
ਏਅਰ ਇੰਡੀਆ ਨੇ ਜਾਂਚ ਟੀਮ ਗਠਿਤ ਕੀਤੀ
ਨਵੀਂ ਦਿੱਲੀ : ਏਅਰ ਇੰਡੀਆ ਦੇ ਕੈਪਟਨ ਰੋਹਿਤ ਭਸੀਨ ਵਿਰੁੱਧ ਆਸਟ੍ਰੇਲੀਆ ਦੇ ਰੀਜ਼ਨਲ ਮੈਨੇਜਰ ਨੇ ਸਿਡਨੀ ਹਵਾਈ ਅੱਡੇ 'ਤੇ ਦੁਕਾਨ ਤੋਂ ਸਾਮਾਨ ਚੋਰੀ ਕਰਨ ਦੀ ਸ਼ਿਕਾਇਤ ਕੀਤੀ ਹੈ। ਏਅਰ ਇੰਡੀਆ ਨੇ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਕੈਪਟਨ ਰੋਹਿਤ ਭਸੀਨ ਨੂੰ ਮੁਅੱਤਲ ਕਰ ਦਿੱਤਾ ਹੈ। ਕੈਪਟਨ ਰੋਹਿਤ ਭਸੀਨ ਖੇਤਰੀ ਨਿਦੇਸ਼ਕ ਵਜੋਂ ਵੀ ਕੰਮ ਕਰ ਰਹੇ ਸਨ।
Air India
ਏਅਰ ਇੰਡੀਆ ਦੇ ਬੁਲਾਰੇ ਨੇ ਪੂਰੇ ਮਾਮਲੇ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਇਕ ਮੁਢਲੀ ਰਿਪੋਰਟ ਮਿਲੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਕੈਪਟਨ ਰੋਹਿਤ, ਜੋ ਰੀਜ਼ਨਲ ਡਾਇਰੈਕਟਰ ਵਜੋਂ ਵੀ ਕੰਮ ਕਰ ਰਹੇ ਹਨ, ਨੇ ਸਿਡਨੀ 'ਚ ਡਿਊਟੀ ਫ਼੍ਰੀ ਸ਼ਾਪ 'ਚੋਂ ਇਕ ਬਟੂਆ ਚੋਰੀ ਕੀਤਾ ਹੈ। ਸ਼ੁਰੂਆਤੀ ਕਾਰਵਾਈ 'ਚ ਏਅਰ ਇੰਡੀਆ ਨੇ ਜਾਂਚ ਟੀਮ ਗਠਿਤ ਕਰ ਦਿੱਤੀ ਹੈ ਅਤੇ ਕੈਪਟਨ ਨੂੰ ਉਦੋਂ ਤਕ ਮੁਅੱਤਲ ਕਰ ਦਿੱਤਾ ਹੈ।
Air India
ਦੱਸਿਆ ਜਾ ਰਿਹਾ ਹੈ ਕਿ ਕੈਪਟਨ ਭਸੀਨ ਅਗਲੇ ਦਿਨ ਉਡਾਨ ਭਰਨ ਵਾਲੇ ਸਨ ਪਰ ਹੁਣ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਹੈ। ਸਿਡਨੀ ਦੇ ਰੀਜ਼ਨਲ ਮੈਨੇਜਰ ਦੀ ਸ਼ਿਕਾਇਤ 'ਤੇ ਕੈਪਟਨ ਵਿਰੁੱਧ ਕਾਰਵਾਈ ਕੀਤੀ ਗਈ ਹੈ। ਏਅਰ ਇੰਡੀਆ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਹੈ ਕਿ ਜਹਾਜ਼ ਕੰਪਨੀ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਕੰਮ ਕਰਦੀ ਹੈ। ਜੇ ਕੋਈ ਮੁਲਾਜ਼ਮ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।