ਸੋ ਦਰ ਤੇਰਾ ਕਿਹਾ- ਕਿਸਤ 45

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਹੁਣ 'ਵੇਸ' ਦੀ ਗੱਲ ਕਰੀਏ ਤਾਂ ਬਾਬਾ ਨਾਨਕ ਉਪਦੇਸ਼ ਦੇਂਦੇ ਹਨ ਕਿ ਗੁਰੂ ਤਾਂ ਸਾਰੇ ਮਨੁੱਖਾਂ ਦਾ ਅਕਾਲ ਪੁਰਖ ਹੀ ਹੈ ਪਰ ਉਸ ਦੇ ਵਖਰੇ ਵਖਰੇ...

SO Dar Tera

ਅੱਗੇ...

ਹੁਣ 'ਵੇਸ' ਦੀ ਗੱਲ ਕਰੀਏ ਤਾਂ ਬਾਬਾ ਨਾਨਕ ਉਪਦੇਸ਼ ਦੇਂਦੇ ਹਨ ਕਿ ਗੁਰੂ ਤਾਂ ਸਾਰੇ ਮਨੁੱਖਾਂ ਦਾ ਅਕਾਲ ਪੁਰਖ ਹੀ ਹੈ ਪਰ ਉਸ ਦੇ ਵਖਰੇ ਵਖਰੇ ਵੇਸ ਸਾਨੂੰ ਥਾਂ ਥਾਂ ਨਜ਼ਰ ਆਉਂਦੇ ਹਨ। ਕੀ ਹਨ ਉਹ 'ਵੇਸ'? ਇਥੇ ਯਾਦ ਰਖਣਾ ਹੋਵੇਗਾ ਕਿ ਬਾਬੇ ਨਾਨਕ ਦਾ ਰੱਬ 'ਅਜੂਨੀ' ਹੈ ਅਰਥਾਤ ਉਹ ਕਿਸੇ ਜੂਨ ਵਿਚ ਪੈ ਕੇ ਜਨਮ ਨਹੀਂ ਲੈਂਦਾ ਤੇ ਉਹ 'ਨਿਰੰਕਾਰ' ਹੈ ਅਰਥਾਤ ਆਕਾਰ-ਰਹਿਤ ਹੈ ਤੇ ਜਿਹੜੀ ਚੀਜ਼ ਆਕਾਰ-ਰਹਿਤ ਹੋਵੇ, ਉਹ ਅੱਖਾਂ ਨੂੰ ਨਜ਼ਰ ਨਹੀਂ ਆਉਂਦੀ। ਅੱਗੇ ਜਾ ਕੇ ਵੇਖਾਂਗੇ, ਬਾਬਾ ਨਾਨਕ ਦਾ ਗੁਰੂ ਵੀ ਆਕਾਰ-ਰਹਿਤ ਹੈ ਅਰਥਾਤ 'ਸ਼ਬਦ' ਹੈ।

ਹਵਾ ਵੀ  ਆਕਾਰ-ਰਹਿਤ ਹੈ, ਇਸ ਲਈ ਸਾਨੂੰ ਨਜ਼ਰ ਨਹੀਂ ਆਉਂਦੀ, ਅਸੀ ਉਸ ਨੂੰ ਕੇਵਲ ਮਹਿਸੂਸ ਹੀ ਕਰ ਸਕਦੇ ਹਾਂ। ਸੋ ਜਦ ਅਕਾਲ ਪੁਰਖ ਦੇ 'ਵੱਖ ਵੱਖ ਵੇਸਾਂ' ਦੀ ਗੱਲ ਹੋ ਰਹੀ ਹੈ ਤਾਂ ਉਹ ਵੀ ਯਕੀਨਨ  'ਅਜੂਨੀ' ਵਾਲੇ 'ਵੇਸ' ਹੋਣੇ ਚਾਹੀਦੇ ਹਨ ਤੇ ਆਕਾਰ-ਰਹਿਤ ਜਾਂ 'ਨਿਰਾਕਾਰ' ਰੂਪ 'ਵੇਸ' ਹੀ ਹੋਣਗੇ। ਜੇ ਕਪਲ, ਗੌਤਮ, ਕਣਾਦ, ਜੈਮਨੀ, ਪਾਤੰਜਲੀ ਤੇ ਵਿਆਸ ਦੀ ਹੀ ਗੱਲ ਬਾਬਾ ਨਾਨਕ ਨੇ 'ਗੁਰੂ' ਦੀ ਸੰਗਿਆ ਦੇਣ ਲਈ ਕਰਨੀ ਸੀ ਤਾਂ ਇਹ ਤਾਂ ਜੂਨੀਆਂ ਵਿਚ ਪੈਣ ਵਾਲੇ ਤੇ ਆਕਾਰ ਵਾਲੇ  ਹਨ।

ਇਨ੍ਹਾਂ ਦੀ ਸੰਗਿਆ ਬਾਬਾ ਨਾਨਕ ਕਿਵੇਂ ਦੇ ਸਕਦੇ ਸਨ? ਬਾਕੀ ਦੇ ਸ਼ਬਦ ਵਿਚ ਉੁਨ੍ਹਾਂ ਨੇ ਜਿੰਨੀਆਂ ਵੀ ਉਦਾਹਰਣਾਂ ਦਿਤੀਆਂ ਹਨ, ਉਹ ਵੀ ਆਕਾਰ-ਰਹਿਤ ਤੇ ਅਜੂਨੀ ਹਨ - ਵਿਸੁਏ, ਚਸੇ, ਘੜੀਆ, ਪਹਿਰ, ਥਿਤ, ਵਾਰ, ਮਾਹ 'ਚੋਂ ਕਿਸ ਦਾ ਆਕਾਰ ਦਸਿਆ ਜਾ ਸਕਦਾ ਹੈ ਤੇ ਕਿਸ ਦੀ ਜੂਨ ਦੱਸੀ ਜਾ ਸਕਦੀ ਹੈ? ਬਾਬੇ ਨਾਨਕ ਦਾ ਗੁਰੂ ਵੀ ਆਕਾਰ-ਰਹਿਤ ਤੇ ਅਜੂਨੀ ਹੀ ਹੋ ਸਕਦਾ ਹੈ, ਹੋਰ ਕਿਸੇ ਗੁਰੂ ਨੂੰ ਉਹ 'ਮਾਨਤਾ' ਨਹੀਂ ਦੇ ਸਕਦੇ। ਦੇਹਧਾਰੀ ਗੁਰੂ ਨੂੰ ਉਹ ਸਾਰੀ ਬਾਣੀ ਵਿਚ 'ਛਿਅ' (ਤੇਰੇ ਵਰਗੇ ਛੱਤੀ ਸੌ ਵੇਖੇ) ਵਾਲੇ ਅੰਦਾਜ਼ ਵਿਚ ਹੀ ਬਿਆਨ ਕਰਦੇ ਵੇਖੇ ਜਾ ਸਕਦੇ ਹਨ।

ਬਾਬਾ ਨਾਨਕ ਬੜੀ ਉੱਚ ਪਾਏ ਦੀ ਗੱਲ ਕਰਦੇ ਹਨ ਇਸ ਸ਼ਬਦ ਵਿਚ ਪਰ ਇਕ ਪੁਰਾਤਨ ਲੀਹ 'ਤੇ ਚਲਦੇ ਹੋਏ, ਕਮਾਲ ਦੇ ਇਕ ਰੂਹਾਨੀ ਫ਼ਲਸਫ਼ੇ ਨੂੰ ਅਸੀ ਜੂਨੀਆਂ ਵਿਚ ਭ੍ਰਮਣ ਕਰਨ ਵਾਲਿਆਂ ਨਾਲ ਜੋੜ ਦਿਤਾ ਹੈ। ਤੱਤ ਸਾਰ : ਬਾਬਾ ਨਾਨਕ ਸਾਹਿਬ ਫ਼ੁਰਮਾਉਂਦੇ ਹਨ ਕਿ ਜਿਵੇਂ ਸੂਰਜ ਇਕ ਹੈ ਪਰ ਕਈ ਰੁੱਤਾਂ ਤੇ ਮੌਸਮ ਉਸੇ ਦੀ ਉਪਜ ਹਨ, ਇਸੇ ਤਰ੍ਹਾਂ ਸਾਰੇ ਹੀ ਫ਼ਲਸਫ਼ਿਆਂ, ਉਪਦੇਸ਼ਾਂ,ਗੁਰੂਆਂ (ਗੁਰੂ ਵੀ ਕਿਸੇ ਵਿਅਕਤੀ ਦਾ ਨਾਂ ਨਹੀਂ, ਵਿਚਾਰ ਦਾ ਹੀ ਨਾਂ ਹੈ, ਬਾਬੇ ਨਾਨਕ ਦੇ ਘਰ ਵਿਚ) ਦਾ ਸ੍ਰੋਤ ਇਕੋ ਅਕਾਲ ਪੁਰਖ ਹੈ

ਤੇ ਜਿਵੇਂ ਇਕ ਸਾਲ ਨੂੰ ਵਿਸੂਏ - ਅੱਖ ਦੇ 15 ਫੋਰ, ਚਸਿਆ-15 ਵਿਸੂਏ ਦਾ ਇਕ ਚਸਾ, ਘੜੀਆਂ-30*60 ਚਸੇ ਦੀ ਇਕ ਘੜੀ (ਪਲ = 30 ਚਸੇ, ਘੜੀ =60 ਪਲ), ਪਹਰ - ਸਾਢੇ ਸੱਤ ਘੜੀਆਂ ਦਾ ਇਕ ਪਹਰ, ਦਿਨ-ਰਾਤ- 8 ਪਹਰਾਂ ਦਾ ਦਿਨ ਰਾਤ, ਥਿੱਤਾਂ - ਚੰਨ ਦੀਆਂ 15 ਥਿੱਤਾਂ, ਵਾਰ-ਸੱਤ ਵਾਰ, ਮਾਹੁ-ਮਹੀਨਾ, ਰੁੱਤਾਂ - 6 ਰੁੱਤਾਂ, ਵਿਚ ਵੰਡਿਆ ਜਾ ਸਕਦਾ ਹੈ, ਇਸੇ ਤਰ੍ਹਾਂ ਸੰਸਾਰ ਦੇ ਸਾਰੇ ਫ਼ਲਸਫ਼ੇ, ਵਿਚਾਰ ਤੇ ਗੁਰੂ (ਸ਼ਬਦ) ਜੋ ਅਜੂਨੀ ਤੇ ਨਿਰੰਕਾਰ ਰੂਪ ਹਨ, ਉਸ ਇਕ ਅਕਾਲ ਪੁਰਖ ਦੇ ਵੱਖ ਵੱਖ 'ਵੇਸ' ਹਨ (ਮਨੁੱਖੀ ਸ੍ਰੀਰ ਕਦੇ ਉਸ ਦਾ 'ਵੇਸ' ਨਹੀਂ ਹੋ ਸਕਦਾ)।

ਮਨੁੱਖ ਦੇ ਭਲੇ ਵਿਚ ਇਹੀ ਹੈ ਕਿ ਅਕਾਲ ਪੁਰਖ ਦੇ ਉਸੇ 'ਵੇਸ' ਅਥਵਾ ਫ਼ਲਸਫ਼ੇ ਨਾਲ ਅਪਣੇ ਆਪ ਨੂੰ ਜੋੜੇ ਜੋ ਸਾਰੇ ਵੇਸਾਂ (ਫ਼ਲਸਫ਼ਿਆਂ) ਦਾ ਮੂਲ ਸ੍ਰੋਤ ਹੈ। ਉਹ ਸੂਰਜ ਵਰਗਾ ਫ਼ਲਸਫ਼ਾ ਹੈ ਤੇ ਬਾਕੀ ਸਾਰੇ ਵਿਚਾਰ, ਫ਼ਸਲਫੇ² ਸੂਰਜ ਦੀਆਂ ਰੁੱਤਾਂ ਤੇ ਅੱਗੋਂ ਉੁਨ੍ਹਾਂ ਰੁੱਤਾਂ ਦੇ ਛੋਟੇ ਛੋਟੇ ਟੁਕੜਿਆਂ (ਵਿਸੂਏ, ਚਸਿਆ ਆਦਿ) ਵਰਗੇ ਹਨ। ਬੜਾ ਬੌਧਿਕ ਪੱਧਰ ਦਾ ਸ਼ਬਦ ਹੈ ਕਿਉਂਕਿ ਇਹ ਸੰਸਾਰ ਦੇ ਸਾਰੇ ਫ਼ਲਸਫ਼ਿਆਂ ਦੀ ਹਕੀਕਤ ਬਿਆਨ ਕਰਨ ਵਾਲਾ ਸ਼ਬਦ ਹੈ ਜੋ ਹਰ ਇਕ ਦੀ ਸਮਝ ਵਿਚ ਨਹੀਂ ਆ ਸਕਦਾ।

ਹੁਣ ਅਸੀ ਤੁਕ-ਵਾਰ ਅਰਥ ਵੀ ਕਰ ਸਕਦੇ ਹਾਂ ਜੋ ਇਸ ਪ੍ਰਕਾਰ ਬਣਨਗੇ ਇਸ ਸੰਸਾਰ ਵਿਚ ਅਨੇਕ ਅਤੇ ਅਣਗਿਣਤ ਹਨ ਵਿਚਾਰ ਅਤੇ ਫ਼ਲਸਫ਼ੇ, ਅਨੇਕ ਹਨ ਉਹ ਸ਼ਬਦ ਜਿਨ੍ਹਾਂ ਤੋਂ ਮਨੁੱਖ ਨੂੰ ਅਗਵਾਈ ਮਿਲਦੀ ਹੈ ਤੇ ਅਨੇਕ ਹਨ ਉਪਦੇਸ਼ ਜੋ ਮਨੁੱਖ ਨੂੰ ਸੁਣਾਏ ਜਾ ਰਹੇ ਹਨ। ਪਰ ਇਨ੍ਹਾਂ ਸਾਰੇ ਫ਼ਲਸਫ਼ਿਆਂ, ਵਿਚਾਰਾਂ ਤੇ ਸ਼ਬਦਾਂ ਦਾ ਸ੍ਰੋਤ ਕੇਵਲ ਉਹ ਅਕਾਲ ਪੁਰਖ ਹੀ ਹੈ ਜੋ ਸੱਭ ਤੋਂ ਵੱਡਾ ਫ਼ਲਸਫ਼ਾ ਹੈ ਤੇ ਬਾਕੀ ਸਾਰੇ ਫ਼ਲਸਫ਼ੇ, ਵਿਚਾਰ ਤੇ ਸ਼ਬਦ ਤਾਂ ਉਸ ਦੇ ਵੱਖ ਵੱਖ ਵੇਸ ਹੀ ਹਨ। ਮਨੁੱਖ ਲਈ ਉਹੀ ਫ਼ਲਸਫ਼ਾ ਸੱਭ ਤੋਂ ਉੱਤਮ ਹੈ ਜਿਸ ਵਿਚ ਸ੍ਰਿਸ਼ਟੀ ਦੇ ਮਾਲਕ ਦੀ ਗੱਲ ਕੀਤੀ ਗਈ ਹੋਵੇ।

ਜਿਵੇਂ ਸੂਰਜ ਇਕ ਹੈ ਤੇ ਕਈ ਰੁੱਤਾਂ ਵਿਚੋਂ ਉਸ ਦਾ ਵੱਖ ਵੱਖ ਰੰਗ ਦਾ ਜਲਵਾ ਵੇਖਿਆ ਜਾ ਸਕਦਾ ਹੈ।  ਜਿਵੇਂ ਸਾਲ ਇਕ ਹੈ ਤੇ ਉਹ ਵਿਸੂਏ, ਚਸੇ, ਘੜੀਆਂ, ਪਹਰਾਂ, ਥਿੱਤਾਂ, ਵਾਰਾਂ, ਮਹੀਨਿਆਂ ਵਿਚ ਵੰਡਿਆ ਜਾ ਕੇ ਵੀ ਇਕ ਹੈ। ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਦਾ ਫ਼ਲਸਫ਼ਾ ਵੀ ਇਕ ਹੈ (ਕੋਈ ਦੋ ਵਿਚਾਰ ਨਹੀਂ ਹਨ) ਤੇ ਬਾਕੀ ਸਾਰੇ ਜੂਨੀ ਰਹਿਤ ਤੇ ਆਕਾਰ-ਰਹਿਤ ਫ਼ਲਸਫ਼ੇ, ਵਿਚਾਰ, ਉਪਦੇਸ਼, ਸ਼ਬਦ ਗੁਰੂ ਤਾਂ ਉਸ ਵੱਡੇ ਫ਼ਲਸਫ਼ੇ (ਅਕਾਲ ਪੁਰਖ) ਦੇ ਵੱਖ ਵੱਖ ਵੇਸ ਹੀ ਹਨ, ਵੱਖ ਵੱਖ ਵਿਸੂਏ ਚਸੇ ਹੀ ਹਨ।