ਸੋ ਦਰ ਤੇਰਾ ਕਿਹਾ-ਕਿਸ਼ਤ 82

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਗਲੀਆਂ ਤੁਕਾਂ ਵਿਚ ਬਾਬਾ ਨਾਨਕ ਫ਼ੁਰਮਾਉਂਦੇ ਹਨ ਕਿ ਇਸ ਸੰਸਾਰ ਤੋਂ ਉਸ ਪ੍ਰਭੂ ਦੇ ਦਰ 'ਤੇ ਪਹੁੰਚਣ ਦਾ ਰਾਹ ਵੀ ਉਸ ਤਰ੍ਹਾਂ ਹੀ ਹੈ ਜਿਵੇਂ ਉਪਰ ਵਰਣਤ...

So Dar Tera Keha-82

ਅੱਗੇ...

ਅਗਲੀਆਂ ਤੁਕਾਂ ਵਿਚ ਬਾਬਾ ਨਾਨਕ ਫ਼ੁਰਮਾਉਂਦੇ ਹਨ ਕਿ ਇਸ ਸੰਸਾਰ ਤੋਂ ਉਸ ਪ੍ਰਭੂ ਦੇ ਦਰ 'ਤੇ ਪਹੁੰਚਣ ਦਾ ਰਾਹ ਵੀ ਉਸ ਤਰ੍ਹਾਂ ਹੀ ਹੈ ਜਿਵੇਂ ਉਪਰ ਵਰਣਤ, ਸੋਨੇ ਦੇ ਮਹੱਲਾਂ ਵਿਚ ਘਿਰੇ ਮੋਤੀ, ਮਾਣਕ ਦੇ ਮਹੱਲ ਤਕ ਪਹੁੰਚਣ ਦਾ ਔਖਾ ਰਾਹ। ਜਿਵੇਂ ਉਸ ਮਹੱਲ ਤਕ ਪੁੱਜਣ ਲਈ ਕੋਈ ਸੰਸਾਰੀ ਪੌੜੀ, ਬੇੜੀ ਜਾਂ ਤੁਲਹਾ ਕੰਮ ਨਹੀਂ ਆ ਸਕਦਾ, ਉਸੇ ਤਰ੍ਹਾਂ ਇਸ ਸੰਸਾਰ (ਭਵ-ਸਾਗਰ) ਨੂੰ ਪਾਰ ਕਰ ਕੇ ਪ੍ਰਭੂ ਦੇ ਦਰ 'ਤੇ ਪੁੱਜਣ ਲਈ ਵੀ ਤੈਨੂੰ ਪੌੜੀ, ਬੇੜੀ ਤੇ ਤੁਲਹਾ ਚਾਹੀਦੇ ਹੋਣਗੇ ਪਰ ਯਕੀਨ ਰੱਖ, ਉਸ ਹਰੀ ਪ੍ਰਭੂ ਦਾ ਨਾਂ ਹੀ ਸੱਭ ਤੋਂ ਚੰਗੀ ਪੌੜੀ ਹੈ, ਬੇੜੀ ਹੈ ਤੇ ਤੁਲਹਾ ਹੈ।

ਜਿਸ ਦੀ ਮਦਦ ਨਾਲ ਤੂੰ ਭਵ-ਸਾਗਰ ਨੂੰ ਪਾਰ ਕਰ ਕੇ, ਪ੍ਰਭੂ ਦੇ ਦਰ 'ਤੇ ਜਾ ਪੁੱਜੇਂਗੀ। ਜੇ ਤਾਂ ਤੂੰ ਗੁਣਵੰਤੀ ਹੈਂ, ਫਿਰ ਤਾਂ ਤੈਨੂੰ ਪ੍ਰਭੂ ਦੇ ਨਾਮ ਨੂੰ ਪੌੜੀ, ਬੇੜੀ ਤੇ ਤੁਲਹਾ ਵਜੋਂ ਵਰਤਣ ਵਿਚ ਕੋਈ ਔਕੜ ਨਹੀਂ ਆਏਗੀ ਪਰ ਜੇ 'ਔਗੁਣਵਤੀ' ਹੈਂ ਤਾਂ ਇਹੀ ਸੋਚਦੀ ਰਹੇਂਗੀ ਕਿ ਨਾਮ ਦੀ ਪੌੜੀ, ਨਾਮ ਦੀ ਬੇੜੀ ਤੇ ਨਾਮ ਦਾ ਤੁਲਹਾ ਕੌਣ ਪ੍ਰਾਪਤ ਕਰੇ ਤੇ ਕਿਵੇਂ ਪ੍ਰਾਪਤ ਕਰੇ? ਤੂੰ ਇਸ ਵਿਚਾਰ ਵਿਚ ਖੁਭਿਆ ਹੀ ਝੂਰਦਾ ਰਹੇਂਗਾ। ਇਕ ਗੱਲ ਯਾਦ ਰੱਖ ਲੈ ਕਿ ਧਰਮ ਦੀ ਦੁਨੀਆਂ ਵਿਚ ਉਹ ਪ੍ਰਮਾਤਮਾ ਹੀ ਗੁਰੂ ਹੈ।

ਉਹੀ ਉਹ ਭਵਸਾਗਰ ਹੈ ਜਿਸ ਨੂੰ ਪਾਰ ਕਰ ਕੇ ਤੂੰ ਪ੍ਰਭੂ ਦੇ ਦਰ ਜਾਣਾ ਹੈ ਤੇ ਉਹੀ ਤੀਰਥਾਂ ਵਜੋਂ ਪ੍ਰਸਿੱਧ ਦਰਿਆ ਹੈ ਜਿਸ ਦੇ ਇਸ਼ਨਾਨ ਦੀ ਤੂੰ ਬੜੀ ਮਹਿਮਾ ਗਾਉਂਦੀ ਰਹਿੰਦੀ ਹੈਂ। ਜੇ ਉਸ ਪ੍ਰਭੂ ਦੀ ਕ੍ਰਿਪਾ ਤੇਰੇ 'ਤੇ ਹੋ ਜਾਵੇ ਤਾਂ ਤੂੰ ਵੀ ਨਾਮ ਦੇ ਸੱਚੇ ਸਰੋਵਰ (ਜਿਸ ਵਿਚ ਜੂਠ ਜਾਂ ਪਲੀਤ ਕਰਨ ਵਾਲਾ ਕੁੱਝ ਵੀ ਸ਼ਾਮਲ ਨਹੀਂ ਹੋ ਸਕਦਾ) ਵਿਚ ਇਸ਼ਨਾਨ ਕਰ ਕੇ ਮੁੱਖ ਉਜਲਾ, ਸੁੰਦਰ ਕਰ ਸਕਦੀ ਹੈ। ਉਹ ਅਕਾਲ ਪੁਰਖ ਹੀ ਅਜਿਹੀ ਹਸਤੀ ਹੈ ਜਿਸ ਨੂੰ ਹਰ ਕੋਈ ਪੂਰਾ ਆਖਦਾ ਹੈ। ਬਾਕੀ ਸੱਭ ਕੁੱਝ ਅਧੂਰਾ ਤੇ ਕੱਚਾ ਹੀ ਹੈ।

ਉਹ ਪੂਰਾ ਕਿਹਾ ਜਾਣ ਵਾਲਾ ਪ੍ਰਭੂ ਅਪਣੇ ਅਜ਼ਲੀ ਤਖ਼ਤ ਦਾ ਸ਼ਿੰਗਾਰ ਬਣਿਆ ਹੋਇਆ ਹੈ ਤੇ ਸੱਭ ਦੀਆਂ ਆਸਾਂ ਪੂਰੀਆਂ ਕਰਦਾ ਤੇ ਨਿਰਾਸ਼ਾ ਦੂਰ ਕਰਦਾ ਹੈ। ਗੱਲ ਗੁਣਵੰਤੀ ਤੋਂ ਸ਼ੁਰੂ ਹੋਈ ਸੀ। ਅੰਤਮ ਤੁਕ ਵਿਚ ਬਾਬਾ ਜੀ ਫ਼ੁਰਮਾਉਂਦੇ ਹਨ ਕਿ ਜਿਸ ਨੂੰ ਉਹ ਪੂਰਾ ਮਿਲ ਪਵੇ, ਉਸ ਮਨੁੱਖ ਵਿਚ ਕੋਈ ਕਮੀ ਬਾਕੀ ਨਹੀਂ ਰਹਿ ਜਾਂਦੀ ਅਰਥਾਤ ਉਹ ਪੂਰੀ ਤਰ੍ਹਾਂ ਗੁਣਵੰਤੀ ਬਣ ਕੇ ਰਹਿ ਜਾਂਦਾ ਹੈ।

ਇਸ ਪਾਵਨ ਸ਼ਬਦ ਵਿਚ ਬਾਬਾ ਨਾਨਕ ਨੇ ਜਿਥੇ ਇਹ ਦਸਦਿਆਂ ਹੋਇਆਂ ਕਿ ਗੁਣਵੰਤੀ ਸ੍ਰੀਰ-²ਆਤਮਾ ਕਿਹੜੀ ਹੁੰਦੀ ਹੈ ਤੇ ਅਉਗੁਣਵੰਤੀ ਕਿਹੜੀ ਹੁੰਦੀ ਹੈ, ਇਹ ਸੁੱਚਾ ਉਪਦੇਸ਼ ਵੀ ਦਿਤਾ ਹੈ ਕਿ ਸੰਸਾਰ ਵਿਚ ਚੰਗਿਆਈ, ਖ਼ੁਸ਼ਬੂ ਅਤੇ ਭਲਾਈ ਗੁਣਵੰਤੀਆਂ ਦੇ ਸਹਾਰੇ ਹੀ ਫੈਲੀ ਮਿਲਦੀ ਹੈ ਵਰਨਾ ਅਉਗੁਣਵੰਤੀਆਂ ਸ੍ਰੀਰ ਆਤਮਾਵਾਂ ਨੇ ਤਾਂ ਸੰਸਾਰ ਨੂੰ ਝੂਰਨ ਦਾ ਮੁਕਾਮ ਹੀ ਬਣਾ ਛਡਣਾ ਸੀ।

ਗੁਣਵੰਤੀ ਸ੍ਰੀਰ-ਆਤਮਾਵਾਂ ਹੀ ਹਨ ਜਿਨ੍ਹਾਂ ਦੀ ਮਦਦ ਨਾਲ, ਇਸ ਸੰਸਾਰ ਵਿਚ ਸੁਖੀ ਰਿਹਾ ਜਾ ਸਕਦਾ ਹੈ, ਅਪਣੇ ਅੰਦਰ ਗੁਣ ਪੈਦਾ ਕੀਤੇ ਜਾ ਸਕਦੇ ਹਨ ਤੇ ਹੱਦ ਤਾਂ ਇਹ ਹੈ ਕਿ ਪ੍ਰਭੂ ਤਕ ਪਹੁੰਚਣ ਦਾ ਰਾਹ ਵੀ ਇਨ੍ਹਾਂ ਗੁਣਵੰਤੀ ਸ੍ਰੀਰ ਆਤਮਾਵਾਂ ਨੂੰ ਮਿਲਣ ਨਾਲ ਹੀ ਪਤਾ ਲਗਦਾ ਹੈ। ਇਹੀ ਗੁਣਵੰਤੀਆਂ 'ਸ੍ਰੀਰ ਆਤਮਾਵਾਂ' ਉਹ 'ਗੁਰਮੁਖ' ਹਨ (ਗੁਰੂ ਅਥਵਾ ਪ੍ਰਮਾਤਮਾ ਵਲ ਮੁੱਖ ਕਰ ਕੇ ਕੰਮ ਕਰਨ ਵਾਲੇ) ਜਿਨ੍ਹਾਂ ਦਾ ਮਿਲਾਪ, ਪ੍ਰਭੂ ਦੇ ਦਰ 'ਤੇ ਪਹੁੰਚਣ ਵਾਲਾ ਮਾਰਗ ਸਾਬਤ ਹੁੰਦਾ ਹੈ।

ਆਉ ਹੁਣ ਅਸੀ ਤੁਕ-ਵਾਰ ਸਰਲ ਵਿਆਖਿਆ ਜਾਂ ਅਰਥ ਕਰੀਏ ਇਸ ਪਾਵਨ ਸ਼ਬਦ ਦੇ :ਗੁਣਵੰਤੀ ਕੌਣ ਹੈ? ਉਹ ਸ੍ਰੀਰ-ਆਤਮਾ ਜੋ ਚੰਗੇ ਗੁਣਾਂ ਨੂੰ ਦੂਜੇ ਜੀਆਂ ਤਕ ਫੈਲਾਏ ਅਤੇ ਅਉਗੁਣਵੰਤੀ ਕੌਣ ਹੈ? ਉਹ ਸ੍ਰੀਰ-ਆਤਮਾ ਜੋ ਗੁਣਾਂ ਤੋਂ ਸਖਣੀ ਹੋਣ ਕਰ ਕੇ, ਹਰ ਸਮੇਂ ਝੂਰਦੀ ਹੀ ਰਹਿੰਦੀ ਹੈ ਤੇ ਉਸ ਨੂੰ ਕੁੱਝ ਨਹੀਂ ਸਮਝ ਪੈਂਦੀ ਕਿ ਉਹ ਸੰਸਾਰ 'ਤੇ ਆਈ ਕਾਹਦੇ ਲਈ ਸੀ। ਉਹ ਝੂਠ 'ਚੋਂ ਬਾਹਰ ਨਿਕਲਣਾ ਹੀ ਨਹੀਂ ਜਾਣਦੀ। ਪਰ ਪ੍ਰਭੂ ਪ੍ਰਮਾਤਮਾ ਨੂੰ ਉਹ ਸ੍ਰੀਰ ਆਤਮਾ ਮਿਲ ਹੀ ਨਹੀਂ ਸਕਦੀ ਜੋ ਝੂਰਦੇ ਰਹਿਣ ਕਰ ਕੇ ਗੰਦੀ ਬਣੀ ਰਹਿੰਦੀ ਹੈ ਤੇ ਕੂੜ ਕੁਸੱਤ ਵਿਚ ਹੀ ਖੁੱਭੀ ਰਹਿੰਦੀ ਹੈ। 

ਚਲਦਾ...