ਸੋ ਦਰ ਤੇਰਾ ਕਿਹਾ- ਕਿਸਤ 69

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਧਰਮ ਦੀ ਦੁਨੀਆਂ ਵਿਚ, ਮਹਾਤਮਾ ਬੁੱਧ ਸ਼ਾਇਦ ਪਹਿਲੇ ਵੱਡੇ ਆਗੂ ਹੋਏ ਹਨ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਕਿਸੇ ਦੇ ਵੀ ਆਖੇ ਨੂੰ ਇਨ ਬਿਨ ਨਾ ਮੰਨੋ ਜਦ ਤਕ ...

So Dar Tera Keha-69

ਅੱਗੇ...

ਧਰਮ ਦੀ ਦੁਨੀਆਂ ਵਿਚ, ਮਹਾਤਮਾ ਬੁੱਧ ਸ਼ਾਇਦ ਪਹਿਲੇ ਵੱਡੇ ਆਗੂ ਹੋਏ ਹਨ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਕਿਸੇ ਦੇ ਵੀ ਆਖੇ ਨੂੰ ਇਨ ਬਿਨ ਨਾ ਮੰਨੋ ਜਦ ਤਕ ਉਸ ਨੂੰ ਚੰਗੀ ਤਰ੍ਹਾਂ ਪਰਖ ਜਾਂਚ ਨਾ ਲਵੋ। ਉਸ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਜਿੰਨੇ ਵੀ ਧਰਮ ਹੋਏ ਹਨ, ਉਨ੍ਹਾਂ ਵਿਚ ਅੱਖਾਂ ਬੰਦ ਕਰ ਕੇ ਪੀਰ ਮੁਰਸ਼ਦ (ਗੁਰੂ) ਦੇ ਕਹੇ ਅੱਗੇ ਸਿਰ ਝੁਕਾਉਣ ਦਾ ਹੀ ਉਪਦੇਸ਼ ਦਿਤਾ ਗਿਆ ਹੈ।

ਹਿੰਦੂ ਧਰਮ ਇਨ੍ਹਾਂ ਵਿਚ ਸੱਭ ਤੋਂ ਅੱਗੇ ਹੈ ਤੇ ਇਥੇ ਕਿੰਤੂ ਪ੍ਰੰਤੂ ਦੀ ਗੁੰਜਾਇਸ਼ ਹੀ ਕੋਈ ਨਹੀਂ ਰੱਖੀ ਗਈ। ਜੇ ਇਕ ਦੇਵਤਾ ਕਾਮ ਅਗਨ ਹੱਥੋਂ ਪੀੜਤ ਹੈ ਅਤੇ  ਦੂਜੇ ਦੇਵਤਿਆਂ ਦੀਆਂ ਪਤਨੀਆਂ 'ਚੋਂ ਕਿਸੇ ਨੂੰ ਨਹੀਂ ਬਖ਼ਸ਼ ਰਿਹਾ ਤੇ ਅਖ਼ੀਰ ਇਕ ਦੇਵੀ ਦੇ ਸਰਾਪ ਨਾਲ ਉਸ ਦਾ 'ਲਿੰਗ' ਕਟਿਆ ਜਾਂਦਾ ਹੈ ਤਾਂ ਕਿਉਂਕਿ ਉਹ ਬ੍ਰਾਹਮਣ ਦੇ ਕਥਨ ਅਨੁਸਾਰ, ਦੇਵਤਾ ਹੈ, ਇਸ ਲਈ ਉਸ ਦੇ ਕਟੇ ਹੋਏ ਲਿੰਗ ਦੀ ਵੀ, ਪੂਜਾ ਕਰਨ ਨੂੰ ਧਰਮ ਕਰਮ ਦਾ ਕੰਮ ਮੰਨਿਆ ਜਾਣ ਲਗਦਾ ਹੈ। ਕੋਈ ਸਵਾਲ ਜਵਾਬ ਨਹੀਂ ਬਰਦਾਸ਼ਤ ਕੀਤਾ ਜਾਂਦਾ।

ਸਾਰਾ ਕਰਮ-ਕਾਂਡ ਚਲਦਾ ਹੀ ਤਾਂ ਹੈ ਜੇ ਪੁਜਾਰੀ ਜਾਂ ਉਸ ਵਲੋਂ ਸਿਰਜੇ ਕਲਪਿਤ ਜਾਂ ਅਸਲੀ 'ਦੇਵਤੇ' ਦਾ ਕਿਹਾ, ਅੱਖਾਂ ਬੰਦ ਕਰ ਕੇ ਮੰਨ ਲਿਆ ਜਾਵੇ। ਜੇ ਪੁਜਾਰੀ  ਦੇਵਦਾਸੀਆਂ' ਦੀ ਮੰਗ ਕਰ ਲਵੇ ਤਾਂ ਚੁਪ ਚਾਪ ਲੜਕੀਆਂ ਮੰਦਰ ਨੂੰ ਦਾਨ ਵਿਚ ਦੇ ਦਿਉ। ਜੇ ਉਹ ਨੰਗੀਆਂ ਮੂਰਤੀਆਂ ਮੰਦਰ ਵਿਚ ਸਜਾ ਦੇਵੇ ਤਾਂ ਬਿਨਾ ਬੋਲੇ, ਉਨ੍ਹਾਂ ਨਗਨ ਮੂਰਤੀਆਂ ਨੂੰ ਵੀ ਮੱਥਾ ਟੇਕ ਦਿਉ ਤੇ ਪੁਜਾਰੀ ਵਲੋਂ ਧਾਰਮਕ ਸ਼ਬਦਾਵਲੀ ਵਿਚ ਉਨ੍ਹਾਂ ਨੂੰ ਜਾਇਜ਼ ਠਹਿਰਾਏ ਜਾਣ ਵਾਲੀ ਹਰ ਗੱਲ ਵੀ ਚੁਪਚਾਪ ਮੰਨ ਲਉ।

ਬਾਬੇ ਨਾਨਕ ਨੇ, ਮਹਾਤਮਾ ਬੁੱਧ ਤੋਂ ਬਾਅਦ, ਪਹਿਲੀ ਵਾਰ, ਖੁਲ੍ਹ ਕੇ ਕਿਹਾ ਕਿ ਹੇ ਜਗਿਆਸੂ, ਜਿਹੜੇ ਸਵਾਲਾਂ ਦੇ ਜਵਾਬ ਤੂੰ ਕਥਿਤ ਧਾਰਮਕ ਆਗੂ ਕੋਲੋਂ ਮੰਗਦਾ ਹੈਂ, ਉਹ ਤੂੰ ਉਸ ਕੋਲੋਂ ਨਾ ਪੁਛ ਕੇ, ਅਪਣੇ ਆਪ ਕੋਲੋਂ ਪੁਛ ਅਤੇ ਵਿਵੇਕ ਦੀ ਇਕ ਕਸੌਟੀ ਬਣਾ ਕੇ ਉਸ ਉਤੇ ਉਸ ਜਵਾਬ ਦੀ ਪਰਖ ਕਰ। ਫਿਰ ਤੈਨੂੰ ਕਿਸੇ ਧਾਰਮਕ ਆਗੂ ਜਾਂ ਪੁਜਾਰੀ ਦੀ ਮੁਥਾਜੀ ਨਹੀਂ ਕਰਨੀ ਪਵੇਗੀ। ਇਹ ਅਫ਼ਸੋਸ ਦੀ ਗੱਲ ਹੈ ਕਿ ਹਰ ਰੋਜ਼ ਅਰਦਾਸ ਵਿਚ ਰਸਮੀ ਤੌਰ ਤੇ 'ਵਿਵੇਕ ਦਾਨ' ਦੀ ਮੰਗ ਕਰਨ ਵਾਲਾ ਬਾਬੇ ਨਾਨਕ ਦਾ ਸਿੱਖ ਵੀ ਅੱਜ ਕੋਨਾਰਕ ਦੀਆਂ ਮੂਰਤੀਆਂ ਵਰਗਾ 'ਦਸਮ ਗ੍ਰੰਥ' ਇਸ ਲਈ ਅਪਨਾਉਣ ਦੀ ਗੱਲ ਕਰਦਾ ਹੈ।

ਕਿ ਭਾਵੇਂ ਇਹ ਵਿਵੇਕ ਤੇ ਦਲੀਲ ਦੀ ਕਿਸੇ ਵੀ ਕਸੌਟੀ ਤੇ ਖਰਾ ਨਹੀਂ ਉਤਰਦਾ ਤੇ ਸਿੱਖ ਫ਼ਲਸਫ਼ੇ ਤੋਂ ਨੰਗੀ ਬਗ਼ਾਵਤ ਦਾ ਪ੍ਰਤੀਕ ਹੀ ਹੈ ਪਰ ਇਸ ਦਾ ਹਮਾਇਤੀ ਕਹਿੰਦਾ ਇਹ ਹੈ ਕਿ ਇਸ ਨੂੰ ਇਸ ਲਈ ਮੰਨ ਲਿਆ ਜਾਵੇ ਕਿਉਂਕਿ ਪਤਾ ਨਹੀਂ ਕਿਸ ਪੁਜਾਰੀ ਨੇ, ਇਸ ਵਿਚ ਦਰਜ ਕੁੱਝ ਰਚਨਾਵਾਂ ਨੂੰ 'ਖੰਡੇ ਦੀ ਪਾਹੁਲ' ਦੀਆਂ ਬਾਣੀਆਂ ਵੀ ਬਣਾ ਦਿਤਾ ਸੀ ਤੇ ਕੁੱਝ ਲੋਕਾਂ ਨੇ ਇਸ ਨੂੰ ਗੁਰੂ ਗੋਬਿੰਦ ਸਿੰਘ ਕ੍ਰਿਤ ਕਹਿ ਦਿਤਾ ਸੀ (ਬਹੁਗਿਣਤੀ ਨੇ ਨਹੀਂ)। ਵਿਵੇਕ ਦੀ ਵਰਤੋਂ ਕਰਨੀ ਹੀ ਇਨ੍ਹਾਂ ਦੀ ਨਜ਼ਰ ਵਿਚ ਪਾਪ ਹੈ।

ਅਖ਼ੀਰ ਵਿਚ, ਬਾਬਾ ਨਾਨਕ ਫ਼ਰਮਾਉਂਦੇ ਹਨ ਕਿ ਹੇ ਜਗਿਆਸੂ, ਇਸ ਤਰ੍ਹਾਂ ਵਿਵੇਕ ਬੁੱਧੀ ਦੀ ਵਰਤੋਂ ਕਰ ਕੇ ਜੋ ਫ਼ੈਸਲਾ ਲਵੇਂਗਾ, ਉਹ ਠੀਕ ਹੀ ਹੋਵੇਗਾ ਤੇ ਪ੍ਰਾਮਤਮਾ ਤੈਨੂੰ ਇਹ ਨਹੀਂ ਪੁੱਛੇਗਾ ਕਿ ਤੂੰ ਵਿਵੇਕ ਬੁਧੀ ਦੀ ਵਰਤੋਂ ਕਿਉਂ ਕੀਤੀ। ਬਾਬੇ ਨਾਨਕ ਤੋਂ ਪਹਿਲਾਂ, ਧਰਮਾਚਾਰੀਆ ਲੋਕ ਅਕਸਰ ਇਹ ਕਹਿੰਦੇ ਸਨ ਕਿ ਤੂੰ ਅਪਣੀ ਅਕਲ (ਵਿਵੇਕ) ਉਤੇ ਇਤਬਾਰ ਨਹੀਂ ਕਰਨਾ ਤੇ ਬ੍ਰਾਹਮਣ ਜਾਂ ਪੁਜਾਰੀ ਤੈਨੂੰ ਜੋ ਵੀ ਕਹੇ, ਉਹੀ ਕਰ ਨਹੀਂ ਤਾਂ ਅੱਗੇ ਜਾ ਕੇ ਤੈਨੂੰ ਜਵਾਬ ਦੇਣਾ ਪਵੇਗਾ ਕਿ ਤੂੰ ਬ੍ਰਾਮਹਣ, ਰਿਸ਼ੀ, ਗੁਰੂ ਦਾ ਹੁਕਮ ਇਨ ਬਿਨ ਕਿਉਂ ਨਾ ਮੰਨਿਆ।

ਬਾਬਾ ਨਾਨਕ ਜਗਿਆਸੂ ਨੂੰ ਯਕੀਨ ਦਿਵਾਂਦੇ ਹਨ ਕਿ ਵਿਵੇਕ ਬੁਧੀ ਨਾਲ ਫ਼ੈਸਲੇ ਕਰੇਂਗਾ ਤਾਂ ਪ੍ਰਭੂ ਤੈਨੂੰ ਕੋਈ ਸਵਾਲ ਨਹੀਂ ਪੁੱਛੇਗਾ ਤੇ ਪੁਜਾਰੀ ਝੂਠ ਬੋਲ ਕੇ ਐਵੇਂ ਤੈਨੂੰ ਅਪਣੇ ਮਗਰ ਹੀ ਲਾਉਣਾ ਚਾਹੁੰਦਾ ਹੈ। ਪ੍ਰਮਾਤਮਾ ਤਾਂ ਵਿਵੇਕ ਬੁਧੀ ਵਰਤਣ ਵਾਲਿਆਂ 'ਤੇ ਖ਼ੁਸ਼ ਹੁੰਦਾ ਹੈ ਤੇ ਪੁਜਾਰੀਆਂ, ਮਨੁੱਖੀ ਸ੍ਰੀਰਾਂ ਦੇ ਹੁਕਮਾਂ ਅੱਗੇ ਅੰਨ੍ਹੇਵਾਹ ਸਿਰ ਨਿਵਾ ਦੇਣ ਵਾਲੇ ਸਗੋਂ ਉਸ ਨੂੰ ਚੰਗੇ ਹੀ ਨਹੀਂ ਲਗਦੇ। ਸਿਰੀ ਰਾਗ ਵਿਚ ਦਰਜ ਬਾਣੀ ਦੀ ਵਿਚਾਰ ਕਰਦਿਆਂ ਅਸੀ ਸ਼ੁਰੂ ਵਿਚ ਹੀ ਵੇਖਿਆ ਸੀ ਕਿ ਸਿਰੀ ਰਾਗ ਦੇ ਸਾਰੇ 33 ਸ਼ਬਦਾਂ ਵਿਚ ਬਾਬੇ ਨਾਨਕ ਨੇ ਮਨੁੱਖ ਮਾਤਰ ਲਈ ਮੁਕੰਮਲ 'ਮਰਿਆਦਾ' ਜਾਂ 'ਆਚਾਰ ਸਾਰਣੀ' ਕਲਮਬੱਧ ਕਰ ਦਿਤੀ ਹੈ।

ਤੇ ਇਸ ਤੋਂ ਬਾਹਰ ਜਾਣ ਵਾਲਾ ਵਿਅਕਤੀ, ਬਾਬੇ ਨਾਨਕ ਦਾ ਸਿੱਖ ਨਹੀਂ ਅਖਵਾ ਸਕਦਾ, ਹੋਰ ਭਾਵੇਂ ਜੋ ਵੀ ਹੋਵੇ। ਪਿਛਲੇ 6 ਸ਼ਬਦਾਂ ਵਿਚ ਇਸ 'ਮਰਿਆਦਾ' ਦਾ ਇਕ ਸਪੱਸ਼ਟ ਸਰੂਪ ਸਾਡੇ ਸਾਹਮਣੇ ਆ ਗਿਆ ਹੈ ਤੇ 33 ਸ਼ਬਦਾਂ ਦੀ ਵਿਆਖਿਆ ਸੰਪੂਰਨ ਹੋਣ ਤਕ, ਮੁਕੰਮਲ ਤਸਵੀਰ ਸਾਡੀ ਅਗਵਾਈ ਲਈ ਮੌਜੂਦ ਹੋਵੇਗੀ। ਫਿਰ ਵੀ ਅਪਣੀ ਸਹੂਲਤ ਖ਼ਾਤਰ ਜਾਂ ਅਪਣੇ ਲੋਭ, ਲਾਚ ਸਦਕਾ।

ਅਸੀ ਨਵੀਆਂ ਨਵੀਆਂ ਮਰਿਆਦਾਵਾਂ ਘੜਦੇ ਰਹਿੰਦੇ ਹਾਂ ਤੇ ਕਦੇ ਨਹੀਂ ਵੇਖਦੇ ਕਿ ਸਾਡੇ ਵਲੋਂ ਘੜੀ ਮਰਿਆਦਾ, ਬਾਬੇ ਨਾਨਕ ਦੀ ਮਰਿਆਦਾ ਦੀ ਕਸੌਟੀ ਉਤੇ ਖਰੀ ਉਤਰਦੀ ਵੀ ਹੈ ਜਾਂ ਨਹੀਂ। ਬਹੁਤੀ ਵਾਰ, ਸਾਡੀ ਵਖਰੀ ਵਖਰੀ 'ਮਰਿਆਦਾ' ਸਾਡੇ ਹੰਕਾਰ, ਹਉਮੈ ਅਤੇ ਸਾਡੇ ਅੰਦਰ ਜਨਮ ਲੈ ਚੁੱਕੀ ਕਿ ਸੇ ਮਾੜੀ ਰੁਚੀ ਦਾ ਹੀ ਨਤੀਜਾ ਹੁੰਦੀ ਹੈ।

 ਚਲਦਾ...