
ਸਰਵਰ ਨਾਲ ਸਬੰਧਤ ਵੈੱਬਸਾਈਟ DownDetector ਮੁਤਾਬਕ ਟਵਿਟਰ ਸੇਵਾਵਾਂ ਠੱਪ ਹੋਣ ਦੀਆਂ ਹਜ਼ਾਰਾਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ।
ਨਵੀਂ ਦਿੱਲੀ: ਦੁਨੀਆ ਭਰ 'ਚ ਟਵਿਟਰ ਠੱਪ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹਜ਼ਾਰਾਂ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਇਹ ਐਪ ਫੋਨ 'ਤੇ ਲੋਡ ਕਰਨ ਦੇ ਯੋਗ ਨਹੀਂ ਹੈ। ਐਂਡਰੌਇਡ ਅਤੇ ਆਈਓਐਸ ਪਲੇਟਫਾਰਮ 'ਤੇ ਚੱਲਣ ਵਾਲੇ ਫੋਨਾਂ 'ਚ ਇਹ ਸਮੱਸਿਆ ਦੇਖਣ ਨੂੰ ਮਿਲੀ ਹੈ। ਹਾਲਾਂਕਿ ਟਵਿਟਰ ਵੈੱਬ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਆਊਟੇਜ ਕਿੰਨਾ ਵੱਡਾ ਹੈ ਕਿਉਂਕਿ ਟਵਿਟਰ ਐਪ iOS ਅਤੇ ਐਂਡਰੌਇਡ ਪਲੇਟਫਾਰਮਾਂ ਦੇ ਕਈ ਡਿਵਾਈਸਾਂ 'ਤੇ ਵਧੀਆ ਕੰਮ ਕਰ ਰਿਹਾ ਹੈ।
ਸਰਵਰ ਨਾਲ ਸਬੰਧਤ ਵੈੱਬਸਾਈਟ DownDetector ਮੁਤਾਬਕ ਟਵਿਟਰ ਸੇਵਾਵਾਂ ਠੱਪ ਹੋਣ ਦੀਆਂ ਹਜ਼ਾਰਾਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ। ਉਪਭੋਗਤਾ ਟਵਿਟਰ ਦੀ ਵਰਤੋਂ ਕਰਨ ਵਿਚ ਅਸਮਰੱਥ ਹਨ। ਯੂਜ਼ਰਸ ਨੂੰ ਟਵਿਟਰ 'ਤੇ ਲੌਗਇਨ ਕਰਨ ਅਤੇ ਟਵੀਟ ਕਰਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਟਵਿਟਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕੁਝ ਲੋਕਾਂ ਨੂੰ ਟਵਿਟਰ ਐਕਸੈਸ ਕਰਨ 'ਚ ਦਿੱਕਤ ਆ ਰਹੀ ਹੈ। ਅਸੀਂ ਇਸ 'ਤੇ ਕੰਮ ਕਰ ਰਹੇ ਹਾਂ, ਸੇਵਾਵਾਂ ਜਲਦੀ ਹੀ ਬਹਾਲ ਕਰ ਦਿੱਤੀਆਂ ਜਾਣਗੀਆਂ।
ਵੀਰਵਾਰ ਨੂੰ ਅਮਰੀਕਾ ਵਿਚ ਲਗਭਗ 27,000 ਲੋਕਾਂ ਨੇ ਟਵਿਟਰ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ। ਨਿਊਯਾਰਕ, ਲਾਸ ਏਂਜਲਸ, ਸਨ ਫਰਾਂਸਿਸਕੋ ਸਮੇਤ ਅਮਰੀਕਾ ਦੇ ਕਈ ਸ਼ਹਿਰਾਂ 'ਚ ਯੂਜ਼ਰਸ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਯੂਨਾਈਟਿਡ ਕਿੰਗਡਮ, ਮੈਕਸੀਕੋ, ਬ੍ਰਾਜ਼ੀਲ ਅਤੇ ਇਟਲੀ ਦੇ ਟਵਿਟਰ ਯੂਜ਼ਰਸ ਨੇ ਵੀ ਇਸ ਸਮੱਸਿਆ ਦੀ ਸ਼ਿਕਾਇਤ ਕੀਤੀ ਹੈ।
'ਡਾਊਨਡਿਟੈਕਟਰ' ਮੁਤਾਬਕ ਦਿੱਲੀ, ਮੁੰਬਈ, ਹੈਦਰਾਬਾਦ ਸਮੇਤ ਭਾਰਤ ਦੇ ਕਈ ਵੱਡੇ ਸ਼ਹਿਰਾਂ ਦੇ ਯੂਜ਼ਰਸ ਨੂੰ ਟਵਿਟਰ ਦੀ ਵਰਤੋਂ ਕਰਨ 'ਚ ਪਰੇਸ਼ਾਨੀ ਹੋਈ ਹੈ। ਯੂਜ਼ਰਸ ਕਹਿ ਰਹੇ ਹਨ ਕਿ ਨਾ ਤਾਂ ਵੈੱਬਸਾਈਟ ਅਤੇ ਨਾ ਹੀ ਐਪ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਫਰਵਰੀ 2022 ਵਿਚ ਹਫ਼ਤੇ ਵਿਚ ਦੋ ਵਾਰ ਟਵਿਟਰ ਦੀਆਂ ਸੇਵਾਵਾਂ ਠੱਪ ਹੋ ਗਈਆਂ ਸਨ। ਕਈ ਯੂਜ਼ਰਸ ਨੂੰ ਟਵਿਟਰ ਦੀ ਵਰਤੋਂ ਕਰਨ ਵਿਚ ਮੁਸ਼ਕਲ ਆ ਰਹੀ ਸੀ।