
ਯੂਪੀ ਵਿਚ ਜਾਨਲੇਵਾ ਮੀਂਹ ਕਾਰਨ ਪਿਛਲੇ 24 ਘੰਟਿਆਂ ਵਿਚ 16 ਜਣਿਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ............
ਲਖਨਊ/ਸ਼ਾਹਜਹਾਂਪੁਰ : ਯੂਪੀ ਵਿਚ ਜਾਨਲੇਵਾ ਮੀਂਹ ਕਾਰਨ ਪਿਛਲੇ 24 ਘੰਟਿਆਂ ਵਿਚ 16 ਜਣਿਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਰੀਪੋਰਟਾਂ ਮਾਤਬਕ ਪਿਛਲੇ 24 ਘੰਟਿਆਂ ਦੌਰਾਨ ਮੀਂਹ ਕਾਰਨ ਮਕਾਨ ਡਿੱਗਣ ਅਤੇ ਹੋਰ ਹਾਦਸਿਆਂ ਵਿਚ ਕੁਲ 16 ਜਣੇ ਮਾਰ ਗਏ ਹਨ। ਿਇਨ੍ਹਾਂ ਵਿਚੋਂ ਸ਼ਾਹਜਹਾਂਪੁਰ ਵਿਚ ਸੱਭ ਤੋਂ ਵੱਧ ਛੇ ਜਣਿਆਂ ਦੀ ਮੌਤ ਹੋ ਗਈ। ਯੂਪੀ ਦੇ ਇਸ ਜ਼ਿਲ੍ਹੇ ਵਿਚ ਖ਼ਰਾਬ ਮੌਸਮ ਵਿਚ ਬਿਜਲੀ ਡਿੱਗ ਜਾਣ ਨਾਲ ਚਾਰ ਬੱਚਿਆਂ ਸਮੇਤ ਛੇ ਜਣਿਆਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਪੁਲਿਸ ਨੇ ਦਸਿਆ ਕਿ ਕਲ ਸ਼ਾਮ ਕੁੱਝ ਮੁੰਡੇ ਖੇਤਾਂ ਵਿਚ ਪਸ਼ੂ ਚਾਰ ਰਹੇ ਸਨ ਕਿ ਤੇਜ਼ ਮੀਂਹ ਪੈਣ ਲੱਗ ਪਿਆ ਜਿਸ ਤੋਂ ਬਚਣ ਲਈ ਸਾਰੇ ਮੁੰਡੇ ਦਰੱਖ਼ਤ ਹੇਠਾਂ ਖਲੋ ਗਏ। ਇਸੇ ਦੌਰਾਨ ਬਿਜਲੀ ਕੜਕੀ ਅਤੇ ਉਸ ਦਰੱਖ਼ਤ 'ਤੇ ਡਿੱਗ ਗਈ। ਇਸ ਘਟਨਾ ਵਿਚ 24 ਸਾਲਾ ਮੋਹਿਤ, ਪੰਜ ਸਾਲਾ ਬਬਲੂ, 10 ਸਾਲਾ ਅਨਮੋਲ ਅਤੇ 11 ਸਾਲਾ ਡਬਲੂ ਦੀ ਮੌਤ ਹੋ ਗਈ ਜਦਕਿ ਵਿਪਨ, ਰਾਮਕਿਸ਼ੋਰ ਅਤੇ ਇਕ ਹੋਰ ਮੁੰਡਾ ਗੰਭੀਰ ਜ਼ਖ਼ਮੀ ਹੋ ਗਏ।
ਇਹ ਘਟਨਾ ਕਾਂਠ ਇਲਾਕੇ ਸ਼ਮਸ਼ੇਰਪੁਰ ਪਿੰਡ ਦੀ ਹੈ। ਇਕ ਹੋਰ ਘਟਨਾ ਵਿਚ ਖੇਤਾਂ ਵਿਚ ਬਕਰੀ ਚਾਰ ਰਹੀ 11 ਸਾਲਾ ਵੰਦਨਾ ਅਤੇ ਸਿਕੰਦਰਪੁਰ ਪਿੰਡ ਵਿਚ 42 ਸਾਲਾ ਅਸ਼ੋਕ ਦੀ ਵੀ ਬਿਜਲੀ ਡਿੱਗ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੇ ਪਰਵਾਰਾਂ ਨੂੰ 12 ਘੰਟਿਆਂ ਅੰਦਰ ਚਾਰ ਚਾਰ ਲੱਖ ਰੁਪਏ ਦੀ ਆਰਥਕ ਸਹਾਇਤਾ ਦਿਤੀ ਗਈ ਹੈ। (ਏਜੰਸੀ)