ਸੋ ਦਰ ਤੇਰਾ ਕਿਹਾ-ਕਿਸ਼ਤ 80

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ - 29

So Dar Tera Keha-80

ਸਿਰੀ ਰਾਗੁ ਮਹਲਾ ੧
ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ।।
ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ।।
ਨਾ ਬੇੜੀ ਨਾ ਤੁਲਹੜਾ, ਨਾ ਪਾਈਐ ਪਿਰੁ ਦੂਰਿ ।।੧।।

ਮੇਰੇ ਠਾਕੁਰ ਪੂਰੇ ਤਖਤਿ ਅਡੋਲੁ।।
ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ।।੧।।ਰਹਾਉ।।
ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ।।
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ।।

ਬਿਨੁ ਪਉੜੀ ਗੜਿ ਕਿਉ ਚੜਉ,
ਗੁਰ ਹਰਿ ਧਿਆਨ ਨਿਹਾਲ।।੨।।
ਗੁਰੁ ਪਉੜੀ, ਬੇੜੀ ਗੁਰੂ, ਗੁਰੁ ਤੁਲਹਾ ਹਰਿ ਨਾਉ।।
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰਿਆਉ।।

ਜੇ ਤਿਸੁ ਭਾਵੈ ਊਜਲੀ ਸਤਸਰਿ ਨਾਵਣ ਜਾਉ ।।੩।।
ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ।।
ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ।।
ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ।।੪।।

ਗੁਰਮਤਿ ਵਿਚ ਸਾਰੇ ਮਨੁੱਖਾਂ ਨੂੰ 'ਨਾਰ' ਮੰਨਿਆ ਗਿਆ ਹੈ ਤੇ ਕੇਵਲ ਇਕ ਪ੍ਰਮਾਤਮਾ ਨੂੰ ਹੀ 'ਪੁਰਖ' ਮੰਨਿਆ ਗਿਆ ਹੈ (ਏਕਾ ਪੁਰਖ ਸਬਾਈ ਨਾਰ)। ਇਥੇ ਸ੍ਰੀਰ-ਆਤਮਾ ਨੂੰ ਦੋ ਪ੍ਰਕਾਰ ਦੀਆਂ ਇਸਤਰੀਆਂ ਵਜੋਂ ਲਿਆ ਗਿਆ ਹੈ। ਪਹਿਲੀ ਉਹ ਜੋ ਇਸ ਸੰਸਾਰ ਵਿਚ ਵਿਚਰਦਿਆਂ ਹੋਇਆਂ ਵੀ, ਅਪਣੇ ਗੁਣਾਂ ਦਾ ਤਿਆਗ ਨਹੀਂ ਕਰਦੀ ਤੇ ਦੂਜੀ ਉਹ ਜੋ ਸੰਸਾਰ ਦੇ ਸਾਰੇ ਸੁੱਖਾਂ ਵਿਚ ਲਿਪਟ ਕੇ ਤੇ ਅਪਣੇ ਅਸਲੇ ਨੂੰ ਭੁਲ ਕੇ, ਔਗੁਣਾਂ ਦੇ ਭਾਰ ਹੇਠ ਦੱਬ ਜਾਂਦੀ ਹੈ। ਇਸ ਦੂਜੀ ਸ੍ਰੀਰ ਆਤਮਾ ਰੂਪੀ ਇਸਤਰੀ ਨੂੰ 'ਔਗੁਣਹਾਰੀ' ਕਹਿ ਕੇ ਪੁਕਾਰਿਆ ਗਿਆ ਹੈ।

ਬਾਬਾ ਨਾਨਕ ਫ਼ਰਮਾਂਦੇ ਹਨ ਕਿ ਜੇ ਪਤਾ ਕਰਨਾ ਜਾਂ ਜਾਣਨਾ ਹੋਵੇ ਕਿ ਕਿਹੜੀ ਸ੍ਰੀਰ-ਆਤਮਾ ਗੁਣਵੰਤੀ ਹੈ ਤੇ ਕਿਹੜੀ ਔਗੁਣਹਾਰੀ ਤਾਂ ਇਹ ਜਾਣਨ ਦਾ ਸੌਖਾ ਰਾਹ ਇਹ ਹੈ ਕਿ ਵੇਖੋ ਕਿ ਦੋਵੇਂ ਕਰ ਕੀ ਰਹੀਆਂ ਹਨ। ਜੇ ਤਾਂ ਸ੍ਰੀਰ-ਆਤਮਾ, ਸੰਸਾਰ ਦੇ ਦੂਜੇ ਲੋਕਾਂ ਅੰਦਰ ਗੁਣਾਂ ਦੀਆਂ ਝੋਲੀਆਂ ਭਰ ਭਰ ਵੰਡ ਰਹੀ ਹੈ ਤਾਂ ਉਹ ਗੁਣਵੰਤੀ ਹੈ। 'ਗੁਣਵੰਤੀ'-ਆਤਮਾ ਜਿਥੇ ਵੀ ਜਾਂਦੀ ਹੈ, ਚੰਗੇ ਗੁਣ ਅਪਣੇ ਨਾਲ ਲੈ ਜਾਂਦੀ ਹੈ ਤੇ ਲੈ ਹੀ ਨਹੀਂ ਜਾਂਦੀ, ਵੰਡਦੀ ਵੀ ਰਹਿੰਦੀ ਹੈ। ਉਸ ਨੂੰ ਕੋਈ ਇਕ ਵਾਰ ਮਿਲ ਲੈਂਦਾ ਹੈ ਤਾਂ ਇਹੀ ਕਹਿੰਦਾ ਹੈ ਕਿ ਇਸ ਨੂੰ ਪਹਿਲਾਂ ਕਿਉਂ ਨਹੀਂ ਮਿਲਿਆ?

ਅਜਿਹਾ ਇਸ ਲਈ ਹੈ ਕਿਉਂਕਿ ਉਸ ਨੂੰ ਮਿਲਿਆਂ, ਬੜੇ ਚੰਗੇ ਗੁਣਾਂ ਦੀ ਪਿਉਂਦ ਤੁਹਾਡੇ ਸ੍ਰੀਰ ਅੰਦਰ ਵੀ ਲੱਗ ਜਾਂਦੀ ਹੈ। ਬੜੇ ਥੋੜੇ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨਾਲ ਤੁਹਾਡਾ ਖ਼ੂਨ ਦਾ ਰਿਸ਼ਤਾ ਕੋਈ ਨਹੀਂ ਹੁੰਦਾ ਪਰ ਤੁਸੀ ਉਨ੍ਹਾਂ ਨੂੰ ਮਿਲ ਕੇ ਤੇ ਗੱਲ ਕਰ ਕੇ ਕਹਿ ਉਠਦੇ ਹੋ, ''ਇਹਨੂੰ ਤਾਂ ਮੇਰੀ ਉਮਰ ਵੀ ਲੱਗ ਜਾਏ।'' ਉਸ ਜੀਵ-ਆਤਮਾ ਰੂਪੀ ਇਸਤਰੀ ਦੇ ਗੁਣ ਤੁਹਾਨੂੰ ਏਨੀ ਖ਼ੁਸ਼ੀ ਦੇਂਦੇ ਹਨ ਕਿ ਤੁਸੀ ਅਪਣੀ ਉਮਰ ਵੀ ਉਸ ਉਤੇ ਵਾਰਨ ਲਈ ਤਿਆਰ ਹੋ ਜਾਂਦੇ ਹੋ।

ਦੂਜੀ ਇਸਤਰੀ (ਜੀਵ-ਆਤਮਾ) ਉਹ ਹੈ ਜੋ ਹਰ ਸਮੇਂ ਝੂਰਦੀ ਹੀ ਰਹਿੰਦੀ ਹੈ। ਝੂਰਦੀ ਕਿਉਂ ਰਹਿੰਦੀ ਹੈ? ਕਿਉਂਕਿ ਉਸ ਅੰਦਰ ਗੁਣ ਤਾਂ ਕੋਈ ਹੁੰਦੇ ਨਹੀਂ ਤੇ ਗੁਣਾਂ ਤੋਂ ਬਿਨਾਂ ਤਾਂ ਇਹ ਜੀਵਨ ਬੜਾ ਨੀਰਸ ਤੇ ਮਾਯੂਸ ਕਰਨ ਵਾਲਾ ਹੀ ਲਗਦਾ ਹੈ। ਅੰਦਰ ਗੁਣ ਹੋਣ ਤਾਂ ਅਪਣਾ ਪੇਟ ਭੁੱਖਾ ਹੋਵੇ, ਤਾਂ ਵੀ ਕਿਸੇ ਦੂਜੇ ਦੀ ਭੁੱਖ ਪਹਿਲਾਂ ਮਿਟਾਉਣ ਨੂੰ ਜੀਅ ਕਰਦਾ ਹੈ ਤੇ ਅਪਣੀ ਭੁੱਖ ਨੂੰ ਹੱਸ ਕੇ ਜਰ ਲਈਦਾ ਹੈ। ਅੰਦਰ ਗੁਣ ਹੋਣ ਤਾਂ ਧਰਮ, ਦੇਸ਼, ਮਾਨਵਤਾ ਅਤੇ ਅਸੂਲਾਂ ਖ਼ਾਤਰ, ਅਪਣੇ ਪ੍ਰਾਣਾਂ ਦੀ ਆਹੂਤੀ ਦੇਣ ਲਗਿਆਂ ਵੀ ਮਨ ਘਬਰਾਉਂਦਾ ਨਹੀਂ।

ਅੰਦਰ ਗੁਣ ਹੋਣ ਤਾਂ ਮਾਇਆ ਜੋੜਨ ਨੂੰ ਦਿਲ ਹੀ ਨਹੀਂ ਕਰਦਾ ਤੇ ਅੰਦਰੋਂ ਆਵਾਜ਼ ਆਉਣ ਲਗਦੀ ਹੈ ਕਿ ਇਸ ਮਾਇਆ ਨੂੰ ਬੇਕਾਰ ਰੱਖਣ, ਜੋੜਨ ਤੇ ਮਹਿਲ ਮਾੜੀਆਂ ਉਸਾਰਨ ਨਾਲੋਂ ਕਿਸੇ ਚੰਗੇ ਕੰਮ ਵਿਚ ਕਿਉਂ ਨਾ ਲਾ ਦਈਏ? ਪਰ ਜੇ ਅੰਦਰ ਗੁਣ ਨਾ ਹੋਣ ਤਾਂ ਮਾੜੀ ਜਹੀ ਕੁਰਬਾਨੀ, ਮਾੜੀ ਜਹੀ ਖੁਲ੍ਹਦਿਲੀ ਤੇ ਮਾੜੀ ਜਹੀ ਤ੍ਰਿਪਤੀ ਵੀ ਨੇੜੇ ਨਹੀਂ ਢੁਕਦੀ ਤੇ ਸੱਭ ਕੁੱਝ ਜਾਣਦਿਆਂ ਹੋਇਆਂ ਵੀ ਕਿ ਇਸ ਜਗਤ ਦੀ ਹਰ ਵਸਤ ਬਿਸਨਹਾਰ ਹੈ, ਇਨ੍ਹਾਂ ਵਸਤਾਂ ਦਾ ਹਾਬੜਾ ਲੱਗਾ ਰਹਿੰਦਾ ਹੈ।

ਸੱਭ ਤੋਂ ਵੱਡੀ ਗੱਲ ਕਿ ਗੁਣਾਂ ਤੋਂ ਸਖਣੀ ਜੀਵ ਆਤਮਾ ਕਦੇ ਵੀ ਕੁਦਰਤ ਦੇ ਅਸੂਲਾਂ ਤੇ ਕੁਦਰਤ ਦੇ ਇਨਸਾਫ਼ ਤੋਂ ਖ਼ੁਸ਼ ਨਹੀਂ ਤੇ ਝੂਰਦੀ ਹੀ ਰਹਿੰਦੀ ਹੈ। ਉਸ ਦੇ ਮੂੰਹ 'ਚੋਂ 'ਤੇਰਾ ਭਾਣਾ ਮੀਠਾ ਲਾਗੇ' ਕਦੇ ਨਹੀਂ ਨਿਕਲਦਾ। ਉਹ ਕੂੜੇ (ਝੂਠੇ) ਸੰਸਾਰ ਦੇ ਕੂੜ ਵਿਚ ਹੀ ਗ੍ਰਸੀ ਰਹਿੰਦੀ ਹੈ। ਬਾਬਾ ਨਾਨਕ ਸੰਦੇਸ਼ ਦੇਂਦੇ ਹਨ ਕਿ ਹੇ ਜੀਵ-ਇਸਤਰੀ, ਜੇ ਤੂੰ ਪ੍ਰਭੂ-ਪਤੀ ਦਾ ਪਿਆਰ ਹਾਸਲ ਕਰਨਾ ਚਾਹੁੰਦੀ ਹੈਂ ਤਾਂ ਉਹ ਪਿਆਰਾ ਇਸ ਕੂੜ-ਭਰੇ ਮਾਹੌਲ ਵਿਚ ਆ ਕੇ ਤੈਨੂੰ ਕਿਵੇਂ ਮਿਲੇਗਾ? ਨਹੀਂ ਮਿਲੇਗਾ ਕਿਉਂਕਿ ਉਹ ਤਾਂ ਕੇਵਲ ਸੱਚ ਦੇ ਰਾਹ 'ਤੇ ਚਲਣ ਵਾਲਿਆਂ ਨੂੰ ਹੀ ਮਿਲਦਾ ਹੈ।

ਚਲਦਾ...