
ਬਾਵਾ ਬਲਵੰਤ ਦਾ ਜਨਮ ਅਗੱਸਤ 1915 ਨੂੰ ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਮਾਤਾ ਗਿਆਨ ਦੇਈ ਅਤੇ ਹਕੀਮ ਠਾਕੁਰ ਦੀਨਾ ਨਾਥ ਦੇ ਘਰ ਹੋਇਆ।
ਬਾਵਾ ਬਲਵੰਤ ਇਕ ਪੰਜਾਬੀ ਸਾਹਿਤਕਾਰ ਅਤੇ ਮੁੱਖ ਤੌਰ 'ਤੇ ਕਵੀ ਸਨ। ਬਾਵਾ ਬਲਵੰਤ ਨੇ ਪਹਿਲਾਂ ਉਰਦੂ ਵਿਚ ਸ਼ਾਇਰੀ ਲਿਖਣੀ ਸ਼ੁਰੂ ਕੀਤੀ ਅਤੇ ਬਾਅਦ ਵਿਚ ਅਪਣੀ ਮਾਂ ਬੋਲੀ ਪੰਜਾਬੀ ਵਲ ਆਏ। ਬਾਵਾ ਬਲਵੰਤ ਦਾ ਜਨਮ ਅਗੱਸਤ 1915 ਨੂੰ ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਮਾਤਾ ਗਿਆਨ ਦੇਈ ਅਤੇ ਹਕੀਮ ਠਾਕੁਰ ਦੀਨਾ ਨਾਥ ਦੇ ਘਰ ਹੋਇਆ। ਉਸ ਦਾ ਜਨਮ ਵੇਲੇ ਦਾ ਨਾਂ ਮੰਗਲ ਸੈਨ ਸੀ। ਫਿਰ ਬਲਵੰਤ ਰਾਏ ਅਤੇ ਬਾਅਦ ਵਿਚ ਬਾਵਾ ਬਲਵੰਤ ਬਣਿਆ।
poet Bawa Balwant
ਉਨ੍ਹਾਂ ਨੂੰ ਸਕੂਲ ਵਿਚ ਦਾਖ਼ਲ ਹੋ ਕੇ ਵਿਦਿਆ ਪ੍ਰਾਪਤ ਕਰਨ ਦਾ ਮੌਕਾ ਨਾ ਮਿਲਿਆ, ਇਸ ਲਈ ਮੁਢਲੀ ਵਿਦਿਆ ਪਾਂਧੇ ਕੋਲੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਅਪਣੀ ਮਿਹਨਤ ਨਾਲ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਫਾਰਸੀ ਆਦਿ ਭਾਸ਼ਾਵਾਂ ਵੀ ਸਿਖੀਆਂ ਅਤੇ ਫਿਰ ਭਾਰਤ ਅਤੇ ਸੰਸਾਰ ਦੇ ਮਹਾਨ ਸਾਹਿਤ ਦਾ ਅਧਿਐਨ ਕੀਤਾ। ਉਨ੍ਹਾਂ ਨੂੰ ਚਿਤਰਕਲਾ ਵਿਚ ਵੀ ਬਹੁਤ ਦਿਲਚਸਪੀ ਸੀ।
ਅਪਣੀਆਂ ਆਰਥਕ ਲੋੜਾਂ ਲਈ ਉਨ੍ਹਾਂ ਨੂੰ ਕਈ ਨਿੱਕੇ-ਨਿੱਕੇ ਕੰਮ ਕਰਨੇ ਪਏ। ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ, ਲਿਫ਼ਾਫ਼ੇ ਬਣਾਉਣ, ਸੂਤ ਦੀ ਰੰਗਾਈ ਦਾ ਕੰਮ ਅਤੇ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਕੀਤਾ, ਪਰ ਉਹ ਕਿਸੇ ਵੀ ਕੰਮ ਵਿਚ ਅਪਣਾ ਪੂਰਾ ਧਿਆਨ ਨਾ ਲਾ ਸਕੇ ਕਿਉਂਕਿ ਕਵਿਤਾ ਲਿਖਣ ਅਤੇ ਸਾਹਿਤ ਪੜ੍ਹਨ ਦੇ ਸ਼ੌਕ ਨੇ ਉਨ੍ਹਾਂ ਦੀਆਂ ਰੁਚੀਆਂ ਨੂੰ ਇਸ ਕੰਮ ਦਾ ਰਾਹਗੀਰ ਨਾ ਬਣਨ ਦਿਤਾ।
poet Bawa Balwant
ਭਲਵਾਨੀ ਕੱਦ-ਕਾਠ, ਗੋਰੇ-ਚਿੱਟੇ ਰੰਗ ਅਤੇ ਘੁੰਗਰਾਲੇ ਵਾਲਾਂ ਵਾਲਾ ਬਲਵੰਤ ਕਦੇ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਰਹਿੰਦਾ ਸੀ। ਕਈ ਲੋਕ ਬਲਵੰਤ ਨੂੰ ਘੁੰਗਰਾਲੇ ਵਾਲ ਹੋਣ ਕਰ ਕੇ 'ਬਾਵਾ' ਵੀ ਕਹਿੰਦੇ ਸਨ। ਬਾਅਦ ਵਿਚ ਇਹ ਦੋਵੇਂ ਨਾਂ ਇਕ ਹੋ ਕੇ ਬਾਵਾ ਬਲਵੰਤ ਬਣ ਗਿਆ। ਬਾਵਾ ਨਿਰਸੰਦੇਹ ਇਕ ਉੱਚ ਪ੍ਰਤਿਭਾ ਵਾਲਾ ਕਵੀ ਹੈ। ਉਹ ਇਕੋ ਸਮੇਂ ਦਾਰਸ਼ਨਿਕ ਵਿਦਵਾਨ ਅਤੇ ਕਵੀ ਹੈ।
ਕਵੀ ਵੀ ਇਸ ਹੱਦ ਤਕ ਗਹਿਰਾ ਕਿ ਗਹੁ ਬਿਨਾਂ ਉਸ ਦੀ ਰਚਨਾ ਦੀ ਤਹਿ ਤਕ ਨਹੀਂ ਪੁਜਿਆ ਜਾ ਸਕਦਾ। ਇਹ ਅਜਿਹੀ ਕਵਿਤਾ ਨਹੀਂ ਕਿ ਪਲ ਦੀ ਪਲ ਪੜ੍ਹੀ ਜਾਂ ਸੁਣੀ ਅਤੇ ਆਨੰਦਿਤ ਹੋ ਗਏ। ਇਹ ਇਸ ਤੋਂ ਪਰ੍ਹੇ ਜਾਂਦੀ ਹੈ। ਆਲੋਚਨਾ ਅਤੇ ਵਿਆਖਿਆ ਦੀ ਮੰਗ ਕਰਦੀ ਹੈ ਅਤੇ ਫਿਰ ਕਿਤੇ ਜਾ ਕੇ ਅਸਰ ਕਰਦੀ ਹੈ। ਬਾਵਾ ਬਲਵੰਤ ਨੂੰ ਸਮਾਜਵਾਦੀ ਯਥਾਰਥਵਾਦੀ ਕਵੀ ਆਖਣਾ ਉਸ ਦੀ ਅਗਾਂਹਵਧੂ ਸੋਚਣੀ ਦਾ ਯੋਗ ਮੁਲਾਂਕਣ ਹੈ।
poet Bawa Balwant
ਉਹ ਅਪਣੇ ਆਲੇ-ਦੁਆਲੇ ਦੇ ਸਮਾਜ ਦਾ ਯੋਗ ਅਧਿਐਨ ਕਰ ਸਕਣ ਦੇ ਸਮਰੱਥ ਵੀ ਹੁੰਦਾ ਹੈ। ਉਹ ਸਮਾਜ ਵਿਚ ਚਲ ਰਹੇ 'ਵਿਰੋਧ' ਦੀ ਪੜਤਾਲ ਕਰਦਾ ਹੈ ਅਤੇ ਇਸ ਦੇ ਵਿਕਾਸ ਵਿਚ ਹਿੱਸਾ ਪਾਉਂਦਾ ਹੋਇਆ ਇਕ ਸ਼੍ਰੇਣੀ-ਰਹਿਤ ਸਮਾਜ ਦੀ ਕਲਪਨਾ ਕਰਦਾ ਹੈ। ਬਾਵਾ ਬਲਵੰਤ ਨੇ ਅਪਣੇ ਜੀਵਨ ਨਿਰਬਾਹ ਲਈ ਕਿਸੇ ਅੱਗੇ ਹੱਥ ਨਹੀਂ ਸੀ ਅਡਿਆ ਅਤੇ ਨਾ ਹੀ ਕਿਸੇ ਪੁਰਸਕਾਰ ਦੀ ਇੱਛਾ ਕੀਤੀ ਸੀ।
ਪੰਜਾਬੀ ਸਾਹਿਤ ਨੂੰ ਅਪਣੀਆਂ ਰਚਨਾਵਾਂ ਨਾਲ ਮਾਲਾਮਾਲ ਕਰਨਾ ਹੀ ਉਸ ਦਾ ਟੀਚਾ ਸੀ, ਜਿਸ ਵਿਚ ਉਹ ਸਫ਼ਲ ਰਿਹਾ। ਉਸ ਦਾ ਜੋ ਰੁਤਬਾ ਸੀ, ਬਤੌਰ ਪ੍ਰਗਤੀਸ਼ੀਲ ਕਵੀ, ਉਹ ਹਮੇਸ਼ਾ ਕਾਇਮ ਰਿਹਾ, ਸਗੋਂ ਵਕਤ ਦੇ ਨਾਲ-ਨਾਲ ਉਸ ਦਾ ਮੁਕਾਮ ਬੁਲੰਦ ਹੁੰਦਾ ਗਿਆ।ਮੁੱਖ ਰੂਪ ਵਿਚ ਬਾਵਾ ਬਲਵੰਤ ਇਕ ਕਵੀ ਹੈ। ਜਵਾਲਾਮੁਖੀ, ਬੰਦਰਗਾਹ, ਮਹਾਂ ਨਾਚ, ਅਮਰ ਗੀਤ ਅਤੇ ਸੁਗੰਧ ਸਮੀਰ, ਆਪ ਦੇ ਪ੍ਰਸਿੱਧ ਕਾਵਿ-ਸੰਗ੍ਰਹਿ ਹਨ।
poet Bawa Balwant
ਬਾਵਾ ਬਲਵੰਤ ਦੇ ਬਹੁਤ ਸਾਰੇ ਲੇਖ ਪੰਜਾਬੀ ਰਸਾਲਿਆਂ ਵਿਚ ਛਪਦੇ ਰਹੇ। ਇਹ ਲੇਖ ਵਿਅੰਗ-ਪ੍ਰਧਾਨ ਵਾਰਤਕ ਦੇ ਵਧੀਆ ਨਮੂਨੇ ਹਨ। ਇਨ੍ਹਾਂ ਲੇਖਾਂ ਤੋਂ ਇਲਾਵਾ ਉਸ ਦਾ ਇਕ ਲੇਖ ਸੰਗ੍ਰਹਿ 'ਕਿਸ ਕਿਸ ਤਰ੍ਹਾਂ ਦੇ ਨਾਚ' ਵੀ ਪ੍ਰਕਾਸ਼ਤ ਹੋਇਆ।