ਸੋ ਦਰ ਤੇਰਾ ਕਿਹਾ- ਕਿਸਤ 42

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ -19

so ar tera keha

'ਰਾਗੁ ਆਸਾ ਮਹਲਾ ੧
ਛਿਅ ਘਰ ਛਿਅ ਗੁਰ ਛਿਅ ਉਪਦੇਸ ।।
ਗੁਰੁ ਗੁਰੁ ਏਕੋ ਵੇਸ ਅਨੇਕ ।। ੧ ।।
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ।।

ਸੋ ਘਰੁ ਰਾਖੁ ਵਡਾਈ ਤੋਇ ।। ੧।। ਰਹਾਉ।।
ਵਿਸੁਏ ਚਸਿਆ ਘੜੀਆ ਪਹਰਾ
ਥਿਤੀ ਵਾਰੀ ਮਾਹੁ ਹੋਆ ।।
ਸੂਰਜੁ ਏਕੋ ਰੁਤਿ ਅਨੇਕ
ਨਾਨਕ, ਕਰਤੇ ਕੇ ਕੇਤੇ ਵੇਸ ।।੨ ।।੨ ।।

ਬਾਬਾ ਨਾਨਕ ਦੁਨੀਆਂ ਦੇ ਇਕੋ ਇਕ ਰਹਿਬਰ ਤੇ ਪੈਗ਼ੰਬਰ ਹੋਏ ਹਨ ਜਿਨ੍ਹਾਂ ਨੇ ਰੱਬ, ਵਾਹਿਗੁਰੂ, ਪ੍ਰਮਾਤਮਾ ਬਾਰੇ ਇੰਨਾ ਜ਼ਿਆਦਾ ਲਿਖਿਆ ਹੈ ਤੇ ਏਨਾ ਸਪੱਸ਼ਟ ਲਿਖਿਆ ਹੈ ਕਿ ਕਿਸੇ ਹੋਰ ਰਹਿਬਰ ਨੇ ਵਾਹਿਗੁਰੂ ਬਾਰੇ ਉਨ੍ਹਾਂ ਦੇ ਮੁਕਾਬਲੇ, ਸੌਵਾਂ ਹਿੱਸਾ ਵੀ ਨਹੀਂ ਲਿਖਿਆ। ਜੇ ਵਿਦਵਾਨਾਂ ਦੀ ਭਾਸ਼ਾ ਵਿਚ ਗੱਲ ਕਰਨੀ ਹੋਵੇ ਤਾਂ ਮਾਨਵਤਾ ਦੇ ਇਤਿਹਾਸ ਵਿਚ, 'ਰੱਬ' ਦੇ ਵਿਸ਼ੇ ਤੇ, ਬਾਬਾ ਨਾਨਕ ਤੋਂ ਵੱਡਾ ਮਾਹਰ, ਦੁਨੀਆਂ ਜ਼ਮਾਨੇ ਨੇ ਅੱਜ ਤਕ ਕੋਈ ਨਹੀਂ ਪੈਦਾ ਕੀਤਾ। 

ਬਾਬਾ ਨਾਨਕ ਨੇ ਹਰ ਥਾਂ ਪਹੁੰਚ ਕੇ, ਹਰ ਸਥਿਤੀ ਵਿਚ ਆਪ ਦਾਖ਼ਲ ਹੋ ਕੇ, ਰੱਬੀ ਸੰਦੇਸ਼ ਦਿਤਾ , ਅਤੇ ਦਿਤਾ ਵੀ ਬੜੇ ਤਰਕਵਾਦੀ ਢੰਗ ਨਾਲ। ਉੁਨ੍ਹਾਂ ਨੇ ਰੱਬ ਨਾਲ ਜੋੜੇ ਜਾਂਦੇ ਹਰ ਝੂਠ ਨੂੰ ਚੁਨੌਤੀ ਦਿਤੀ ਤੇ ਦਸਿਆ ਕਿ ਰੱਬ ਦਾ ਕੋਈ ਬਦਲ ਨਹੀਂ, ਕੋਈ ਪ੍ਰਤੀਨਿਧ ਨਹੀਂ, ਕੋਈ ਇਕ ਪੁੱਤਰ ਨਹੀਂ, ਕੋਈ ਦਰਬਾਰ ਨਹੀਂ, ਉਹ ਕਣ ਕਣ ਵਿਚ ਮੌਜੂਦ ਹੈ ਤੇ ਜੋ ਵੀ ਕਰਦਾ ਹੈ, ਉਹ ਆਪ ਹੀ ਕਰਦਾ ਹੈ ਤੇ ਇਹ ਕੁੱਝ ਕਰਨ ਲਈ ਉਸ ਨੂੰ ਮਨੁੱਖ ਵਾਂਗ ਜਨਮ ਨਹੀਂ ਲੈਣਾ ਪੈਂਦਾ ਕਿਉਂਕਿ ਜਿਸ ਦਾ ਹੁਕਮ ਕਣ ਕਣ ਅਤੇ ਪੱਤੇ ਪੱਤੇ ਵਿਚ ਉਂਜ ਹੀ ਚਲਦਾ ਹੋਵੇ।

ਉਹ ਮਨੁੱਖ ਜਾਂ ਜਾਨਵਰ ਦੇ ਰੂਪ ਵਿਚ ਜਨਮ  ਧਾਰਨ ਦੀ ਗ਼ਲਤੀ ਕਿਉਂ ਕਰੇਗਾ?ਅਪਣਾ ਰੱਬੀ ਸੰਦੇਸ਼ ਦੇਣ ਲਈ ਬਾਬਾ ਨਾਨਕ ਧਰਤੀ ਦੇ ਚੱਪੇ ਚੱਪੇ 'ਤੇ ਗਏ ਪਰ ਹਰ ਥਾਂ ਉਨ੍ਹਾਂ ਵੇਖਿਆ ਕਿ ਲੋਕ ਵੱਖ ਵੱਖ ਗ੍ਰੰਥਾਂ, ਵਿਚਾਰਾਂ ਤੇ ਫ਼ਲਸਫ਼ਿਆਂ ਦਾ ਪ੍ਰਚਾਰ ਕਰਦੇ ਹੋਏ ਇਹ ਦਾਅਵਾ ਕਰਦੇ ਹੋਏ ਵੀ ਆਪਸ ਵਿਚ ਖਹਿਬੜਦੇ ਰਹਿੰਦੇ ਸਨ ਕਿ ਉੁਨ੍ਹਾਂ ਦਾ ਗ੍ਰੰਥ, ਉੁਨ੍ਹਾਂ ਦਾ ਫ਼ਲਸਫ਼ਾ, ਰੱਬੀ ਗ੍ਰੰਥ ਤੇ ਰੱਬੀ ਫ਼ਲਸਫ਼ਾ ਸੀ ਤੇ ਦੂਜਿਆਂ ਦੇ ਗ੍ਰੰਥ, ਦੂਜਿਆਂ ਦੇ ਫ਼ਲਸਫ਼ੇ 'ਰੱਬੀ' ਨਹੀਂ ਸਨ।

ਅਪਣੇ ਗ੍ਰੰਥਾਂ ਤੇ ਫ਼ਲਸਫ਼ਿਆਂ ਬਾਰੇ ਦਾਅਵੇ ਕੀਤੇ ਜਾਂਦੇ ਸਨ ਕਿ ਰੱਬ ਨੇ ਇਕ ਫ਼ਰਿਸ਼ਤਾ ਭੇਜ ਕੇ ਅਪਣੇ ਫ਼ਰਮਾਨ ਉਨ੍ਹਾਂ ਕੋਲ ਭੇਜੇ ਸਨ। ਬਾਬਾ ਨਾਨਕ ਆਪ ਹਰ ਥਾਂ ਗਏ, ਹਰ ਧਰਮ ਦੇ ਆਗੂ ਨੂੰ ਮਿਲੇ ਤੇ ਹਰ ਫ਼ਲਸਫ਼ੇ ਬਾਰੇ ਜਾਣਿਆ। ਇਸ ਸ਼ਬਦ ਵਿਚ ਆਪ ਉਸ ਸਾਰੀ ਸਥਿਤੀ ਨੂੰ ਸਮੇਟਦੇ ਹੋਏ ਫ਼ੁਰਮਾਉਂਦੇ ਹਨ ਕਿ ਦੁਨੀਆਂ ਵਿਚ ਅਨੇਕਾਂ ਹੀ ਫ਼ਲਸਫ਼ੇ ਹਨ, ਅਨੇਕਾਂ ਹੀ ਉਨ੍ਹਾਂ ਦਾ ਪ੍ਰਚਾਰ ਕਰਨ ਵਾਲੇ 'ਗੁਰੂ' ਹਨ ਤੇ ਅਨੇਕਾਂ ਹੀ ਉਪਦੇਸ਼ ਦੇ ਰਹੇ ਹਨ ਜੋ ਇਕ ਦੂਜੇ ਦੇ ਪੂਰਕ ਵੀ ਹਨ ਤੇ ਇਕ ਦੂਜੇ ਨੂੰ ਕੱਟਣ ਵਾਲੇ ਵੀ।

ਆਪ ਸੰਦੇਸ਼ ਦੇਂਦੇ ਹਨ ਕਿ ਇਨ੍ਹਾਂ ਗੁਰੂਆਂ, ਉਪਦੇਸ਼ਾਂ, ਫ਼ਲਸਫ਼ਿਆਂ ਦਾ ਕੋਈ ਮਹੱਤਵ ਹੁੰਦਾ ਹੋਵੇਗਾ ਪਰ ਅਸਲ ਮਹੱਤਵ ਇਨ੍ਹਾਂ ਸਾਰਿਆਂ ਦੇ ਅਸਲ ਗੁਰੂ ਤੇ ਸਾਰੇ ਫ਼ਲਸਫ਼ਿਆਂ, ਉਪਦੇਸ਼ਾਂ ਦੇ ਮੁਢ, ਅਕਾਲ ਪੁਰਖ ਦਾ ਹੀ ਹੈ ਤੇ ਹੋਰ ਕਿਸੇ ਦਾ ਵੀ ਨਹੀਂ। ਇਥੇ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਗੁਰਬਾਣੀ ਵਿਚ ਜਿਥੇ ਕਿਤੇ ਬ੍ਰਾਹਮਣੀ ਗ੍ਰੰਥਾਂ ਦਾ ਕੋਈ ਅੱਖਰ ਆ ਜਾਂਦਾ ਹੈ, ਸਾਡੇ ਚੰਗੇ ਚੰਗੇ ਵਿਆਖਿਆਕਾਰ ਤੇ ਉਲਥਾਕਾਰ ਵੀ ਇਸ ਕੋਸ਼ਿਸ਼ ਵਿਚ ਲੱਗ ਜਾਂਦੇ ਹਨ ਕਿ ਗੁਰਮਤਿ ਨਾਲ ਵੱਧ ਤੋਂ ਵੱਧ ਅਨਿਆਂ ਕੀਤਾ ਜਾਏ ਤੇ ਇਸ ਨੂੰ ਬ੍ਰਾਹਮਣ ਦੀ ਕੁੱਖ 'ਚੋਂ ਪੈਦਾ ਹੋਇਆ ਬੱਚਾ ਸਾਬਤ ਕੀਤਾ ਜਾਏ। ਪਰ ਇਹ ਇਕ ਐਸਾ ਸ਼ਬਦ ਹੈ। 

ਜਿਸ ਵਿਚ ਬ੍ਰਾਹਮਣੀ ਸ਼ਬਦਾਵਲੀ ਦਾ ਇਕ ਵੀ ਅੱਖਰ ਨਹੀਂ ਵਰਤਿਆ ਗਿਆ, ਫਿਰ ਵੀ ਸਾਡੇ ਵੇਦ ਗਿਆਨ ਦੇ ਮਾਹਰ, ਆਦਤੋਂ ਮਜਬੂਰ ਹੋ ਕੇ, ਧੱਕੇ ਨਾਲ ਇਸ ਸ਼ਬਦ ਨੂੰ ਬ੍ਰਾਹਮਣ ਗ੍ਰੰਥਾਂ ਨਾਲ ਜਾ ਜੋੜਦੇ ਹਨ ਤੇ ਗੁਰੂ ਦੇ ਉਪਦੇਸ਼ ਨੂੰ ਛੁਟਿਆਉਣ ਦਾ ਕਾਰਨ ਬਣਦੇ ਹਨ। ਅਸੀ ਗੱਲ ਗ਼ੈਰਾਂ ਦੀ ਨਹੀਂ ਕਰ ਰਹੇ, ਗੁਰੂ ਦੇ ਅਪਣੇ ਆਖੇ ਜਾਂਦੇ ਵਿਦਵਾਨ ਸਿੱਖਾਂ ਦੀ ਕਰ ਰਹੇ ਹਾਂ। ਉਪਰ ਸਾਰਾ ਸ਼ਬਦ ਪੜ੍ਹੋ।

ਕਿਸੇ ਖ਼ਾਸ ਗ੍ਰੰਥ ਬਾਰੇ ਕੋਈ ਗੱਲ ਨਹੀਂ ਕੀਤੀ ਗਈ, ਫਿਰ ਵੀ 'ਛਿਅ' ਨੂੰ 'ਛੇ' ਕਹਿ ਕੇ ਝੱਟ ਫ਼ੈਸਲਾ ਸੁਣਾ ਦਿਤਾ ਜਾਂਦਾ ਹੈ ਕਿ ਬਾਬੇ ਨਾਨਕ ਦਾ ਮਤਲਬ ਛੇ ਬ੍ਰਾਹਮਣ ਸ਼ਾਸਤਰਾਂ (ਸਾਂਖ, ਨਿਆਇ, ਵੈਸ਼ੇਸ਼ਿਕ, ਯੋਗ, ਮੀਮਾਂਸਾ, ਵੇਦਾਂਤ), ਛੇ ਗੁਰੂਆਂ ਅਰਥਾਤ ਉਪ੍ਰੋਕਤ ਸ਼ਾਸਤਰਾਂ ਦੇ ਕਰਤਾ ਲੋਕਾਂ (ਕਪਲ, ਗੌਤਮ, ਕਣਾਦ, ਪਾਤੰਜਲੀ, ਜੈਮਿਨੀ, ਵਿਆਸ) ਤੇ ਉਪੇਦਸ਼ਾਂ (ਛੇ ਉਪਦੇਸ਼ਾਂ ਦਾ ਜ਼ਿਕਰ ਨਹੀਂ ਲੱਭ ਸਕੇ ਤੇ ਗੱਲ ਅਧਵਾਟੇ ਹੀ ਛੱਡ ਦਿਤੀ ਹੈ)।

ਚਲਦਾ ...