
ਸ਼ਰਾਬ ਦੀਆਂ 12 ਬੋਤਲਾਂ ਅਧਿਐਨ ਲਈ ਪੁਲਾੜ ਸਟੇਸ਼ਨ ਭੇਜੀਆਂ
ਕੇਪ ਕੇਨਵੇਰਲ : ਉਤਮ ਦਰਜੇ ਦੀ ਫ਼ਰੈਂਚ ਸ਼ਰਾਬ ਦੀਆਂ ਇਕ ਦਰਜਨ ਬੋਤਲਾਂ ਪੁਲਾੜ ਵਿਚ ਪਹੁੰਚ ਗਈਆਂ ਹਨ। ਇਹ ਸ਼ਰਾਬ ਪੁਲਾੜ ਯਾਤਰੀਆਂ ਦੇ ਪੀਣ ਲਈ ਨਹੀਂ ਸਗੋਂ ਕਿਸੇ ਤਜਰਬੇ ਲਈ ਭੇਜੀ ਗਈ ਹੈ। ਸ਼ਰਾਬ ਦੀਆਂ ਬੋਤਲਾਂ ਨੂੰ ਇਕ ਸਾਲ ਮਗਰੋਂ ਧਰਤੀ 'ਤੇ ਵਾਪਸ ਲਿਆਂਦਾ ਜਾਵੇਗਾ। ਖੋਜਕਾਰ ਇਸ ਗੱਲ ਦਾ ਅਧਿਐਨ ਕਰਨਗੇ ਕਿ ਸਮੇਂ ਦੀ ਪ੍ਰਕਿਆ ਨੂੰ ਭਾਰਹੀਣਤਾ ਅਤੇ ਪੁਲਾੜ ਦਾ ਮਾਹੌਲ ਕਿਵੇਂ ਪ੍ਰਭਾਵਤ ਕਰਦੇ ਹਨ। ਇਸ ਦਾ ਟੀਚਾ ਖਾਧ ਉਦਯੋਗ ਲਈ ਨਵਾਂ ਸਵਾਦ ਅਤੇ ਗੁਣ ਵਿਕਸਤ ਕਰਨਾ ਹੈ।
ਇਨ੍ਹਾਂ ਬੋਤਲਾਂ ਨੂੰ ਸਨਿਚਰਵਾਰ ਨੂੰ ਵਰਜੀਨੀਆ ਤੋਂ ਨਾਰਥਰੋਪ ਗੁੰਮਨ ਕੈਪਸੂਲ ਜ਼ਰੀਏ ਭੇਜਿਆ ਗਿਆ ਹੈ ਅਤੇ ਇਹ ਬੋਤਲਾਂ ਸੋਮਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਚ ਪਹੁੰਚ ਗਈਆਂ। ਹਰ ਬੋਤਲ ਨੂੰ ਧਾਤੂ ਦੇ ਡੱਬੇ ਵਿਚ ਪੈਕ ਕੀਤਾ ਗਿਆ ਹੈ ਤਾਕਿ ਇਹ ਟੁੱਟਣ ਨਾ। ਫ਼ਰਾਂਸ ਦੀ ਬੋਰਦੋ ਅਤੇ ਜਰਮਨੀ ਦੀ ਬਾਯਰਨ ਯੂਨੀਵਰਸਿਟੀ, ਲਕਜ਼ਮਬਰਗ ਦੀ ਸਪੇਸ ਕਾਰਗੋ ਅਨਲਿਮਟਿਡ ਕੰਪਨੀ ਇਸ ਅਧਿਐਨ ਵਿਚ ਹਿੱਸਾ ਲੈ ਰਹੀਆਂ ਹਨ।
ਅਧਿਐੈਨ ਦੇ ਨਿਰਦੇਸ਼ਕ ਮਾਈਕਲ ਲੇਬਰਟ ਨੇ ਦਸਿਆ ਇਸ ਸ਼ਰਾਬ ਨੂੰ ਬਣਾਉਣ ਵਿਚ ਯੀਸਟ ਅਤੇ ਜੀਵਾਣੂਆਂ ਦੋਹਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਵਿਚ ਰਸਾਇਣਕ ਪ੍ਰਕ੍ਰਿਆ ਵੀ ਸ਼ਾਮਲ ਹੈ ਜੋ ਇਸ ਨੂੰ ਪੁਲਾੜ ਅਧਿਐਨ ਲਈ ਆਦਰਸ਼ ਬਣਾਉਂਦੀ ਹੈ। ਪੁਲਾੜ ਵਿਚ ਰੱਖੀ ਗਈ ਸ਼ਰਾਬ ਦੀ ਤੁਲਨਾ ਧਰਤੀ 'ਤੇ ਏਨੇ ਹੀ ਸਮੇਂ ਲਈ ਰੱਖੀ ਗਈ ਬੋਰਦੋ ਦੀ ਸ਼ਰਾਬ ਨਾਲ ਕੀਤੀ ਜਾਵੇਗੀ। ਅਗਲੇ ਤਿੰਨ ਸਾਲਾਂ ਵਿਚ ਕੰਪਨੀ ਦੁਆਰਾ ਯੋਜਨਾਬੱਧ ਢੰਗ ਨਾਲ ਚਲਾਈਆਂ ਜਾਣ ਵਾਲੀਆਂ ਛੇ ਪੁਲਾੜ ਯੋਜਨਾਵਾਂ ਵਿਚੋਂ ਇਹ ਪਹਿਲੀ ਹੈ।
ਸਪੇਸ ਕਾਰਗੋ ਅਨਲਿਮਟਿਡ ਕੰਪਨੀ ਦੇ ਅਧਿਕਾਰੀ ਨਿਕੋਲਸ ਗੌਮ ਨੇ ਬਿਆਨ ਜਾਰੀ ਕਰ ਕੇ ਦਸਿਆ ਕਿ ਇਹ ਇਕ ਵਾਰ ਕੀਤਾ ਜਾਣ ਵਾਲਾ ਜ਼ਿੰਦਗੀ ਭਰ ਦਾ ਸਾਹਸੀ ਕੰਮ ਹੈ। ਨਾਸਾ, ਅਜਿਹੇ ਪ੍ਰੋਗਰਾਮਾਂ ਅਤੇ ਵਪਾਰ ਦੇ ਮੌਕਿਆਂ ਤੇ ਨਿਜੀ ਪੁਲਾੜ ਯਾਤਰੀ ਮਿਸ਼ਨਾਂ ਲਈ ਪੁਲਾੜ ਸਟੇਸ਼ਨ ਚਲਾ ਰਿਹਾ ਹੈ।