ਸੋ ਦਰ ਤੇਰਾ ਕਿਹਾ- ਕਿਸਤ 67

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਕਵਿਤਾ ਵਿਚ ਗੱਲ ਬਹੁਤੀ ਵਾਰ ਇਸ਼ਾਰਿਆਂ ਵਿਚ ਹੀ ਕੀਤੀ ਜਾਂਦੀ ਹੈ। ਮੋਹ ਨੂੰ ਸਾੜਨ, ਸਿਆਹੀ ਬਨਾਉਣ ਅਤੇ ਅਕਲ ਦੀ ਕਲਮ ਨਾਲ ਲਿਖਣ ਦੀ ਗੱਲ ਕਵਿਤਾ ...

So dar Tera Keha-67

ਅੱਗੇ ...

ਕਵਿਤਾ ਵਿਚ ਗੱਲ ਬਹੁਤੀ ਵਾਰ ਇਸ਼ਾਰਿਆਂ ਵਿਚ ਹੀ ਕੀਤੀ ਜਾਂਦੀ ਹੈ। ਮੋਹ ਨੂੰ ਸਾੜਨ, ਸਿਆਹੀ ਬਨਾਉਣ ਅਤੇ ਅਕਲ ਦੀ ਕਲਮ ਨਾਲ ਲਿਖਣ ਦੀ ਗੱਲ ਕਵਿਤਾ ਵਿਚ ਹੀ ਕੀਤੀ ਜਾ ਸਕਦੀ ਹੈ, ਅਮਲ ਵਿਚ ਅਜਿਹਾ ਕਰਨਾ ਸੰਭਵ ਨਹੀਂ ਹੈ। ਇਥੇ ਇਸ ਦੇ ਅੱਖਰਾਂ ਨੂੰ ਨਹੀਂ, ਕਵਿਤਾ ਦੀ ਭਾਵਨਾ ਨੂੰ ਸਮਝਣ ਦੀ ਲੋੜ ਹੁੰਦੀ ਹੈ। ਭਾਵਨਾ ਇਹੀ ਹੈ ਕਿ ਮੋਹ ਦਾ ਪੂਰੀ ਤਰ੍ਹਾਂ ਤਿਆਗ ਕਰ ਕੇ, ਪ੍ਰਭੂ ਪ੍ਰਮਾਤਮਾ ਨਾਲ ਚਿਤ ਜੋੜਨ ਦੀ ਕੋਸ਼ਿਸ਼ ਕੀਤਿਆਂ ਹੀ, ਪ੍ਰਭੂ ਦੇ ਦਰਬਾਰ ਵਿਚ ਜਾ ਕੇ ਬੰਦਾ ਸੁਰਖ਼ਰੂ ਹੋ ਸਕਦਾ ਹੈ।

ਇਹ ਮੋਹ ਹੀ ਹੈ ਜਿਹੜਾ, ਹੋਰ ਕਿਸੇ ਚੀਜ਼ ਨਾਲੋਂ ਜ਼ਿਆਦਾ, ਪ੍ਰਾਣੀ ਦੇ ਮਨ ਵਿਚ ਅਕਾਲ ਪੁਰਖ ਦਾ ਪਿਆਰ ਟਿਕਣ ਦਾ ਰਾਹ ਮਲ ਬੈਠਦਾ ਹੈ ਕਿਉਂਕਿ ਜਿਸ ਚੀਜ਼ ਨਾਲ ਮੋਹ ਪੈ ਚੁੱਕਾ ਹੋਵੇ, ਮਨ ਵਿਚ ਤਾਂ ਉਹੀ ਚੀਜ਼ ਟਿਕ ਸਕਦੀ ਹੈ। ਬਾਬਾ ਨਾਨਕ ਫ਼ੁਰਮਾਉਂਦੇ ਹਨ ਕਿ ਮੋਹ ਨੂੰ ਸਾੜਨ ਅਤੇ ਮਸਲ ਦੇਣ ਮਗਰੋਂ ਜੇ ਪ੍ਰਭੂ ਨੂੰ ਯਾਦ ਕੀਤਾ ਜਾਵੇ ਤਾਂ ਪ੍ਰਮਾਤਮਾ ਮਨ ਵਿਚ ਟਿਕ ਜਾਂਦਾ ਹੈ ਤੇ ਜਿਸ ਦੇ ਮਨ ਵਿਚ ਉਹ ਟਿਕ ਗਿਆ, ਉਸ ਦੇ ਮੱਥੇ ਉਤੇ ਸਤਿਕਾਰ ਦੇ ਟਿੱਕੇ ਲਗਦੇ ਹਨ, ਉੁਸ ਨੂੰ ਪ੍ਰਭੂ ਦੇ ਦਰਬਾਰ ਵਿਚ ਵਡਿਆਈਆਂ ਮਿਲਦੀਆਂ ਹਨ ਤੇ ਖ਼ੁਸ਼ੀਆਂ ਤੇ ਆਤਮ ਹੁਲਾਰੇ ਸਦਾ ਲਈ ਉਸ ਨੂੰ ਮਿਲਣ ਲਗਦੇ ਹਨ।

ਪਰ ਇਸ ਅਵੱਸਥਾ 'ਤੇ ਪੁੱਜਣ ਲਈ, ਪ੍ਰਭੂ ਦੀ ਕ੍ਰਿਪਾ ਵੀ ਜ਼ਰੂਰੀ ਹੈ। ਐਵੇਂ ਕਹੀ ਜਾਈਏ ਕਿ ਅਸੀ ਫ਼ਲਾਣਾ ਯਤਨ ਕੀਤਾ, ਫ਼ਲਾਣਾ ਜੱਪ ਤੱਪ ਕੀਤਾ ਤੇ ਅਸੀ 'ਬ੍ਰਹਮ ਗਿਆਨੀ' ਬਣ ਗਏ, ਇਹ ਸੱਭ ਫ਼ਜ਼ੂਲ ਤੇ ਹਵਾਈ ਗੱਲਾਂ ਹੀ ਹਨ। ਉਸ ਦੀ ਕ੍ਰਿਪਾ ਬਿਨਾਂ, ਕੁੱਝ ਵੀ ਨਹੀਂ ਹੋ ਸਕਦਾ। ਪਰ ਜੇ ਮੋਹ ਨਾ ਮਰੇ ਤਾਂ ਫਿਰ ਕੀ ਹੁੰਦਾ ਹੈ? ਸੰਸਾਰ ਵਿਚ ਆਵਾਗਵਣ ਲੱਗਾ ਰਹਿੰਦਾ ਹੈ ਤੇ ਇਥੇ ਰਹਿ ਕੇ ਸਰਦਾਰੀਆਂ ਵੀ ਮਿਲਦੀਆਂ ਹਨ, ਵੱਡੇ ਵੱਡੇ ਨਾਂ (ਅਹੁਦੇ) ਵੀ ਮਿਲਦੇ ਹਨ ਪਰ ਇਹ ਸਰਦਾਰੀਆਂ ਤੇ ਵੱਡੇ ਨਾਂ ਵੀ ਮੋਹ ਦੀ ਜਕੜ ਵਿਚ ਹੀ ਫਸਾਈ ਜਾਂਦੇ ਹਨ।

ਸਾਰਿਆਂ ਨੂੰ ਇਹ ਕੁੱਝ ਨਹੀਂ ਵੀ ਮਿਲਦਾ ਤੇ ਉਹ ਮੰਗਤੇ ਬਣ ਕੇ ਵੀ ਜੀਵਨ ਗੁਜ਼ਾਰੀ ਜਾਂਦੇ ਹਨ। ਪਰ ਭਾਵੇਂ ਕੋਈ ਮੰਗਤਾ ਹੋਵੇ ਤੇ ਭਾਵੇਂ ਵੱਡੇ ਰੁਤਬੇ ਵਾਲਾ, ਸਮਝ ਦੁਹਾਂ ਨੂੰ ਉਦੋਂ ਹੀ ਆਉਂਦੀ ਹੈ ਜਦੋਂ ਇਹ ਜੀਵਨ ਦਾ ਸਫ਼ਰ ਮੁਕਾ ਕੇ, ਅਪਣੇ ਅਸਲੀ ਘਰ ਵਿਚ ਪਹੁੰਚਦੇ ਹਨ। ਉਥੇ ਹੀ ਪਤਾ ਲਗਦਾ ਹੈ ਕਿ ਜੀਵਨ ਐਵੇਂ ਭੁਲੇਖੇ ਵਿਚ ਹੀ ਗੁਜ਼ਾਰ ਕੇ ਆ ਗਏ।

ਬਾਬਾ ਨਾਨਕ ਕਹਿੰਦੇ ਹਨ, ਮੋਹ ਦੇ ਅਸਰ ਹੇਠ, ਪ੍ਰਭੂ ਤੋਂ ਦੂਰ ਰਹਿਣ ਵਾਲੇ ਲੋਕ, ਇਸ ਡਰ ਵਿਚ ਹੀ ਫਸੇ ਰਹਿੰਦੇ ਹਨ ਕਿ ਮਰ ਕੇ ਪਤਾ ਨਹੀਂ ਉੁਨ੍ਹਾਂ ਨਾਲ ਕੀ ਭਾਣਾ ਵਰਤੇਗਾ। ਇਸ ਝੋਰੇ ਵਿਚ ਖਿੱਝ ਖਿੱਝ ਕੇ ਸ੍ਰੀਰ ਨੂੰ ਵੀ ਖੀਣ (ਕਮਜ਼ੋਰ) ਕਰ ਲੈਂਦੇ ਹਨ। ਉਂਜ ਭਾਵੇਂ ਕੋਈ ਸੁਲਤਾਨ ਹੋਵੇ ਤੇ ਭਾਵੇਂ ਕੁੱਝ ਹੋਰ, ਉਹ ਜੀਊਂਦਿਆਂ ਜਿੰਨਾ ਚਾਹੇ ਮੋਹ ਪਾਲ ਲਵੇ, ਸ੍ਰੀਰ 'ਚੋਂ ਆਤਮਾ ਦੇ ਨਿਕਲਦਿਆਂ ਹੀ, ਦੁਨੀਆਂ ਦੇ ਸਾਰੇ ਮੋਹ ਝੂਠੇ ਨਜ਼ਰ ਆਉਣ ਲਗਦੇ ਹਨ। ਇਸ ਲਈ ਜੀਊਂਦਿਆਂ ਹੀ ਜਿਹੜਾ ਕੋਈ ਮੋਹ ਤੋਂ ਛੁਟਕਾਰਾ ਪਾ ਲਵੇਗਾ, ਉਹ ਇਥੇ ਵੀ ਡਰ ਭੈ ਤੋਂ ਮੁਕਤ ਹੋ ਕੇ ਰਹੇਗਾ ਤੇ ਅੱਗੇ ਵੀ ਉਸ ਨੂੰ ਸਤਿਕਾਰ ਮਿਲਣਾ ਪੱਕਾ ਹੈ।