
ਪਿਛਲੇ 4 ਘੰਟਿਆਂ ਤੋਂ ਤਿੱਖੀ ਧੁੱਪ ’ਚ ਕਿਸਾਨ ਦੇ ਰਹੇ ਧਰਨਾ
ਬਰਨਾਲਾ: ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੈ ਪਰ ਦੂਜੇ ਪਾਸੇ ਕਿਸਾਨ ਵਿਚਾਰੇ ਸੜਕਾਂ ’ਤੇ ਰੁੱਲ ਰਹੇ ਹਨ ਅਪਣੀ ਫ਼ਸਲ ਲਈ। ਇਕ ਪਾਸੇ ਕਿਸਾਨਾਂ ਨੂੰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਕੇ ਫ਼ਸਲਾਂ ਨੂੰ ਸਹੀ ਸਲਾਮਤ ਮੰਡੀਆਂ ਤੱਕ ਲਿਆਉਣ ਲਈ ਕਈ ਤਰ੍ਹਾਂ ਦੇ ਹੀਲੇ ਕਰਨੇ ਪੈਂਦੇ ਹਨ ਤੇ ਫਿਰ ਮੰਡੀਆਂ ਤੋਂ ਸਰਕਾਰਾਂ ਤੱਕ ਪਹੁੰਚਾਉਣ ਲਈ ਧਰਨੇ ਦੇਣੇ ਪੈਂਦੇ ਹਨ। ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕਿਸਾਨਾਂ ਨੂੰ ਇੰਨਾ ਕੁਝ ਝੇਲਣਾ ਪੈ ਰਿਹਾ ਹੈ ਪਰ ਸਰਕਾਰਾਂ ਨੂੰ ਅਪਣੀਆਂ ਵੋਟਾਂ ਤੇ ਸਿਆਸਤ ਤੋਂ ਵਿਹਲ ਨਹੀਂ।
Farmer Protest
ਦਰਅਸਲ, ਕਣਕ ਦੀ ਖ਼ਰੀਦ ਵਿਚ ਹੋ ਰਹੀ ਢਿੱਲ-ਮੱਠ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਨੇ ਬਰਨਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰ ਦਿਤਾ, ਇਸ ਦੌਰਾਨ ਕਿਸਾਨ ਲਗਭੱਗ 4 ਘੰਟਿਆਂ ਤੋਂ ਤਿੱਖੀ ਧੁੱਪ ਵਿਚ ਹਾਈਵੇ ਜਾਮ ਕਰਕੇ ਧਰਨਾ ਦੇ ਰਹੇ ਹਨ। ਕਿਸਾਨਾਂ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਬਰਨਾਲਾ ਜ਼ਿਲ੍ਹੇ ਦੀਆਂ ਚੌਦਾਂ ਮੰਡੀਆਂ ਵਿਚ ਬਾਰਦਾਨਾ ਨਹੀਂ ਪਹੁੰਚ ਰਿਹਾ ਤੇ ਕਣਕ ਦੀ ਖ਼ਰੀਦ ਵੀ ਸਹੀ ਢੰਗ ਨਾਲ ਨਹੀਂ ਹੋ ਰਹੀ।
Farmer Protest
ਕਿਸਾਨਾਂ ਨੇ ਮੌਸਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੰਡੀਆਂ ਵਿਚ ਉਨ੍ਹਾਂ ਦੀ ਫ਼ਸਲ ਪਿਛਲੇ ਕਈ ਦਿਨਾਂ ਤੋਂ ਜਿਓਂ ਦੀ ਤਿਉਂ ਪਈ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਫਿਰ ਮੌਸਮ ਉਨ੍ਹਾਂ ਦੀ ਮੰਡੀਆਂ ਵਿਚ ਪਈ ਕਣਕ ਹੀ ਨਾ ਬਰਬਾਦ ਕਰ ਦਵੇ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਬਾਰਦਾਨੇ ਤੇ ਕਣਕ ਦੀ ਖ਼ਰੀਦ ਦਾ ਮਸਲਾ ਹੱਲ ਜਲਦੀ ਨਾ ਹੋਇਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕਰ ਦਿਤਾ ਜਾਵੇਗਾ।
Farmer Protest