ਸੋ ਦਰ ਤੇਰਾ ਕਿਹਾ- ਕਿਸਤ 43

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਸਾਧਾਰਣ ਬੁੱਧੀ ਵੀ ਇਹ ਗੱਲ ਮੰਨਣ ਤੋਂ ਇਨਕਾਰ ਕਰਦੀ ਹੈ ਕਿ....

So Dar Tera Keha

ਅੱਗੇ....

ਸਾਧਾਰਣ ਬੁੱਧੀ ਵੀ ਇਹ ਗੱਲ ਮੰਨਣ ਤੋਂ ਇਨਕਾਰ ਕਰਦੀ ਹੈ ਕਿ ਦੁਨੀਆਂ ਦੇ ਕਈ ਦੇਸ਼ਾਂ, ਮੰਦਰਾਂ, ਮਸਜਿਦਾਂ, ਮੱਠਾਂ, ਕਰਮ ਕਾਂਡਾਂ, ਰੀਤੀ ਰਿਵਾਜਾਂ ਨੂੰ ਘੋਖ ਕੇ ਗੱਲ ਕਰਨ ਵਾਲੇ ਬਾਬਾ ਨਾਨਕ, ਇਕ ਬੜਾ ਵੱਡਾ ਅਸੂਲ ਬਿਆਨ ਕਰਨ ਵੇਲੇ, ਕੇਵਲ ਇਕ ਧਰਮ ਦੇ ਗੁਰੂਆਂ, ਸ਼ਾਸਤਰਾਂ, ਉਪਦੇਸ਼ਾਂ ਦੀ ਗੱਲ ਹੀ ਕਿਉਂ ਕਰਨਗੇ?

ਕੀ ਬਾਕੀ ਦਾ ਸ਼ਬਦ ਕੋਈ ਅਜਿਹੀ ਗਵਾਹੀ ਦੇਂਦਾ ਹੈ ਕਿ ਗੁਰੂ ਸਾਹਿਬ ਬ੍ਰਾਹਮਣੀ ਗ੍ਰੰਥਾਂ ਜਾਂ ਉਪਦੇਸ਼ਾਂ ਤੇ ਸ਼ਾਸਤਰਾਂ ਬਾਰੇ ਕੋਈ ਗੱਲ ਕਰ ਰਹੇ ਸਨ? ਨਹੀਂ, ਉਹ ਤਾਂ ਸਾਰੀ ਮਨੁੱਖਤਾ ਉਤੇ ਲਾਗੂ ਹੋਣ ਵਾਲੇ ਇਕ ਬ੍ਰਾਹਿਮੰਡੀ ਅਸੂਲ ਦੀ ਗੱਲ ਕਰ ਰਹੇ ਹਨ।'ਛੇਅ' ਦਾ ਮਤਲਬ ਉਸ ਤਰ੍ਹਾਂ ਹੀ ਹੈ ਜਿਵੇਂ ਕੋਈ ਆਖੇ, ''ਜਾ ਓਇ, ਮੈਂ ਤੇਰੇ ਵਰਗੇ ਬਦਮਾਸ਼ ਛੱਤੀ ਸੌ ਵੇਖੇ ਹੋਏ ਹਨ'' ਜਾਂ ਇਹ ਕਿ ''ਇਹ ਵੀ ਕੋਈ ਨਾਵਲ ਹੈ?

ਇਹੋ ਜਹੇ ਤਾਂ ਮੈਂ ਸੈਂਕੜੇ ਨਾਵਲ ਪੜ੍ਹੇ ਹੋਏ ਨੇ।''ਸੱਚ ਇਹ ਹੈ ਕਿ ਇਨ੍ਹਾਂ, ਦੋ ਬਿਆਨਾਂ ਵਿਚਲੇ ਅੱਖਰਾਂ ਨੂੰ ਲੈ ਕੇ ਵੇਖੀਏ ਤਾਂ ਇਨ੍ਹਾਂ ਵਿਚਲਾ ਇਕ ਵੀ ਅੱਖਰ ਸੱਚਾ ਨਹੀਂ ਹੈ ਪਰ ਜੇ ਭਾਵਨਾ ਨੂੰ ਸਮਝ ਕੇ ਗੱਲ ਕਰੀਏ ਤਾਂ ਸਚਾਈ ਦਾ ਪਤਾ ਲੱਗ ਜਾਵੇਗਾ ਕਿ ਕਹਿਣ ਵਾਲਾ ਕੇਵਲ ਇਹ ਕਹਿਣਾ ਚਾਹੁੰਦਾ ਹੈ

ਕਿ (1) ਉਹ ਅਪਣੇ ਵਿਰੋਧੀ ਨੂੰ ਕੁੱਝ ਨਹੀਂ ਸਮਝਦਾ ਤੇ (2) ਜਿਸ ਨਾਵਲ ਦੀ ਗੱਲ ਹੋ ਰਹੀ ਹੈ, ਉਸ ਨਾਵਲ ਨੂੰ ਬੇਕਾਰ ਦਾ ਨਾਵਲ ਸਮਝਦਾ ਹੈ। ਭਾਵਨਾ ਸਮਝਣ ਨਾਲ ਤਾਂ ਸੱਭ ਕੁੱਝ ਪੱਲੇ ਪੈ ਗਿਆ ਪਰ ਜੇ ਅੱਖਰਾਂ ਉਤੇ ਟਿਕੇ ਰਹੀਏ ਤਾਂ ਭਟਕਦੇ ਹੀ ਰਹਾਂਗੇ ਕਿਉਂਕਿ 'ਮੈਂ ਤੇਰੇ ਵਰਗੇ ਛੱਤੀ ਸੌ ਬਦਮਾਸ਼ ਵੇਖੇ ਹੋਏ ਹਨ' ਵਿਚੋਂ ਇਕ ਵੀ ਅੱਖਰ ਸੱਚਾ ਨਹੀਂ ਹੈ।

ਕਿਹੜਾ ਹੈ ਜੋ ਕਹਿ ਸਕੇ ਕਿ ਉਸ ਨੇ ਕਿਸੇ ਹੋਰ ਵਰਗੇ ਤਿੰਨ ਹਜ਼ਾਰ ਛੇ ਸੌ ਬੰਦੇ ਉਂਜ ਦੇ ਹੀ ਵੇਖੇ ਹੋਏ ਹਨ?ਨਾਵਲ ਬਾਰੇ ਵੀ ਗੱਲ ਇਸੇ ਤਰ੍ਹਾਂ ਹੈ। ਪਰ ਜਿਹੜੇ ਭਾਵਨਾ ਸਮਝਣੀ ਜਾਣਦੇ ਹਨ, ਉਨ੍ਹਾਂ ਨੂੰ ਕੋਈ ਭੁਲੇਖਾ ਨਹੀਂ ਲਗਦ। ਗੁਰਬਾਣੀ ਦੇ ਵਿਆਖਿਆਕਾਰ ਵੀ ਜਦੋਂ ਭਾਵਨਾ ਸਮਝੇ ਬਗ਼ੈਰ, ਅੱਖਰਾਂ ਦੇ ਅਰਥ ਲੱਭਣ ਲਗਦੇ ਹਨ ਤਾਂ ਕੁੱਝ ਨਾ ਲੱਭਣ ਤੇ ਵੀ,ਅਪਣੇ ਵੇਦ-ਸ਼ਾਸਤਰ ਗਿਆ 'ਚੋਂ ਕੁੱਝ ਨਾ ਕੁੱਝ ਚੁਕ ਕੇ ਬਾਣੀ ਨਾਲ ਜੋੜ ਦੇਂਦੇ ਹਨ

ਤੇ ਦਾਅਵਾ ਕਰਨ ਲਗਦੇ ਹਨ ਕਿ ਗੁਰੂ ਸਾਹਿਬ ਦਾ ਇਸ਼ਾਰਾ ਇਸੇ ਪਾਸੇ ਸੀ। ਇਸ ਸ਼ਬਦ ਦੀ ਵਿਆਖਿਆ ਕਰਨ ਵੇਲੇ ਵੀ ਇਹੀ ਕੀਤਾ ਗਿਆ ਹੈ। 'ਛਿਅ' ਨੂੰ 'ਛੇ' ਬਣਾ ਕੇ ਛੇ ਸ਼ਾਸਤਰਾਂ ਦੇ ਨਾਂ ਵੀ ਲੈ ਦਿਤੇ ਤੇ ਉਨ੍ਹਾਂ ਦੇ ਰਚੇਤਿਆਂ ਨੂੰ ਵੀ ਛੇ ਗੁਰੂ ਘੋਸ਼ਿਤ ਕਰ ਦਿਤਾ ਪਰ ਕੀ ਇਹ ਸ਼ਾਸਤਰ-ਰਚੇਤਾ ਕਦੇ 'ਗੁਰੂ' ਅਖਵਾਏ ਵੀ ਸਨ?

ਜੇ ਇਹੀ 'ਛੇ ਗੁਰੂ' ਸਨ ਤਾਂ 'ਚੌਬੀਸ ਅਵਤਾਰ' ਕੀ ਸਨ ਤੇ ਫਿਰ ਇਨ੍ਹਾਂ ਦੇ ਛੇ ਉਪਦੇਸ਼ ਕਿਹੜੇ ਸਨ? ਕੀ ਕਿਸੇ ਇਕ ਹਿੰਦੂ ਵਿਦਵਾਨ ਦੀ ਲਿਖਤ ਵਿਖਾਈ ਜਾ ਸਕਦੀ ਹੈ ਜਿਸ ਨੇ ਮੰਨਿਆ ਹੋਵੇ ਕਿ ਹਿੰਦੂਆਂ ਦੇ ਇਹੀ ਛੇ ਗੁਰੂ ਹਨ?ਕੀ ਹਿੰਦੂਆਂ ਦੇ ਛੇ ਉਪਦੇਸ਼ਾਂ ਦੀ ਗੱਲ ਕਿਸੇ ਹਿੰਦੂ ਵਿਦਵਾਨ ਨੇ ਮੰਨੀ ਹੈ?

ਸੌ ਫ਼ੀ ਸਦੀ ਗ਼ਲਤ ਬਿਆਨੀ ਨੂੰ ਬਾਬਾ ਨਾਨਕ ਦੇ ਮੂੰਹ ਵਿਚ ਜ਼ਬਰਦਾਸਤੀ ਪਾਇਆ ਗਿਆ ਹੈ ਅਤੇ ਅਸੀਂ ਏਨੀ ਵੱਡੀ ਧੱਕੇਸ਼ਾਹੀ ਅੱਗੇ ਵੀ ਸਿਰ ਝੁਕਾਂਦੇ ਆ ਰਹੇ ਹਾਂ।

ਚਲਦਾ ...