ਸੋ ਦਰ ਤੇਰਾ ਕਿਹਾ-ਕਿਸ਼ਤ 81

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਹੇ ਗੁਣਵੰਤੀਏ ਨਾਰੇ, ਇਹ ਵੀ ਸਮਝ ਲੈ ਕਿ ਜਿਥੇ ਤੇਰਾ ਪ੍ਰੀਤਮ ਰਹਿੰਦਾ ਹੈ, ਉਹ ਦੂਰ ਤਾਂ ਬਹੁਤ ਹੈ। ਸਮਝ ਲੈ ਕਿ ਤੂੰ ਸਮੁੰਦਰ ਦੇ ਇਕ ਕੰਢੇ 'ਤੇ ਬੈਠੀ ਹੈਂ ਤੇ ਉਹ...

So Dar Tera Keha-81

ਅੱਗੇ... 

ਹੇ ਗੁਣਵੰਤੀਏ ਨਾਰੇ, ਇਹ ਵੀ ਸਮਝ ਲੈ ਕਿ ਜਿਥੇ ਤੇਰਾ ਪ੍ਰੀਤਮ ਰਹਿੰਦਾ ਹੈ, ਉਹ ਦੂਰ ਤਾਂ ਬਹੁਤ ਹੈ। ਸਮਝ ਲੈ ਕਿ ਤੂੰ ਸਮੁੰਦਰ ਦੇ ਇਕ ਕੰਢੇ 'ਤੇ ਬੈਠੀ ਹੈਂ ਤੇ ਉਹ ਦੂਜੇ ਕੰਢੇ ਤੇ। ਪਰ ਜੇ ਤੂੰ ਸਮਝਦੀ ਹੈਂ ਕਿ ਬੇੜੀ ਉਤੇ ਸਵਾਰ ਹੋ ਕੇ ਜਾਂ ਤੁਲਹੇ ਦੀ ਮਦਦ ਨਾਲ ਪਰਲੇ ਕਿਨਾਰੇ ਬੈਠੇ ਅਪਣੇ ਪ੍ਰੀਤਮ ਤਕ ਪਹੁੰਚ ਜਾਏਂਗੀ ਤਾਂ ਗੁਣਾਂ ਵਾਲੀਏ, ਗੁਣਵੰਤੀਏ, ਤੂੰ ਵੀ ਭੁਲੇਖੇ ਵਿਚ ਰਹਿ ਰਹੀਂ ਏਂ। ਸੰਸਾਰ ਦੀ ਕੋਈ ਬੇੜੀ ਤੇ ਕੋਈ ਤੁਲਹਾ ਤੈਨੂੰ ਉਸ ਤਕ ਨਹੀਂ ਪਹੁੰਚਾ ਸਕਦਾ।

ਫਿਰ ਕਿਵੇਂ ਪਹੁੰਚਿਆ ਜਾ ਸਕਦਾ ਹੈ ਉਸ ਤਕ? ਬਾਬਾ ਨਾਨਕ ਉੱਤਰ ਦੇਂਦੇ ਹਨ ਕਿ ਸ੍ਰਿਸ਼ਟੀ ਦੇ ਕਦੇ ਨਾ ਹਿਲਣ ਵਾਲੇ, ਕਦੇ ਨਾ ਖ਼ਰਾਬ ਹੋਣ ਵਾਲੇ ਤਖ਼ਤ ਦੇ ਮਾਲਕ ਤਕ ਪਹੁੰਚਣ ਦਾ ਇਕੋ ਤਰੀਕਾ ਹੈ ਕਿ ਗੁਰਮੁਖਿ (ਪ੍ਰਭੂ) ਵਲ ਮੁੱਖ ਰੱਖਣ ਵਾਲੀ ਕੋਈ ਆਤਮਾ ਅਰਥਾਤ ਗੁਣਵੰਤੀ) ਹੀ ਮਿਲ ਜਾਏ ਤੇ ਤੈਨੂੰ ਉਸ ਸੱਚੇ ਵਲ ਛੇਤੀ ਪਹੁੰਚਣ ਵਾਲੇ ਉਸ ਮਾਰਗ 'ਤੇ ਪਾ ਦੇਵੇ ਜਿਸ ਨੂੰ ਅੱਖਰਾਂ ਵਿਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਤੇ ਜੋ ਅਤੋਲ ਹੈ।

ਪਹਿਲਾਂ ਛਪੇ ਹੋਏ ਟੀਕਿਆਂ ਵਿਚ ਵੀ 'ਗੁਰਮੁਖਿ' ਦਾ ਅਰਥ ਪ੍ਰਭੂ ਹੀ ਕੀ ਮਿਲਦਾ ਹੈ। ਇਸ ਤੋਂ ਬਾਅਦ ਬਾਬਾ ਨਾਨਕ ਦੋ ਮਿਸਾਲਾਂ ਦੇ ਕੇ ਸਮਝਾਂਦੇ ਹਨ ਕਿ ਅਕਾਲ ਪੁਰਖ ਤਕ ਪਹੁੰਚਣਾ ਕਿਸ ਤਰ੍ਹਾਂ ਦਾ ਕਰਮ ਹੈ ਤੇ ਇਹਦੇ ਲਈ ਬੇੜੀ ਤੇ ਤੁਲਹਾ ਕਿਹੜੇ ਹਨ ਤੇ ਕਿਵੇਂ ਕੰਮ ਕਰਦੇ ਹਨ। ਬਾਬਾ ਨਾਨਕ 'ਗੁਣਵੰਤੀ ਨਾਰ' ਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ ਕਿ ਹੇ ਗੁਣਵੰਤੀਏ!

ਸਮਝ ਲੈ ਕਿ ਪ੍ਰਭੂ ਤਕ ਪਹੁੰਚਣਾ ਇਸ ਤਰ੍ਹਾਂ ਹੀ ਹੈ ਜਿਵੇਂ ਕਿ ਇਕ ਸੁੰਦਰ ਮਾੜੀ, ਮਹੱਲ (ਮੰਦਰ) ਹੈ ਜਿਸ ਵਿਚ ਮਾਣਕ, ਲਾਲ, ਮੋਤੀ ਤੇ ਚਮਕਦੇ ਹੀਰੇ ਜੜੇ ਹੋਏ ਹਨ। ਉਸ ਮਹਲ ਦੇ ਚਾਰੇ ਪਾਸੇ ਸੋਨੇ ਦੇ ਸੁੰਦਰ ਕਿਲ੍ਹੇ ਬਣੇ ਹੋਏ ਹਨ। ਕੌਣ ਨਹੀਂ ਚਾਹੇਗਾ ਕਿ ਉਸ ਸੁੰਦਰ ਹੀਰੇ-ਮੋਤੀ ਜੜੇ ਮਹੱਲ ਵਿਚ ਪਹੁੰਚ ਕੇ ਸੁੱਖ ਅਨੰਦ ਪ੍ਰਾਪਤ ਕਰੇ? ਪਰ ਉਹ ਤਾਂ ਸੋਨੇ ਦੇ ਕਿਲ੍ਹਿਆਂ ਵਿਚਕਾਰ ਘਿਰਿਆ ਹੋਇਆ ਮਹੱਲ ਹੈ ਤੇ ਰਾਹ ਵਿਚ ਪਾਣੀ ਦੀ ਵੱਡੀ ਖਾਈ ਹੈ।

ਫਿਰ ਉਥੇ ਤਕ ਪਹੁੰਚਿਆ ਕਿਵੇਂ ਜਾਏ? ਕੀ ਤੇਰੇ ਕੋਲ ਉਹ ਵਸਤਾਂ ਹਨ ਜਿਨ੍ਹਾਂ ਦੇ ਸਹਾਰੇ ਤੂੰ ਉਸ ਦੂਰੋਂ ਨਜ਼ਰ ਆਉਂਦੇ ਮੰਦਰ (ਮਹੱਲ) ਤਕ ਪਹੁੰਚ ਸਕਦੀ ਹੈਂ? ਪਹਿਲੀ ਚੀਜ਼ ਜੋ ਉਸ ਮਹੱਲ ਤਕ ਪੁੱਜਣ ਲਈ ਚਾਹੀਦੀ ਹੋਵੇਗੀ, ਉਹ ਪੌੜੀ ਹੈ ਜਿਸ ਤੋਂ ਬਿਨਾਂ ਤੂੰ ਕਿਲ੍ਹੇ ਦੀ ਦੀਵਾਰ 'ਤੇ ਚੜ੍ਹ ਕੇ ਅੰਦਰ ਜਾ ਹੀ ਨਹੀਂ ਸਕਦੀ। ਇਹ ਪੌੜੀ ਹੀ ਤੇਰੇ ਮੰਦਰ (ਮਹੱਲ) ਤਕ ਪਹੁੰਚਣ ਦਾ ਪਹਿਲਾ ਸਾਧਨ ਬਣ ਸਕਦੀ ਹੈ। ਪਰ ਹੈ ਇਕ ਤਰੀਕਾ ਵੀ। 'ਗੁਰ ਹਰਿ ਧਿਆਨ' ਲਗਾ। 'ਹਰੀ ਗੁਰੂ' ਅਰਥਾਤ ਪ੍ਰਮਾਤਮਾ ਗੁਰੂ ਵਲ ਧਿਆਨ ਲਗਾ। ਜੇ ਤੂੰ ਧਿਆਨ ਪ੍ਰਭੂ ਵਲ ਲਗਾਉਣ ਵਿਚ ਸਫ਼ਲ ਹੋ ਗਈ ਤਾਂ ਇਹ ਧਿਆਨ ਹੀ ਤੇਰੀ ਪੌੜੀ ਬਣ ਜਾਏਗਾ।

ਚਲਦਾ...