
ਫਾਕਸਵੈਗਨ ਅਪਣੀ ਸਭ ਤੋਂ ਹਰਮਨ ਪਿਆਰੀਆਂ ਕਾਰਾਂ ਵਿਚੋਂ ਇਕ ਬੀਟਲ ਦਾ ਪ੍ਰੋਡਕਸ਼ਨ ਬੰਦ ਕਰਨ ਜਾ ਰਹੀ ਹੈ।
ਫਾਕਸਵੈਗਨ ਅਪਣੀ ਸਭ ਤੋਂ ਹਰਮਨ ਪਿਆਰੀਆਂ ਕਾਰਾਂ ਵਿਚੋਂ ਇਕ ਬੀਟਲ ਦਾ ਪ੍ਰੋਡਕਸ਼ਨ ਬੰਦ ਕਰਨ ਜਾ ਰਹੀ ਹੈ। ਕੰਪਨੀ ਨੇ ਮੈਕਸੀਕੋ ਦੇ ਪਿਊਬਲਾ ਸ਼ਹਿਰ ਵਿਚਲੇ ਅਪਣੇ ਪਲਾਂਟ ਵਿਚ ਬੀਟਲ ਦੇ ਆਖ਼ਰੀ ਵੈਰੀਏਂਟ ਦਾ ਪ੍ਰੋਡਕਸ਼ਨ ਰੋਕਣ ਦਾ ਫ਼ੈਸਲਾ ਕੀਤਾ ਹੈ। ਇਸ ਕਾਰ ਨੇ ਪਿਛਲੇ 80 ਸਾਲਾਂ ਵਿਚ ਪੂਰੀ ਦੁਨੀਆ ਵਿਚ ਅਪਣੀ ਛਾਪ ਛੱਡੀ ਹੈ। ਬੀਟਲ ਨੇ ਅਪਣੀ ਪਛਾਣ ਆਮ ਲੋਕਾਂ ਦੀ ਕਾਰ ਦੇ ਤੌਰ 'ਤੇ ਬਣਾਈ ਸੀ ਅਤੇ ਦੇਖਦੇ ਹੀ ਦੇਖਦੇ ਇਹ ਕਾਰ ਦੁਨੀਆਂ ਦੀਆਂ ਸਭ ਤੋਂ ਮਸ਼ਹੂਰ ਕਾਰਾਂ ਵਿਚੋਂ ਇਕ ਬਣ ਗਈ।
Volkswagen Beetle
ਬੀਟਲ ਦਾ ਨਾਂਅ ਇਤਿਹਾਸ ਦੇ ਪੰਨਿਆਂ 'ਤੇ ਇੰਝ ਹੀ ਦਰਜ ਨਹੀਂ ਹੋਇਆ। ਇਹ ਕਾਰ ਨਾਜ਼ੀ ਜਰਮਨੀ ਦੇ ਤਾਨਸ਼ਾਹੀ ਇਤਿਹਾਸ ਦੀ ਗਵਾਹ ਰਹੀ ਹੈ ਅਤੇ ਇਸ ਨੂੰ ਖ਼ਾਸ ਤੌਰ 'ਤੇ ਜਰਮਨੀ ਦੇ ਤਾਨਾਸ਼ਾਹ ਅਡੋਲਫ਼ ਹਿਟਲਰ ਦੇ ਲਈ ਹੀ ਬਣਾਇਆ ਗਿਆ ਸੀ। ਹਿਟਲਰ ਨੇ ਪਾਰਸ਼ ਕਾਰ ਕੰਪਨੀ ਦੇ ਫਾਊਂਡਰ ਫਰਡੀਨਾਂਡ ਪਾਰਸ਼ ਨੂੰ ਇਕ ਅਜਿਹੀ ਕਾਰ ਬਣਾਉਣ ਲਈ ਆਖਿਆ ਸੀ ਜੋ ਆਮ ਲੋਕਾਂ ਦੀ ਪਸੰਦ ਬਣ ਸਕੇ, ਜਿਸ ਨੂੰ 'ਪੀਪਲਜ਼ ਕਾਰ' ਯਾਨੀ ਆਮ ਲੋਕਾਂ ਦੀ ਕਾਰ ਕਿਹਾ ਜਾ ਸਕੇ। ਹਿਟਲਰ ਦੇ ਆਦੇਸ਼ ਤੋਂ ਬਾਅਦ ਫਰਡੀਨਾਂਡ ਪਾਰਸ਼ ਨੇ 1937 ਵਿਚ ਫਾਕਸਵੈਗਨ ਵਰਕ ਨਾਂਅ ਦੀ ਫੈਕਟਰੀ ਤਿਆਰ ਕੀਤੀ ਅਤੇ 1938 ਵਿਚ ਪਹਿਲੀ ਬੀਟਲ ਕਾਰ ਸੜਕਾਂ 'ਤੇ ਉਤਾਰੀ ਸੀ।
Volkswagen Beetle
ਲਾਂਚ ਹੁੰਦੇ ਹੀ ਬੀਟਲ ਹੌਲੀ-ਹੌਲੀ ਮਿਡਲ ਕਲਾਸ ਲੋਕਾਂ ਦੀ ਸ਼ਾਨ ਬਣ ਗਈ। ਇਹ ਗੱਡੀ ਗਲੋਬਲਾਈਜੇਸ਼ਨ ਦੀ ਪਛਾਣ ਬਣੀ। 1960 ਵਿਚ ਬੀਟਲ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਹਰਮਨ ਪਿਆਰੀ ਕਾਰ ਬਣੀ ਅਤੇ ਅਮਰੀਕਾ ਹੀ ਇਸ ਦਾ ਸਭ ਤੋਂ ਵੱਡਾ ਬਜ਼ਾਰ ਵੀ ਬਣਿਆ। 1968 ਵਿਚ 5 ਲੱਖ 63 ਹਜ਼ਾਰ 522 ਯਾਨੀ ਪ੍ਰੋਡਕਸ਼ਨ ਦਾ 40 ਫ਼ੀਸਦੀ ਬੀਟਲ ਕਾਰਾਂ ਅਮਰੀਕਾ ਵਿਚ ਵਿਕੀਆਂ ਸਨ। ਬੀਟਲ ਨੂੰ ਡਿਜ਼ਨੀ ਦੀ 1968 ਦੀ ਫਿਲਮ 'ਦਿ ਲਵ ਬੱਗ' ਤੋਂ ਕਾਫ਼ੀ ਲੋਕਪ੍ਰਿਯਤਾ ਮਿਲੀ ਸੀ। ਇਸ ਫਿਲਮ ਵਿਚ ਇਕ ਅਜਿਹੀ ਫਾਕਸਵੈਗਨ ਕਾਰ ਦੀ ਕਹਾਣੀ ਸੀ ਜੋ ਖ਼ੁਦ ਸੋਚ ਸਕਦੀ ਸੀ।
Volkswagen Beetle
ਸਾਲ 1979 ਦੌਰਾਨ ਅਮਰੀਕਾ ਵਿਚ ਬੀਟਲ ਦੀ ਵਿਕਰੀ ਬੰਦ ਕਰ ਦਿੱਤੀ ਗਈ ਪਰ ਮੈਕਸੀਕੋ ਅਤੇ ਬ੍ਰਾਜ਼ੀਲ ਵਿਚ ਇਸ ਉਤਪਾਦਨ ਜਾਰੀ ਰਿਹਾ। ਬਾਅਦ ਵਿਚ ਕੰਪਨੀ ਨੇ ਫਿਰ 'ਨਿਊ ਬੀਟਲ' ਨੂੰ 1997 ਵਿਚ ਅਮਰੀਕੀ ਬਜ਼ਾਰ ਵਿਚ ਪੇਸ਼ ਕੀਤਾ ਸੀ ਪਰ ਸਾਲ 2018 ਵਿਚ ਬੀਟਲ ਦੀ ਅਮਰੀਕਾ ਵਿਚ ਵਿਕਰੀ 2017 ਤੋਂ ਡਿਗ ਕੇ 3.2 ਫ਼ੀਸਦੀ ਡਿੱਗ ਗਈ। ਹੁਣ ਲੱਖਾਂ ਲੋਕਾਂ ਦੀ ਪਸੰਦ ਰਹੀ ਇਹ ਕਾਰ ਇਤਿਹਾਸ ਦੇ ਪੰਨਿਆਂ ਵਿਚ ਸਿਮਟ ਕੇ ਰਹਿ ਜਾਵੇਗੀ।