
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਤੇਲੰਗਾਨਾ ਦੇ ਕਾਰਜਕਾਰੀ ਮੁੱਖ ਮੰਤਰੀ ਕੇ ਚੰਦਰਸ਼ੇਖ਼ਰ ਰਾਉ...........
ਗੜਵਾਲ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਤੇਲੰਗਾਨਾ ਦੇ ਕਾਰਜਕਾਰੀ ਮੁੱਖ ਮੰਤਰੀ ਕੇ ਚੰਦਰਸ਼ੇਖ਼ਰ ਰਾਉ ਵਿਚਾਲੇ ਸਮਝੌਤਾ ਹੋਇਆ ਹੈ ਜਿਸ ਨਾਲ ਇਹ ਯਕੀਨੀ ਬਣ ਸਕੇ ਕਿ ਕੇਂਦਰੀ ਅਤੇ ਰਾਜ ਪੱਧਰ 'ਤੇ ਭਾਜਪਾ ਤੇ ਤੇਲੰਗਾਨਾ ਰਾਸ਼ਟਰ ਸਮਿਤੀ ਦਾ ਸ਼ਾਸਨ ਜਾਰੀ ਰਹੇ। ਉਨ੍ਹਾਂ ਚੋਣ ਰੈਲੀ ਵਿਚ ਕਿਹਾ, 'ਟੀਆਰਐਸ ਦਾ ਮਕਸਦ ਇਹ ਹੈ ਕਿ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਰਹਿਣ, ਭਾਜਪਾ ਦੇਸ਼ 'ਤੇ ਰਾਜ ਕਰਦੀ ਰਹੇ ਅਤੇ ਕੇਸੀਆਰ ਤੇਲੰਗਾਨਾ ਵਿਚ ਸ਼ਾਸਨ ਕਰਦੇ ਰਹਿਣ।
ਜ਼ਿਕਰਯੋਗ ਹੈ ਕਿ ਟੀਆਰਐਸ ਨੇ ਰਾਸ਼ਟਰਪਤੀ ਅਤੇ ਉਪ ਰਾਸ਼ਟਪਤੀ ਚੋਣਾਂ ਵਿਚ ਐਨਡੀਏ ਦੇ ਉਮੀਦਾਵਾਰਾਂ ਦਾ ਸਮਰਥਨ ਕੀਤਾ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਟੀਆਰਐਸ ਮੁਖੀ ਕੇ ਚੰਦਰਸ਼ੇਖ਼ਰ ਰਾਉ ਅਤੇ ਏਆਈਐਮਆਈਐਮ ਨੇਤਾ ਅਸਦੂਦੀਨ ਓਵੈਸੀ ਇਕ ਹੀ ਹਨ, ਨਾਲ ਹੀ ਉਨ੍ਹਾਂ ਤੇਲੰਗਾਨਾ ਦੀ ਜਨਤਾ ਨੂੰ ਕਿਹਾ ਕਿ ਉਹ ਇਨ੍ਹਾਂ ਲੋਕਾਂ ਦੇ ਝਾਂਸੇ ਵਿਚ ਨਾ ਆਉਣ। ਗਾਂਧੀ ਨੇ ਇਹ ਦਾਅਵਾ ਵੀ ਕੀਤਾ ਕਿ ਤੇਲੰਗਾਨਾ ਰਾਸ਼ਟਰ ਸਮਿਤੀ ਭਾਜਪਾ ਦੀ 'ਬੀ ਟੀਮ' ਹੈ ਅਤੇ ਉਸ ਦੇ ਮੁਖੀ ਕੇ ਚੰਦਰਸ਼ੇਖ਼ਰ ਰਾਉ ਪ੍ਰਧਾਨ ਮੰਤਰੀ ਮੋਦੀ ਲਈ 'ਤੇਲੰਗਾਨਾ ਰਬਰ ਸਟੈਂਪ' ਵਾਂਗ ਕੰਮ ਕਰਦੇ ਹਨ।
ਉਨ੍ਹਾਂ ਟਵੀਟ ਕੀਤਾ, 'ਓਵੈਸੀ ਦੀ ਪਾਰਟੀ ਭਾਜਪਾ ਦੀ ਸੀ ਟੀਮ ਹੈ ਜਿਸ ਦਾ ਕੰਮ ਹੈ ਭਾਜਪਾ/ਕੇਸੀਆਰ ਵਿਰੋਧੀ ਵੋਟਾਂ ਨੂੰ ਤੋੜਨਾ।' ਕਾਂਗਰਸ ਮੁਖੀ ਨੇ ਕਿਹਾ, 'ਤੇਲੰਗਾਨਾ ਦੀ ਮਹਾਨ ਜਨਤਾ ਮੋਦੀ, ਕੇਸੀਆਰ ਅਤੇ ਓਵੈਸੀ ਦੇ ਝਾਂਸੇ ਵਿਚ ਨਾ ਆਵੇ, ਬੇਸ਼ੱਕ ਉਹ ਅਲੱਗ ਅਲੱਗ ਜ਼ੁਬਾਨ ਵਿਚ ਗੱਲ ਕਰਦੇ ਹਨ ਪਰ ਇਹ ਸਾਰੇ ਇਕ ਹੀ ਹਨ।' ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਤੇਲੰਗਾਨਾ ਦਾ ਜਨਮ ਹੀ ਆਦਰਸ਼ਵਾਦ ਅਤੇ ਮਹਾਨ ਸੁਪਨਿਆਂ ਨਾਲ ਹੋਇਆ ਸੀ ਪਰ ਟੀਆਰਐਸ/ਭਾਜਪਾ ਦੇ ਚਾਰ ਸਾਲ ਦੀ ਨਾਕਾਮੀ, ਦੰਭ ਅਤੇ ਭ੍ਰਿਸ਼ਟਾਚਾਰ ਨੇ ਇਥੋਂ ਦੇ ਲੋਕਾਂ ਦੇ ਮਨ ਨੂੰ ਨਿਰਾਸ਼ਾ ਨਾਲ ਭਰ ਦਿਤਾ ਹੈ। (ਏਜੰਸੀ)