ਸੋ ਦਰ ਤੇਰਾ ਕਿਹਾ- ਕਿਸਤ 68

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ - 27

So Dar Tera Keha

ਸਿਰੀ ਰਾਗ ਮਹਲਾ ੧
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ।।
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ।।
ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇ ।।੧।।

ਬਾਬਾ ਹੋਰ ਖਾਣਾ ਖੁਸੀ ਖੁਆਰੁ।।
ਜਿਤੁ ਖਾਧੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ ।।੧।। ਰਹਾਉ।।
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨ।।

ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ।।
ਕਰਮਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ।।੨।।
ਬਾਬਾ ਹੋਰ ਪੈਨਣੁ ਖੁਸੀ ਖੁਆਰੁ।।
ਜਿਤੁ ਪੈਧੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ ।।੧।। ਰਹਾਉ।।

ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ।।
ਤਰਕਸ ਤੀਰ ਕਮਾਣ ਸਾਂਗ, ਤੇਗਬੰਦ ਗੁਣ ਧਾਤੁ।।
ਵਾਜਾ ਨੇਤਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ।।੩।।
ਬਾਬਾ ਹੋਰੁ ਚੜਣਾ ਖੁਸੀ ਖੁਆਰੁ।।

ਜਿਤੁ ਚੜਿਐ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ ।।੧।। ਰਹਾਉ।।
ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ।।
ਹੁਕਮੁ ਸੋਈ ਤੁਧੁ ਭਾਵਸੀ ਹੋਰ ਆਖਣੁ ਬਹੁਤੁ ਅਪਾਰੁ।।

ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ।।੪।।
ਬਾਬਾ ਹੋਰੁ ਸਉਣਾ ਖੁਸੀ ਖੁਆਰ।।
ਜਿਤੁ ਸੁਤੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ ।।੧।। ਰਹਾਉ ।।੪।।੭।।

ਧਰਮ ਦੀ ਦੁਨੀਆਂ ਵਿਚ, ਪੁਜਾਰੀ ਸ਼੍ਰੇਣੀ ਨੇ ਬੜੇ ਭੁਲੇਖੇ ਪੈਦਾ ਕੀਤੇ ਹੋਏ ਹਨ ਜੋ ਮਨੁੱਖ ਨੂੰ ਚੇਤਾਵਨੀ ਦੇਂਦੇ ਰਹਿੰਦੇ ਹਨ ਕਿ ਫ਼ਲਾਣੀ ਚੀਜ਼ ਖਾ ਲਵੇਂਗਾ ਤਾਂ ਪਾਪੀ ਬਣ ਜਾਏਂਗਾ, ਫ਼ਲਾਣਾ ਕਪੜਾ ਜਾਂ ਫ਼ਲਾਣੀ ਤਰਜ਼ ਦਾ ਕਪੜਾ ਨਾ ਪਹਿਨੇਂਗਾ ਤਾਂ ਧਰਮ ਤੋਂ ਡਿਗ ਜਾਏਂਗਾ......ਫ਼ਲਾਣਾ ਕੰਮ ਪਾਪ ਹੈ, ਫ਼ਲਾਣਾ ਕਰਮ ਪੁੰਨ ਹੈ .... ਫ਼ਲਾਣੀ ਚੀਜ਼ ਵਰਜਿਤ ਹੈ ..... ਫ਼ਲਾਣੀ ਚੀਜ਼ 'ਅੰਮ੍ਰਿਤ' ਹੈ ..... ਵਗ਼ੈਰਾ ਵਗ਼ੈਰਾ।ਆਮ ਮਨੁੱਖ ਭੁਲੇਖਿਆਂ ਵਿਚ ਫਸਿਆ, ਉਹ ਕੁੱਝ ਕਰਨ ਵਿਚ ਰੁੱਝਾ ਰਹਿੰਦਾ ਹੈ ਜੋ ਕੁੱਝ ਕਰਨ ਲਈ ਉਸ ਨੂੰ ਕਿਹਾ ਜਾਂਦਾ ਹੈ।

ਉਸ ਦੇ ਮਨ ਵਿਚ ਇਹ ਸਵਾਲ ਤਾਂ ਉਠਦਾ ਹੈ ਕਿ ਜੇ ਇਕ ਧਰਮ ਦੇ ਪੁਜਾਰੀ ਉਸ ਨੂੰ ਰੱਬੀ ਹੁਕਮ ਸੁਣਾ ਰਹੇ ਹਨ ਤਾਂ ਸਾਰੇ ਧਰਮ ਇਕੋ ਗੱਲ ਕਿਉਂ ਨਹੀਂ ਕਰਦੇ? ਜੇ ਰੱਬ ਇਕ ਹੈ ਤਾਂ ਉਸ ਦੇ 'ਹੁਕਮ', ਭਾਵੇਂ ਉੁਨ੍ਹਾਂ ਨੂੰ ਕੋਈ ਵੀ ਸੁਣਾਵੇ, ਇਕੋ ਜਹੇ ਹੀ ਹੋਣੇ ਚਾਹੀਦੇ ਹਨ। ਪਰ ਹਾਲਤ ਇਸ ਦੇ ਐਨ ਉਲਟ ਹੈ। ਹਿੰਦੂ ਪੁਜਾਰੀ ਸ਼੍ਰੇਣੀ ਰੱਬ ਦੇ ਨਾਂ ਤੇ ਕਹਿੰਦੀ ਹੈ ਕਿ ਗਊ ਮਾਸ ਖਾਣਾ ਅਧਰਮ ਅਤੇ ਪਾਪ ਹੈ। ਮੁਸਲਿਮ ਪੁਜਾਰੀ ਸ਼੍ਰੇਣੀ ਰੱਬ ਦੇ ਨਾਂ 'ਤੇ ਹੀ ਕਹਿੰਦੀ ਹੈ ਕਿ ਸੂਰ ਦਾ ਮਾਸ ਖਾਣਾ ਹਰਾਮ ਹੈ। ਬੁੱਧ ਧਰਮ ਦੀ ਪੁਜਾਰੀ ਸ਼੍ਰੇਣੀ ਦਾ ਨਿਰਣਾ ਹੈ ਕਿ ਕੋਈ ਵੀ ਮਾਸ ਖਾਣਾ ਗ਼ਲਤ ਹੈ ਤੇ ਜਾਨਵਰਾਂ ਵਾਲੀ ਕਾਰਵਾਈ ਹੈ।

ਇਹੀ ਸਵਾਲ ਬਾਬਾ ਨਾਨਕ ਸਾਹਿਬ ਨੂੰ ਵੀ ਪੁਛਿਆ ਜਾਂਦਾ ਸੀ। ਬਾਬੇ ਨਾਨਕ ਨੇ ਇਸ ਸ਼ਬਦ ਵਿਚ, ਖਾਣ ਪੀਣ, ਪਹਿਨਣ, ਐਸ਼ ਆਰਾਮ ਕਰਨ ਤੇ ਸੌਣ ਆਦਿ ਸਬੰਧੀ ਸ਼ੰਕਿਆਂ ਦੇ ਜੋ ਉੱਤਰ ਦਿਤੇ, ਉਨ੍ਹਾਂ ਨੇ ਸਿੱਖ ਧਰਮ ਨੂੰ ਤਰਕਵਾਦੀ, ਵਿਗਿਆਨਕ ਅਤੇ ਆਧੁਨਿਕ ਬਣਾ ਕੇ ਰੱਖ ਦਿਤਾ ਤੇ ਅਪਣੇ ਵਲੋਂ ਕੋਈ ਕੱਟੜਵਾਦੀ ਫ਼ਤਵਾ ਨਾ ਦੇ ਕੇ, ਮਨੁੱਖ ਨੂੰ ਕਿਹਾ ਕਿ ਕੀ ਚੀਜ਼ ਖਾਣੀ ਚਾਹੀਦੀ ਹੈ ਤੇ ਕੀ ਚੀਜ਼ ਨਹੀਂ ਖਾਣੀ ਚਾਹੀਦੀ ਜਾਂ ਕੀ ਪਹਿਨਣਾ ਚਾਹੀਦਾ ਹੈ ਤੇ ਕੀ ਨਹੀਂ ਪਹਿਨਣਾ ਚਾਹੀਦਾ, ਇਸ ਦਾ ਫ਼ੈਸਲਾ ਤੂੰ ਆਪ ਕਿਉਂ ਨਹੀਂ ਕਰਦਾ ਤੇ ਧਾਰਮਕ ਆਗੂਆਂ ਜਾਂ ਪੁਜਾਰੀ ਸ਼੍ਰੇਣੀ ਕੋਲੋਂ ਇਸ ਸਵਾਲ ਦਾ ਜਵਾਬ ਕਿਉਂ ਮੰਗਦਾ ਹੈਂ?

ਇਹ ਬੜਾ ਹੀ ਵਿਦਵਤਾ ਅਤੇ ਸਿਆਣਪ ਵਾਲਾ ਜਵਾਬ ਹੈ ਤੇ ਹਰ ਮਾਮਲੇ ਵਿਚ, ਇਹ ਜਵਾਬ, ਸਿੱਖ ਧਰਮ ਦਾ ਕੇਂਦਰੀ ਫ਼ਲਸਫ਼ਾ ਬਣ ਚੁੱਕਾ ਹੈ। ਇਹ ਜਵਾਬ ਹੀ ਉਸ 'ਬਿਬੇਕ ਦਾਨ' ਦਾ ਜਨਮ-ਦਾਤਾ ਹੈ ਜਿਸ ਦੀ ਮੰਗ ਹਰ ਰੋਜ਼ 'ਅਰਦਾਸ' ਵਿਚ ਕੀਤੀ ਜਾਂਦੀ ਹੈ। ਵਿਵੇਕ ਜਾਂ ਬਿਬੇਕ ਹੀ ਧਰਮ ਦੇ ਨਾਂ ਤੇ ਕੀਤੀ ਜਾਣ ਵਾਲੀ ਹਰ ਕਾਰਵਾਈ ਦਾ ਆਧਾਰ ਹੋਣਾ ਚਾਹੀਦਾ ਹੈ ਤੇ ਕਿਸੇ ਪੀਰ ਪੈਗ਼ੰਬਰ, ਰਿਸ਼ੀ ਮੁਨੀ ਦਾ ਕਿਹਾ ਜਾਂ ਲਿਖਿਆ ਹੋਇਆ ਹੀ ਅੱਜ ਦੇ ਮਨੁੱਖ ਲਈ ਮੰਨਣਾ ਲਾਜ਼ਮੀ ਨਹੀਂ ਹੋਣਾ ਚਾਹੀਦਾ ਸਗੋਂ ਉਸ ਨੂੰ ਵਿਵੇਕ ਦੀ ਕਸਵਟੀ 'ਤੇ ਪਰਖ ਕੇ ਹੀ ਮੰਨਿਆ ਜਾਣਾ ਚਾਹੀਦਾ ਹੈ। 

ਚਲਦਾ...