ ਤੋਂ ਅੱਗੇ 'ਸਚੁ ਸਰਾ ਗੁਣ' ਤੋਂ ਪ੍ਰੋ: ਸਾਹਿਬ ਸਿੰਘ ਜੀ ਵਲੋਂ ਕੀਤੇ ਅਰਥ ਪੜ੍ਹੋ: ''ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ। ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆਂ ਵਲੋਂ ਬੇ-ਪਰਵਾਹ ਕਰ ਦੇਂਦਾ ਹੈ)। ਮੈਂ ਉਨ੍ਹਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ। ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿਚ ਟਿਕ ਜਾਏ (ਤੇ, ਮਨ ਟਿਕਦਾ ਹੈ ਸਿਮਰਨ ਦੀ ਬਰਕਤਿ ਨਾਲ)।

ਇਥੇ 'ਨਾਮ ਦੀ ਸ਼ਰਾਬ' ਦਾ ਵਿਚਾਰ ਪਹਿਲੀਆਂ ਤੁਕਾਂ ਦਾ ਅਨੁਵਾਦ ਕਰਨ ਸਮੇਂ ਤਾਂ ਦਿਤਾ ਗਿਆ ਹੈ ਪਰ ਅਗੋਂ ਜਦੋਂ ਬਾਬਾ ਨਾਨਕ ਵਜਦ ਵਿਚ ਆ ਕੇ ਪ੍ਰਭੂ ਦੀ ਉਸਤਤ ਕਰਨ ਮਗਰੋਂ, ਸ਼ਰਾਬ ਦੇ ਵਿਚਾਰ ਨੂੰ ਸੰਪੂਰਨ ਕਰਦੇ ਹਨ ਤਾਂ ਵਿਦਵਾਨ ਅਨੁਵਾਦਕ, ਬਾਬਾ ਨਾਨਕ ਦੀ ਸ਼ੁਰੂ ਕੀਤੀ ਹੋਈ ਪਹਿਲੀ ਗੱਲ ਨੂੰ ਭੁਲਾ ਕੇ, 'ਪਾਣੀ' ਅਤੇ 'ਸੁਗੰਧੀ' ਦੇ ਹੋਰ ਹੋਰ ਅਰਥ, ਅਪਣੀ ਸਮਝ ਨਾਲ ਕਰਨ ਲੱਗ ਜਾਂਦੇ ਹਨ। ''ਪਰਮਾਤਮਾ ਦਾ ਨਾਮ ਤੇ ਸਿਫ਼ਤਿ-ਸਾਲਾਹ ਹੋਰ ਸੱਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫ਼ਤਿ-ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲਗਦਾ ਹੈ।

ਪ੍ਰਭੂ ਦਾ ਨਾਮ ਤੇ ਸਿਫ਼ਤਿਸਾਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉਤੇ ਲਾਣ ਲਈ ਸੁਗੰਧੀ ਹੈ ਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ। ਇਥੇ 'ਪਾਣੀ' ਦਾ ਅਰਥ 'ਮੂੰਹ ਉੱਜਲ ਕਰਨ ਵਾਲਾ' ਕੀਤਾ ਗਿਆ ਹੈ (ਸ਼ਬਦ ਜਾਂ ਬਾਣੀ ਵਿਚ ਅਜਿਹਾ ਕੁੱਝ ਵੀ ਨਹੀਂ ਜਿਸ ਦਾ ਕਿ ਅਨੁਵਾਦ ਇਹ ਕੀਤਾ ਜਾ ਸਕੇ) ਅਤੇ ਸੁੱਚਾ ਆਚਰਣ, ਸ੍ਰੀਰ ਉਤੇ ਲਾਉਣ ਵਾਲੀ ਸੁਗੰਧੀ ਦਸਿਆ ਗਿਆ ਹੈ।

ਤੇ ਇਸ ਤਰ੍ਹਾਂ ਪਾਣੀ, ਸੁਗੰਧੀ ਤੇ ਦੁੱਖਾਂ ਸੁੱਖਾਂ ਨੂੰ, ਪਹਿਲਾਂ ਵਰਣਤ 'ਸ਼ਰਾਬ' ਨਾਲੋਂ ਉੱਕਾ ਹੀ ਨਿਖੇੜ ਦਿਤਾ ਗਿਆ ਹੈ ਜਦਕਿ ਬਾਬਾ ਨਾਨਕ, ਸ਼ਰਾਬ ਵਿਚ ਵਰਤੇ ਜਾਣ ਵਾਲੇ ਪਾਣੀ ਅਤੇ ਸੁਗੰਧੀ ਦੀ ਗੱਲ ਹੀ ਅੱਗੇ ਚਲਾ ਰਹੇ ਹਨ ਤੇ ਦੋਹਾਂ 'ਸ਼ਰਾਬਾਂ' (ਗੁਣ ਵਾਲੀ ਤੇ ਨਾਮ ਵਾਲੀ) ਦੇ ਦੁਖ ਸੁੱਖ ਦਾ ਵਰਨਣ ਕਰ ਕੇ, ਅਪਣੀ ਗੱਲ ਪੂਰੀ ਕਰ ਰਹੇ ਹਨ। ਵਿਦਵਾਨਾਂ ਤੇ ਗੁਰਬਾਣੀ - ਪ੍ਰੇਮੀਆਂ ਲਈ ਸੋਚਣ ਵਾਲੀ ਗੱਲ ਹੈ ਕਿ ਇਕੋ ਹੀ ਸ਼ਬਦ ਵਿਚ ਜੇ ਸਾਰੀਆਂ ਸਬੰਧਤ ਤੁਕਾਂ ਨੂੰ ਵੱਖ-ਵੱਖ ਗੱਲ ਕਰਦਿਆਂ ਵਿਖਾਇਆ ਜਾਂਦਾ ਰਿਹਾ ਤਾਂ ਗੁਰੂ ਦਾ ਕੀ ਸੁਨੇਹਾ ਦੁਨੀਆਂ ਨੂੰ ਜਾਵੇਗਾ?

ਉਪ੍ਰੋਕਤ ਸ਼ਬਦ ਵਿਚ ਹੀ ਵੇਖੋ, ਇਕ ਵੀ ਕਾਰਨ ਅਜਿਹਾ ਨਹੀਂ ਲੱਭ ਸਕਦਾ ਜੋ ਸਾਨੂੰ ਉਪਰਲੀਆਂ ਤੁਕਾਂ ਦਾ ਪ੍ਰਸੰਗ ਅੱਖੋਂ ਓਹਲੇ ਕਰ ਕੇ, ਪਾਣੀ, ਸੁਗੰਧੀ ਦੇ ਉਹ ਅਰਥ ਕਰਨ ਦੀ ਆਗਿਆ ਦੇਵੇ ਜਿਨ੍ਹਾਂ ਦਾ 'ਸ਼ਰਾਬ' ਦੇ ਪ੍ਰਸੰਗ ਨਾਲ ਜੋੜ ਮੇਲ ਹੀ ਕੋਈ ਨਾ ਹੋਵੇ। ਇਸ ਤਰ੍ਹਾਂ ਅੱਖਰਾਂ ਦੇ ਅਰਥ ਕਰ ਕੇ, ਅਸੀ ਬਾਬੇ ਨਾਨਕ ਦੇ ਸੰਦੇਸ਼ ਨਾਲ ਭਾਰੀ ਬੇਇਨਸਾਫ਼ੀ ਕਰ ਰਹੇ ਹਾਂ।

ਚਲਦਾ...