ਸੋ ਦਰ ਤੇਰਾ ਕਿਹਾ-ਕਿਸ਼ਤ 83

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਹੇ ਸ੍ਰੀਰ-ਆਤਮਾ, ਮੰਨ ਲੈ ਕਿ ਤੇਰਾ ਪ੍ਰਭੂ ਤੇਰੇ ਤੋਂ ਬਹੁਤ ਦੂਰ ਹੈ ਤੇ ਰਸਤੇ ਵਿਚ ਬੜਾ ਡੂੰਘਾ ਸਮੁੰਦਰ ਹੈ ਜੋ ਤੇਰਾ ਰਾਹ ਰੋਕਦਾ ਹੈ। ਤੇਰੇ ਕੋਲ ਨਾ ਉਹ ਬੇੜੀ ਹੈ,

So Dar Tera Keha-83

ਅੱਗੇ...

ਹੇ ਸ੍ਰੀਰ-ਆਤਮਾ, ਮੰਨ ਲੈ ਕਿ ਤੇਰਾ ਪ੍ਭੂ ਤੇਰੇ ਤੋਂ ਬਹੁਤ ਦੂਰ ਹੈ ਤੇ ਰਸਤੇ ਵਿਚ ਬੜਾ ਡੂੰਘਾ ਸਮੁੰਦਰ ਹੈ ਜੋ ਤੇਰਾ ਰਾਹ ਰੋਕਦਾ ਹੈ। ਤੇਰੇ ਕੋਲ ਨਾ ਉਹ ਬੇੜੀ ਹੈ, ਨਾ ਤੁਲਹਾ ਜਿਸ ਦੇ ਸਹਾਰੇ ਤੂੰ ਸਾਗਰ ਪਾਰ ਕਰ ਕੇ ਉਸ ਪਿਆਰੇ ਕੋਲ ਪਹੁੰਚ ਸਕਦੀ ਹੈਂ। ਜਾਣਾ ਤਾਂ ਤੈਨੂੰ ਹੀ ਪੈਣਾ ਹੈ ਉਸ ਕੋਲ ਕਿਉਂਕਿ ਸ੍ਰਿਸ਼ਟੀ ਦਾ ਉਹ ਮਾਲਕ ਤਾਂ ਅਪਣੇ ਤਖ਼ਤ 'ਤੇ ਅਡੋਲ ਬੈਠਾ ਹੈ। ਤੂੰ ਉਸ ਕੋਲ ਕਿਵੇਂ ਪੁੱਜੇਂਗੀ? ਉਸ ਤਕ ਪੁੱਜਣ ਲਈ ਗੁਰੂ (ਅਕਾਲ ਪੁਰਖ) ਵਲ ਮੁੱਖ ਕਰ ਕੇ ਕੰਮ ਕਰਨ ਵਾਲੇ ਕਿਸੇ 'ਗੁਰਮੁਖ' (ਗੁਣਵੰਤੀ) ਨਾਲ ਤੇਰੀ ਨੇੜਤਾ ਹੋ ਜਾਵੇ ਤਾਂ ਹੀ ਤੈਨੂੰ ਉਹ ਰਾਹ ਦਿਖਾਈ ਦੇ ਸਕਦਾ ਹੈ ਜੋ ਤੈਨੂੰ ਉਸ ਪ੍ਰੀਤਮ ਤਕ ਪਹੁੰਚਦਾ ਕਰੇ।

ਹੇ ਸ੍ਰੀਰ-ਆਤਮਾ, ਇਉਂ ਮੰਨ ਲੈ ਕਿ ਪ੍ਰਭੂ ਹਰਿ (ਅਕਾਲ ਪੁਰਖ) ਇਕ ਸੋਹਣੇ ਮੰਦਰ (ਮਹੱਲ) ਵਿਚ ਸੁਸ਼ੋਭਤ ਹੈ ਜਿਹੜਾ ਮਹਿਲ ਕਿ ਮਾਣਕ ਮੋਤੀਆਂ ਨਾਲ ਜੜਿਆ ਹੋਇਆ ਜਾਂ ਇਨ੍ਹਾਂ ਨਾਲ ਬਣਿਆ ਹੋਇਆ ਹੈ। ਮੋਤੀ ਹੀਰੇ ਉਥੇ ਚਮਕਾਂ ਮਾਰਦੇ ਹਨ। ਤੂੰ ਵੀ ਉਥੇ ਜਾਣਾ ਚਾਹੁੰਦੀ ਹੈਂ। ਪਰ ਉਸ ਮਹੱਲ ਦੇ ਚਾਰੇ ਪਾਸੇ ਸੋਨੇ ਦੇ ਉੱਚੇ ਤੇ ਸੁੰਦਰ ਕਿਲ੍ਹੇ ਬਣੇ ਹੋਏ ਹਨ। ਦਸ ਤੇਰੇ ਕੋਲ ਕਿਹੜੀ ਪੌੜੀ ਹੈ ਜਿਸ ਦੇ ਸਹਾਰੇ ਕਿਲ੍ਹਿਆਂ ਦੀਆਂ ਦੀਵਾਰਾਂ ਟੱਪ ਕੇ ਅੰਦਰ ਜਾ ਸਕੇਂਗੀ?

ਇਕੋ ਹੀ ਢੰਗ ਹੈ ਅੰਦਰ ਜਾਣ ਦਾ ਕਿ 'ਗੁਰ ਹਰੀ' ਅਰਥਾਤ ਜੀਵਾਂ ਦੇ ਇਕੋ ਇਕ ਗੁਰੂ, ਅਕਾਲ ਪੁਰਖ (ਗੁਰ ਹਰੀ) ਦਾ ਧਿਆਨ ਧਰ ਅਰਥਾਤ ਸੱਚੇ ਦਿਲ ਨਾਲ ਉਸ ਨੂੰ ਯਾਦ ਕਰ। ਏਨਾ ਕੁ ਕਰਨ ਨਾਲ ਹੀ ਤੂੰ ਨਿਹਾਲ ਹੋ ਜਾਵੇਂਗੀ ਤੇ ਵਿਸਮਾਦ ਵਿਚ ਆ ਜਾਵੇਂਗੀ ਕਿਉਂਕਿ 'ਗੁਰ ਹਰੀ' (ਅਕਾਲ ਪੁਰਖ) ਹੀ ਤੇਰਾ ਉਹ ਗੁਰੂ ਹੈ (ਮਨੁੱਖ ਤਾਂ ਗੁਰੂ ਹੋ ਹੀ ਨਹੀਂ ਸਕਦਾ ਤੇ ਜਿਹੜੇ ਮਨੁੱਖਾਂ ਨੂੰ 'ਗੁਰੂ' ਕਹਿੰਦੇ ਹਨ, ਉਹ ਅਕਾਲ ਪੁਰਖ ਦੇ ਦੋਖੀ ਹੀ ਹੋ ਸਕਦੇ ਹਨ) ਜਿਹੜਾ ਤੇਰੇ ਲਈ ਪਉੜੀ, ਬੇੜੀ ਤੇ ਤੁਲਹਾ ਦਾ ਸਾਰਾ ਕੰਮ ਆਪੇ ਕਰ ਦੇਂਦਾ ਹੈ ਤੇ ਇਹਨਾਂ ਵਸਤਾਂ ਦੀ ਲੋੜ ਹੀ ਬਾਕੀ ਨਹੀਂ ਰਹਿੰਦੀ।

ਉਹ ਸੱਚਾ ਗੁਰੂ (ਅਕਾਲ ਪੁਰਖ) ਆਪ ਹੀ ਤੇਰੀ ਪਉੜੀ, ਬੇੜੀ ਤੇ ਤੁਲਹਾ ਬਣ ਜਾਂਦਾ ਹੈ। ਨਿਰਾ ਤੁਲਹਾ, ਬੇੜੀ ਤੇ ਪੌੜੀ ਹੀ ਨਹੀਂ, ਉਹ ਅਕਾਲ ਪੁਰਖ ਤਾਂ ਆਪ ਹੀ ਉਹ ਸਮੁੰਦਰ ਵੀ ਬਣ ਜਾਂਦਾ ਹੈ ਤੇ ਗੁਣਵੰਤੀ ਨੂੰ ਪਾਰ ਕਰਵਾਉਣ ਵਾਲਾ ਜਹਾਜ਼ ਵੀ। ਗੁਣਵੰਤੀ ਲਈ ਉਹ ਸੱਚਾ ਗੁਰੂ (ਅਕਾਲ ਪੁਰਖ) ਉਸ ਤੀਰਥ ਵਜੋਂ ਜਾਣਿਆ ਜਾਂਦਾ ਦਰਿਆ ਵੀ ਬਣ ਜਾਂਦਾ ਹੈ ਜਿਸ ਵਿਚ ਇਸ਼ਨਾਨ ਕਰਨ ਦੇ ਬੜੇ ਮਹਾਤਮ (ਸੱਚੇ ਝੂਠੇ) ਦੱਸੇ ਜਾਂਦੇ ਹਨ।

ਗੁਣਵੰਤੀ ਨੂੰ ਇਨ੍ਹਾਂ ਦਰਿਆਵਾਂ ਵਿਚ ਨਹਾਉਣ ਦੀ ਲੋੜ ਨਹੀਂ, ਪ੍ਭੂ ਦੇ ਪਿਆਰ ਨਾਲ ਇਸ਼ਨਾਨ ਕਰਨ ਨਾਲ ਹੀ, ਉਸ ਨੂੰ ਸਾਰੇ ਮਹਾਤਮ ਮਿਲ ਜਾਂਦੇ ਹਨ। ਇਸ 'ਸੱਚੇ ਸਰ' ਅਥਵਾ ਪ੍ਰਭੂ ਪਿਆਰ ਦੇ 'ਸਰ' ਵਿਚ ਨਹਾਉਣ ਨਾਲ ਹੀ, ਪ੍ਭੂ ਨੂੰ ਤੇਰਾ ਪਿਆਰ ਭਾ ਜਾਏ ਤਾਂ ਤੇਰਾ ਮੁਖ ਅਜਿਹਾ ਉਜਲਾ ਹੋ ਜਾਂਦਾ ਹੈ ਕਿ ਫਿਰ ਕੋਈ ਮੈਲ ਇਸ ਮੁਖ 'ਤੇ ਲੱਗ ਹੀ ਨਹੀਂ ਸਕਦੀ ਅਰਥਾਤ ਤੂੰ ਸੱਚੇ ਅਰਥਾਂ ਵਿਚ 'ਨਿਰਮਲ' ਬਣ ਜਾਂਦੀ ਹੈਂ।

ਉਹ ਪ੍ਰਭੂ ਹਰ ਤਰ੍ਹਾਂ ਨਾਲ ਮੁਕੰਮਲ ਹੈ (ਬਾਕੀ ਸੰਸਾਰ ਦੀ ਕੋਈ ਵੀ ਹਸਤੀ ਮੁਕੰਮਲ ਨਹੀਂ) ਤੇ ਉਸ ਦਾ ਤਖ਼ਤ ਹੀ ਇਕੋ ਇਕ ਮੁਕੰਮਲ ਤਖ਼ਤ ਹੈ (ਬਾਕੀ ਸਾਰੇ ਤਖ਼ਤ ਢਹਿ ਜਾਣ ਵਾਲੇ ਤੇ ਕੱਚੇ ਹਨ)। ਉਸ ਅਡੋਲ ਤਖ਼ਤ ਤੋਂ ਉਸ ਪੂਰੇ ਗੁਰੂ (ਕੇਵਲ ਅਕਾਲ ਪੁਰਖ) ਦਾ ਟਿਕਾਣਾ ਹੀ ਅਜਿਹਾ ਸੁੰਦਰ ਹੈ, ਜਿਹਾ ਹੋਰ ਕੋਈ ਹੋ ਹੀ ਨਹੀਂ ਸਕਦਾ। ਇਥੋਂ ਹੀ ਉਹ ਟੁੱਟੇ ਹੋਏ ਦਿਲਾਂ ਵਾਲੇ ਸੱਭ ਪ੍ਰਾਣੀਆਂ ਨੂੰ ਆਸ ਦਿਵਾਉਂਦਾ ਹੈ।

ਬਾਬਾ ਨਾਨਕ ਕਹਿੰਦਾ ਹੈ, ਜਿਸ ਨੂੰ ਇਹ ਪੂਰਾ ਗੁਰੂ (ਕੇਵਲ ਅਕਾਲ ਪੁਰਖ) ਮਿਲ ਜਾਏ, ਉਸ ਵਿਚ ਕੋਈ ਕਮੀ ਰਹਿ ਹੀ ਕਿਵੇਂ ਸਕਦੀ ਹੈ? ਉਹ ਤਾਂ ਫਿਰ ਆਪੇ ਹੀ 'ਗੁਣਵੰਤੀ' ਸ੍ਰੀਰ ਆਤਮਾ ਬਣ ਗਿਆ ਸਮਝੋ। ਇਥੇ ਸਿਰੀ ਰਾਗ 9ਵਾਂ ਸ਼ਬਦ ਸਮਾਪਤ ਹੁੰਦਾ ਹੈ।