
ਦੁਨੀਆਂ ਦੇ ਸੱਤ ਅਜੂਬਿਆਂ ਵਿਚ ਸ਼ਾਮਲ ਦੁਨੀਆਂ ਦੀ ਸੱਭ ਤੋਂ ਖ਼ੂਬਸੂਰਤ ਇਮਾਰਤ ਤਾਜ ਮਹਿਲ ਨੂੰ ਦੇਖਣਾ ਹੁਣ ਮਹਿੰਗਾ ਹੋ ਜਾਵੇਗਾ.........
ਨਵੀਂ ਦਿੱਲੀ : ਦੁਨੀਆਂ ਦੇ ਸੱਤ ਅਜੂਬਿਆਂ ਵਿਚ ਸ਼ਾਮਲ ਦੁਨੀਆਂ ਦੀ ਸੱਭ ਤੋਂ ਖ਼ੂਬਸੂਰਤ ਇਮਾਰਤ ਤਾਜ ਮਹਿਲ ਨੂੰ ਦੇਖਣਾ ਹੁਣ ਮਹਿੰਗਾ ਹੋ ਜਾਵੇਗਾ। 10 ਦਸੰਬਰ ਨੂੰ ਤਾਜ ਮਹਿਲ ਦਾ ਟਿਕਟ ਮਹਿੰਗਾ ਹੋ ਜਾਵੇਗਾ। ਹੁਣ ਤਾਜ ਮਹਿਲ ਦੇਖਣ ਨੂੰ 200 ਰੁਪਏ ਜ਼ਿਆਦਾ ਦੇਣੇ ਹੋਣਗੇ। ਪੂਰਾ ਤਾਜ ਮਹਿਲ ਵੇਖਣ ਦਾ ਟਿਕਟ ਹੁਣ 250 ਰੁਪਏ ਹੋਵੇਗਾ। ਵਿਦੇਸ਼ੀ ਨਾਗਰਿਕਾਂ ਨੂੰ ਹੁਣ 1300 ਰੁਪਏ ਦੇਣੇ ਪੈਣਗੇ। ਭਾਰਤੀ ਪੁਰਾਤਤਵ ਸਰਵੇਖਣ ਦੁਆਰਾ ਤਾਜ ਮਹਿਲ ਦੇਖਣ ਆਉਣ ਵਾਲੇ ਲੋਕਾਂ ਲਈ ਇਹ ਨਵੀਂ ਟਿਕਟ ਦੀ ਵਿਵਸਥਾ ਕੀਤੀ ਗਈ ਹੈ।
ਹੁਣ ਤਕ ਦੇਸੀ ਸੈਲਾਨੀ 50 ਰੁਪਏ ਅਤੇ ਵਿਦੇਸ਼ੀ ਸੈਲਾਨੀ 1100 ਰੁਪਏ ਵਿਚ ਤਾਜ ਮਹਿਲ ਦਾ ਦੀਦਾਰ ਕਰਦੇ ਸਨ ਪ੍ਰੰਤੂ ਹੁਣ ਦੇਸੀ ਸੈਲਾਨੀਆਂ ਨੂੰ 250 ਰੁਪਏ ਅਤੇ ਵਿਦੇਸ਼ੀ ਸੈਲਾਨੀਆਂ ਨੂੰ 1300 ਰੁਪਏ ਪ੍ਰਤੀ ਟਿਕਟ ਲੈਣੀ ਪਵੇਗੀ। 200 ਰੁਪਏ ਦਾ ਇਹ ਟੈਕਸ ਸ਼ਾਹਜਹਾਂ ਅਤੇ ਮੁਮਤਾਜ਼ ਦੀਆਂ ਕਬਰਾਂ ਵਾਲੇ ਮੁੱਖ ਗੁੰਬਦ ਤਕ ਜਾਣ ਲਈ ਲਗਾਇਆ ਗਿਆ ਹੈ। ਤਾਜ ਮਹਿਲ ਦੇਖਣ ਲਈ ਹਰ ਦਿਨ ਔਸਤਨ 35,000 ਤੋਂ 40,000 ਸੈਲਾਨੀ ਆਉਂਦੇ ਹਨ ਪ੍ਰੰਤੂ ਛੁੱਟੀਆਂ ਦੇ ਸਮੇਂ ਇਸ ਦੀ ਸੰਖਿਆ ਵੱਧ ਕੇ 60,000 ਤੋਂ 70,000 ਤਕ ਪਹੁੰਚ ਜਾਂਦੀ ਹੈ। ਅਜਿਹੇ ਵਿਚ ਵਧੇ ਰੇਟਾਂ ਦਾ ਅਸਰ ਸੈਲਾਨੀਆਂ 'ਤੇ ਵੀ ਪੈ ਸਕਦਾ ਹੈ। (ਪੀ.ਟੀ.ਆਈ)