ਸੋ ਦਰ ਤੇਰਾ ਕਿਹਾ-ਕਿਸ਼ਤ 84

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ - 30

So Dar Tera Keha-84

ਅਧਿਆਏ - 30
ਸਿਰੀ ਰਾਗੁ ਮਹਲਾ ੧

ਆਵਹੁ ਭੈਣੇ ਗਲਿ ਮਿਲਹ, ਅੰਕਿ ਸਹੇਲੜੀਆਹ।।
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ।।
ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ।।੧।।
ਕਰਤਾ, ਸਭੁ ਕੋ ਤੇਰੈ ਜੋਰਿ।।

ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ।।੧।। ਰਹਾਉ।।
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ।।
ਸਹਿਜ ਸੰਤੋਖਿ ਸੀਗਾਰੀਆ ਮਿਠਾ ਬੋਲਣੀ।।
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ।।੨।।

ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ।।
ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ।।
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ।।੩।।

ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ।।
ਸੁਰਤਿ ਹੋਵੇ ਪਤਿ ਊੁਗਵੈ ਗੁਰਬਚਨੀ ਭਉ ਖਾਇ।।
ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ।।੪।।੧।।

(ਪੰਨਾ ੧੭) 

ਇਸ ਸ਼ਬਦ ਵਿਚ, ਸਿਰੀ ਰਾਗ ਦੇ ਪਹਿਲੇ ਸ਼ਬਦ ਦੀ 'ਗੁਣਵੰਤੀ' ਸ੍ਰੀਰ ਆਤਮਾ ਦੇ ਉੁਨ੍ਹਾਂ ਤਿੰਨ ਵਿਸ਼ੇਸ਼ ਗੁਣਾਂ ਦਾ ਬਿਆਨ ਕੀਤਾ ਗਿਆ ਹੈ ਜਿਨ੍ਹਾਂ ਗੁਣਾਂ ਨਾਲ ਦੁਨੀਆਂ ਜਿੱਤੀ ਜਾ ਸਕਦੀ ਹੈ, ਜੀਵਨ ਸੁਖੀ ਬਣਾਇਆ ਜਾ ਸਕਦਾ ਹੈ, ਵੈਰੀਆਂ ਨੂੰ ਵੀ ਮਿੱਤਰ ਬਣਾਇਆ ਜਾ ਸਕਦਾ ਹੈ। ਪਰ ਸ਼ਬਦ ਦੀ ਵਿਆਖਿਆ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਅਸੀ ਕੁੱਝ ਵਿਦਵਾਨਾਂ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ। ਅਸੀ ਉਨ੍ਹਾਂ ਨੂੰ ਪਿਛਆ, 'ਜਾਤ' ਦਾ ਕੀ ਅਰਥ ਹੁੰਦਾ ਹੈ ਤੇ 'ਅਜਾਤ' ਦਾ ਕੀ ਅਰਥ ਹੁੰਦਾ ਹੈ?

ਲਗਭਗ ਹਰ ਇਕ ਨੇ 'ਜਾਤ' ਦੇ ਅਰਥ ਵੀ ਉਹੀ ਕੀਤੇ ਜੋ ਅਸੀ ਸਾਰੇ ਜਾਣਦੇ ਹਾਂ ਤੇ 'ਅਜਾਤ' ਦਾ ਉੱਤਰ ਵੀ ਇਹੀ ਦਿਤਾ ਕਿ ਜਿਹੜਾ ਜਾਤਾਂ ਦੇ ਬੰਧਨ ਵਿਚੋਂ ਮੁਕਤ ਹੋਵੇ। ਸਾਨੂੰ ਤਸੱਲੀ ਹੋਈ ਕਿ ਇਨ੍ਹਾਂ ਦੋ ਅੱਖਰਾਂ ਦੇ ਅਰਥਾਂ ਬਾਰੇ ਸਾਰੇ ਵਿਦਵਾਨ ਸਹਿਮਤ ਸਨ। ਜਿਵੇਂ ਜਾਪ ਦਾ ਅਜਾਪ, ਨਾਦ ਦਾ ਅਨਾਦ, ਸੰਵਾਦ ਦਾ ਵਿਵਾਦ ਵਗ਼ੈਰਾ, ਇਸੇ ਤਰ੍ਹਾਂ 'ਜਾਤ' ਜਾਂ 'ਅਜਾਤ'। ਇਕ, ਹਾਂ ਪੱਖੀ ਅੱਖਰ ਹੁੰਦਾ ਤੇ ਦੂਜਾ, ਨਾਂਹ ਪੱਖੀ।

ਪਰ ਜਿਉੁਂ ਹੀ ਅਸੀ ਉਨ੍ਹਾਂ ਨੂੰ ਦਸਿਆ ਕਿ ਪ੍ਰੋ. ਸਾਹਿਬ ਸਿੰਘ ਹੁਰਾਂ ਨੇ ਇਸ ਸ਼ਬਦ ਦੇ ਅਰਥ ਕਰਨ ਲਗਿਆਂ 'ਜਾਤਿ ਅਜਾਤਿ' ਦਾ ਅਰਥ ਇਹ ਕੀਤਾ ਹੈ :''ਤੇਰੇ ਪੈਦਾ ਕੀਤੇ ਬੇਅੰਤ ਜੀਵ ਹਨ, ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ 'ਚੋਂ ਹਨ?'' ਤਾਂ ਕਈ ਵਿਦਵਾਨ ਬੋਲੇ, ''ਜੇ ਸਾਹਿਬ ਸਿੰਘ ਹੁਰਾਂ ਇਹ ਲਿਖਿਆ ਹੈ ਤਾਂ ਜ਼ਰਾ ਸੋਚ ਲੈਣ ਦਿਉ। ਅਜੇ ਅਸੀ ਕੁੱਝ ਨਹੀਂ ਕਹਿਣਾ ਚਾਹੁੰਦੇ।''

ਕੀ ਅਸੀ ਬਾਬੇ ਨਾਨਕ ਦੀ ਬਾਣੀ ਬਾਰੇ ਵਿਆਖਿਆ ਕਰਨੀ ਹੈ ਜਾਂ ਪ੍ਰੋ. ਸਾਹਿਬ ਦੇ ਅਰਥਾਂ ਨੂੰ ਹਰ ਹਾਲ ਵਿਚ 'ਬਾਣੀ' ਮੰਨਣਾ ਹੈ? ਅਰਥ 'ਬਾਣੀ' ਨਹੀਂ ਬਣ ਸਕਦੇ ਤੇ 'ਬਾਣੀ' ਨੂੰ ਸਮਝਣ ਦੀ ਕੋਸ਼ਿਸ਼ ਕਰਨੀ, ਪ੍ਰੋ. ਸਾਹਿਬ ਸਿੰਘ ਜੀ ਦੇ ਵਿਰੁਧ ਜਾਣ ਵਾਲੀ ਗੱਲ ਨਹੀਂ ਹੈ ਸਗੋਂ ਗੁਰਬਾਣੀ ਨੂੰ ਠੀਕ ਸਮਝਣ ਦੀ ਕੋਸ਼ਿਸ਼ ਹੀ ਹੈ। ਅਸੀ ਵੱਡੇ ਨਾਵਾਂ ਤੋਂ ਹੀ ਡਰੀ ਜਾਂਦੇ ਹਾਂ।

ਗੁਰਬਾਣੀ ਦੀ ਗੱਲ ਕਰਨ ਲਗਿਆਂ ਵੀ ਸੱਚ ਦੀ ਖੋਜ ਕਰਨੋਂ ਯਰਕਦੇ ਹਾਂ ਕਿ ਕਿਤੇ ਫ਼ਲਾਣੇ ਵਿਦਵਾਨ ਦੇ ਕੰਮ ਨੂੰ ਰੱਦ ਕਰਨਾ ਨਾ ਸਮਝ ਲਿਆ ਜਾਵੇ। ਇਹ ਆਦਤ ਕਿਸੇ ਵੇਲੇ ਚੀਨੀਆਂ ਵਿਚ ਏਨੀ ਫੈਲੀ ਸੀ ਕਿ ਉਨ੍ਹਾਂ ਨੇ ਸਮਾਜ ਦਾ ਨਿਯਮ ਬਣਾ ਦਿਤਾ ਕਿ ਵੱਡਿਆਂ ਦਾ ਸਤਿਕਾਰ ਕਰਨ ਲਈ, ਉਨ੍ਹਾਂ ਤੋਂ ਜ਼ਿਆਦਾ ਤਾਲੀਮ ਕੋਈ ਨਹੀਂ ਹਾਸਲ ਕਰ ਸਕਦਾ। 10 ਵੀਂ ਪਾਸ ਵਾਲੇ ਦਾ ਬੱਚਾ 9ਵੀਂ ਪਾਸ ਹੀ ਹੋ ਸਕਦਾ ਸੀ ਤੇ 9ਵੀਂ ਵਾਲੇ ਦਾ 8ਵੀਂ ਤੋਂ ਉਪਰ ਨਹੀਂ ਸੀ ਪੜ੍ਹ ਸਕਦਾ। ਇਸ ਤਰ੍ਹਾਂ ਹੌਲੀ ਹੌਲੀ ਉਹ ਕੌਮ ਅਨਪੜ੍ਹਾਂ ਦੀ ਕੌਮ ਬਣ ਗਈ ਤੇ ਅਨਪੜ੍ਹਤਾ ਅਖ਼ੀਰ ਉਨ੍ਹਾਂ ਨੂੰ ਅਫ਼ੀਮ ਖਾਣ ਵਲ ਲੈ ਗਈ। 

ਚਲਦਾ...