ਸੋ ਦਰ ਤੇਰਾ ਕਿਹਾ-ਕਿਸ਼ਤ 96

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਕੋਈ ਸੁੰਦਰ ਨੌਜੁਆਨ ਉਸ ਨੂੰ ਬੜਾ ਆਕਰਸ਼ਕ ਲੱਗਣ ਲੱਗ ਜਾਂਦਾ ਹੈ ਤੇ ਉਸ ਦੀ ਜਵਾਨੀ ਉਸ ਔਰਤ ਨੂੰ ਪਾਗ਼ਲ ਬਣਾ ਦੇਂਦੀ ਹੈ

So Dar Tera Keha-96

ਅੱਗੇ...

ਕੋਈ ਸੁੰਦਰ ਨੌਜੁਆਨ ਉਸ ਨੂੰ ਬੜਾ ਆਕਰਸ਼ਕ ਲੱਗਣ ਲੱਗ ਜਾਂਦਾ ਹੈ ਤੇ ਉਸ ਦੀ ਜਵਾਨੀ ਉਸ ਔਰਤ ਨੂੰ ਪਾਗ਼ਲ ਬਣਾ ਦੇਂਦੀ ਹੈ ਜਿਸ ਮਗਰੋਂ ਉਹ ਅਪਣੇ ਪਤੀ ਦੀ ਬਜਾਏ ਉਸ ਸੁੰਦਰ ਨੌਜੁਆਨ ਦੀ ਹੋ ਜਾਣਾ ਚਾਹੁੰਦੀ ਹੈ ਤੇ ਇਸ ਭੁਲੇਖੇ ਵਿਚ ਮਸਤ ਹੋ ਜਾਣਾ ਚਾਹੁੰਦੀ ਹੈ ਕਿ ਉਹ ਸੁੰਦਰ ਨੌਜੁਆਨ, ਉਸ ਨੂੰ ਪਤੀ ਨਾਲੋਂ ਜ਼ਿਆਦਾ ਖ਼ੁਸ਼ ਰੱਖ ਸਕੇਗਾ। ਇਸ ਗੱਲ ਦਾ ਪਤਾ ਤਾਂ ਉਸ ਨੂੰ ਮਗਰੋਂ ਹੀ ਲਗਦਾ ਹੈ ਕਿ ਉਹ ਸੁੰਦਰ ਨੌਜੁਆਨ ਤਾਂ ਇਕ ਵਾਰ ਲਈ ਉਸ ਦਾ ਰੱਸ ਚੂਸਣ ਵਾਲਾ ਭੌਰਾ ਸੀ ਜੋ ਮਗਰੋਂ ਉਸ ਨੂੰ ਅਪਣੇ ਨਾਲੋਂ ਵਡੇਰੀ ਉਮਰ ਵਾਲੀ ਤੇ ਬਦਸੂਰਤ ਕਹਿ ਕੇ, ਉਸ ਤੋਂ ਦੂਰ ਹੱਟ ਜਾਂਦਾ ਹੈ।

ਇਸ ਤਰ੍ਹਾਂ ਉਹ ਨਾ ਘਰ ਦੀ ਰਹਿੰਦੀ ਹੈ, ਨਾ ਬਾਹਰ ਦੀ। ਉਹ ਇਸਤਰੀ ਕਿਸੇ ਜੋਤਸ਼ੀ, ਜਾਦੂਗਰ ਜਾਂ ਟੂਣੇ ਆਦਿ ਕਰਨ ਵਾਲੇ ਦੇ ਛਲਾਵੇ ਵਿਚ ਆ ਜਾਂਦੀ ਹੈ ਤੇ ਪਤੀ ਨਾਲੋਂ ਵਿਛੜ ਕੇ 'ਗ਼ੈਬੀ ਤਾਕਤਾਂ' ਦੇ ਸਹਾਰੇ ਪਤੀ ਸਮੇਤ, ਕਈ ਮਨੁੱਖਾਂ ਨੂੰ ਵੱਸ ਵਿਚ ਕਰਨ ਦੀਆਂ ਵਿਉਂਤਾਂ ਸਿਰਜਣ ਲੱਗ ਜਾਂਦੀ ਹੈ। ਅੰਤ ਉਸ ਦਾ ਵੀ ਬਹੁਤ ਮਾੜਾ ਹੁੰਦਾ ਹੈ ਤੇ ਸੱਭ ਕੁੱਝ ਗਵਾ ਕੇ ਹੀ ਉਸ ਨੂੰ ਸਮਝ ਆਉਂਦੀ ਹੈ ਕਿ ਇਕ ਪਤੀ ਨਾਲ ਸੱਚਾ ਪ੍ਰੇਮ ਉਸ ਨੂੰ ਜੋ ਖ਼ੁਸ਼ੀ ਦੇ ਰਿਹਾ ਸੀ ਤੇ ਦੇ ਸਕਦਾ ਸੀ, ਉਹ ਉਸ ਨੇ ਅਪਣੇ ਪੈਰਾਂ 'ਤੇ ਆਪ ਕੁਹਾੜੀ ਮਾਰ ਕੇ ਖ਼ਤਮ ਕਰ ਲਿਆ ਹੈ।

ਇਹ ਤਾਂ ਸੰਸਾਰਕ ਪੱਧਰ 'ਤੇ 'ਦੁਹਾਗਣ' ਇਸਤਰੀ ਦੀ ਗੱਲ ਹੋਈ। ਸ੍ਰਿਸ਼ਟੀ ਦੇ ਪੱਧਰ ਤੇ, 'ਦੁਹਾਗਣ' ਉਹ ਸ੍ਰੀਰ-ਆਤਮਾ ਹੁੰਦੀ ਹੈ ਜਿਸ ਨੂੰ ਪਤਾ ਵੀ ਹੈ ਜਾਂ ਜਿਸ ਨੂੰ ਦਸਿਆ ਵੀ ਜਾਂਦਾ ਹੈ ਕਿ ਸਾਰੀਆਂ ਸ੍ਰੀਰ ਆਤਮਾਵਾਂ ਦਾ ਇਕ ਹੀ ਪਤੀ ਪਰਮੇਸ਼ਰ ਹੈ ਤੇ ਉਸ ਦੀ ਬਰਾਬਰੀ ਕਰਨ ਵਾਲਾ ਹੋਰ ਕੋਈ ਨਹੀਂ ਪਰ ਫਿਰ ਵੀ ਉਹ ਪਤੀ ਪ੍ਰਮੇਸ਼ਰ ਨਾਲ ਪਿਆਰ ਪਾਉਣ ਦੀ ਬਜਾਏ, ਏਧਰ ਔਧਰ ਭਟਕਦੀ ਰਹਿੰਦੀ ਹੈ ਤੇ ਮਾਇਆ (²ਮਾਇਆ ਦਾ ਮਤਲਬ ਛਲਾਵਾ ਹੁੰਦਾ ਹੈ ਅਰਥਾਤ ਉਹ ਜੋ ਅੱਜ ਹੈ, ਕਲ ਖ਼ਤਮ ਹੋ ਜਾਂਦੀ ਹੈ,

ਬਿਨਸ ਜਾਂਦੀ ਹੈ ਤੇ ਜਿਸ ਨਾਲ ਮੋਹ ਪਾਉਣ ਵਾਲਾ ਮੂਰਖ ਹੀ ਅਖਵਾਏਗਾ) ਦੇ ਛਲਾਵੇ ਵਿਚ ਸੋਚਣ ਲਗਦੀ ਹੈ ਕਿ : ਰੱਬ ਪਤੀ ਨਾਲ ਸਿੱਧਾ ਪਿਆਰ ਪਾਉਣਾ ਸ਼ਾਇਦ ਏਨਾ ਲਾਭਦਾਇਕ ਨਾ ਹੋਵੇ ਜਿੰਨਾ ਦੇਵੀ ਦੇਵਤਿਆਂ ਅਥਵਾ ਅਥਾਹ ਸ਼ਕਤੀਆਂ ਪ੍ਰਾਪਤ ਹੋਣ ਦਾ ਦਾਅਵਾ ਕਰਨ ਵਾਲਿਆਂ (ਜਾਂ ਜਿਨ੍ਹਾਂ ਬਾਰੇ ਪੁਜਾਰੀ ਸ਼੍ਰੇਣੀ ਦਸਦੀ ਹੈ ਕਿ ਇਹ ਅਥਾਹ ਸ਼ਕਤੀਆਂ ਉਨ੍ਹਾਂ ਕੋਲ ਹਨ) ਦੀ ਅਰਾਧਨਾ ਕਰਨ ਨਾਲ ਹੋ ਜਾਵੇ। ਬਹੁਤੀਆਂ ਜੀਵ-ਇਸਤਰੀਆਂ ਇਨ੍ਹਾਂ 'ਸ਼ਕਤੀਆਂ' ਦੇ ਪਿੱਛੇ ਹੀ ਲਗੀਆਂ ਰਹਿੰਦੀਆਂ ਹਨ ਪਰ ਇਹ ਛਲਾਵੇ ਦਾ ਹੀ ਸ਼ਿਕਾਰ ਰਹਿੰਦੀਆਂ ਹਨ ਤੇ ਮਗਰੋਂ ਹੀ ਇਨ੍ਹਾਂ ਨੂੰ ਪਤਾ ਲਗਦਾ ਹੈ ਕਿ ਇਹ ਭਟਕਦੀਆਂ ਹੀ ਰਹੀਆਂ ਹਨ।

ਦੁਨਿਆਵੀ ਮਾਇਆ ਦੀ ਚਕਾਚੌਂਧ ਹੀ ਪ੍ਰਮਾਤਮਾ ਨੇ ਏਨੀ ਬਣਾਈ ਹੈ ਕਿ ਬਹੁਤੀਆਂ ਕਮਜ਼ੋਰ ਮਾਨਸਕਤਾ ਵਾਲੀਆਂ ਜੀਵ-ਇਸਤਰੀਆਂ ਇਹੀ ਸੋਚਣ ਲਗਦੀਆਂ ਹਨ ਕਿ ਰੱਬ ਪਤਾ ਨਹੀਂ, ਹੈ ਵੀ ਕਿ ਐਵੇਂ ਭੁਲੇਖਾ ਹੀ ਹੈ, ਇਸ ਲਈ ਉਹਦੀ ਅਰਾਧਨਾ ਵਿਚ ਪੈਣ ਨਾਲੋਂ, ਦੁਨਿਆਵੀ ਸੁੱਖਾਂ ਦਾ ਅਨੰਦ ਲੈਣ ਵਿਚ ਹੀ ਮਸਤ ਰਹੋ ਤੇ ਮਰਨ ਉਪਰੰਤ, ਜੋ ਹੋਵੇਗਾ, ਵੇਖਿਆ ਜਾਵੇਗਾ। ਇਹ ਜੀਵ-ਇਸਤਰੀਆਂ 'ਨਾਸਤਕਤਾ' ਦੀ ਛਤਰੀ ਹੇਠ ਬਹਿ ਕੇ, ਸੰਸਾਰਕ ਸੁੱਖਾਂ ਨੂੰ ਹੀ ਅੰਤਮ ਚੀਜ਼ ਸਮਝ ਲੈਂਦੀਆਂ ਹਨ ਤੇ ਪ੍ਰਭੂ ਨਾਲ ਪ੍ਰੇਮ ਕਰਨ ਨੂੰ ਵਾਧੂ ਦਾ ਕੰਮ ਸਮਝ ਬੈਠਦੀਆਂ ਹਨ।

ਕਰਮਕਾਂਡ, ਦਾਨ, ਇਸ਼ਨਾਨ, ਤੀਰਥ ਯਾਤਰਾ ਆਦਿ ਉਪਰਾਲੇ ਵੀ ਕੁੱਝ ਹੋਰ ਰਾਹ ਹਨ ਜੋ ਜੀਵ-ਇਸਤਰੀ ਨੂੰ ਇਸ ਭੁਲੇਖੇ ਵਿਚ ਪਾ ਦੇਂਦੇ ਹਨ ਕਿ ਜਿਹੜਾ ਕੋਈ ਇਨ੍ਹਾਂ ਰਾਹਾਂ ਤੇ ਚਲ ਰਿਹਾ ਹੈ, ਉਸ ਨੂੰ ਪ੍ਰਭੂ-ਪ੍ਰੇਮ ਵਿਚ ਸਮਾਂ ਲਗਾਉਣ ਦੀ ਤਾਂ ਲੋੜ ਹੀ ਕੋਈ ਨਹੀਂ। ਬੜੇ 'ਧਰਮੀ' ਅਖਵਾਉਂਦੇ ਲੋਕ ਮਿਲ ਜਾਂਦੇ ਹਨ ਜੋ ਤੁਹਾਨੂੰ ਕਹਿਣਗੇ, ''ਅਸੀ ਤਾਂ ਜੀ ਨੇਮ ਨਾਲ, ਕਮਾਈ ਦਾ ਦਸਵੰਧ ਹਰ ਮਹੀਨੇ ਗੁਰਦਵਾਰੇ ਜਾਂ ਮੰਦਰ ਦੇ ਆਉਂਦੇ ਹਾਂ। ਸਾਲ ਦੇ ਸਾਲ ਤੀਰਥ ਯਾਤਰਾ ਤੇ ਜਾ ਕੇ ਇਸ਼ਨਾਨ ਵੀ ਕਰ ਲਈਦਾ ਹੈ। ਹੋਰ ਧਰਮ ਕੀ ਹੁੰਦੈ ਜੀ?

'' ਨਹੀਂ, ਧਰਮ ਇਹ ਨਹੀਂ ਹੈ। ਤੁਸੀ ਉਹ ਚੀਜ਼ ਦਾਨ ਕਰ ਰਹੇ ਹੋ ਜੋ ਤੁਹਾਡੀ ਅਪਣੀ ਨਹੀਂ ਹੈ। ਤੁਹਾਡੇ ਕੋਲ ਅਪਣਾ ਸਿਰਫ਼ ਮਨ ਹੈ ਜਾਂ ਉਸ ਮਨ ਵਿਚਲਾ ਪਿਆਰ। ਪ੍ਰਭੂ ਤਾਂ ਉਸੇ ਦਾ 'ਦਾਨ' ਮੰਗਦਾ ਹੈ। ਸੰਸਾਰੀ ਚੀਜ਼ਾਂ ਅਥਵਾ 'ਮਾਇਆ' ਅਥਵਾ ਛਲਾਵੇ ਦਾ ਦਾਨ ਜੇ ਤੁਹਾਡੇ ਮਨ ਅੰਦਰ ਪ੍ਰਭੂ ਲਈ ਪਿਆਰ ਪੈਦਾ  ਕਰ ਸਕਦਾ ਹੈ, ਫਿਰ ਤਾਂ ਠੀਕ ਹੈ, ਨਹੀਂ ਤਾਂ ਅਪਣੇ ਆਪ ਵਿਚ ਇਸ ਦਾ ਕੋਈ ਮੁਲ ਨਹੀਂ।

 ਚਲਦਾ...