
ਪਾਕਿਸਤਾਨ ਦੇ ਐਫ਼-16 ਜਹਾਜ਼ ਨੂੰ ਮਾਰ ਸੁੱਟਣ ਵਾਲੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਵੀਰ ਚੱਕਰ ਨਾਲ ਸਨਮਾਨਤ ਕੀਤਾ
ਨਵੀਂ ਦਿੱਲੀ : ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਬਾਲਾਕੋਟ ਹਵਾਈ ਹਮਲੇ ਨੂੰ ਅੰਜਾਮ ਦੇਣ ਵਾਲੇ ਹਵਾਈ ਫ਼ੌਜ ਦੇ 5 ਪਾਇਲਟਾਂ ਨੂੰ ਆਜ਼ਾਦੀ ਦਿਹਾੜੇ ਮੌਕੇ 'ਵਾਯੂ ਸੈਨਾ' ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ਬਹਾਦਰੀ ਐਵਾਰਡਾਂ 'ਚ ਇਸ ਵਾਰ ਬਾਲਾਕੋਟ ਹਵਾਈ ਹਮਲੇ ਦੇ ਜਵਾਨਾਂ ਨੂੰ ਬਹੁਤ ਸਨਮਾਨ ਮਿਲਿਆ ਹੈ। ਜ਼ਿਕਰਯੋਗ ਹੈ ਕਿ ਬਾਲਾਕੋਟ ਤੋਂ ਬਾਅਦ ਪਾਕਿਸਤਾਨ ਦੇ ਐਫ਼-16 ਜਹਾਜ਼ ਨੂੰ ਮਾਰ ਸੁੱਟਣ ਵਾਲੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਵੀਰ ਚੱਕਰ ਅਤੇ ਸਕੁਆਰਡਨ ਲੀਡਰ ਮਿੰਟੀ ਅਗਰਵਾਲ ਨੂੰ ਯੁੱਧ ਸੇਵਾ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ।
Abhinandan
ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਮਿਤ ਰੰਜਨ, ਸਕੁਆਰਡਨ ਲੀਡਰ ਰਾਹੁਲ ਬੋਸਾਇਆ, ਪੰਕਜ ਭੁਜੜੇ, ਬੀ.ਕੇ.ਐਨ. ਰੈਡੀ ਅਤੇ ਸ਼ਸ਼ਾਂਕ ਸਿੰਘ ਨੂੰ ਬਾਲਾਕੋਟ 'ਚ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਹਮਲੇ ਲਈ 'ਵਾਯੂ ਸੈਨਾ' ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਸਾਰੇ ਮਿਰਾਜ਼ 2000 ਲੜਾਕੂ ਜਹਾਜ਼ਾਂ ਦੇ ਪਾਇਲਟ ਹਨ। ਇਨ੍ਹਾਂ ਸਾਰੇ ਪਾਇਲਟਾਂ ਨੇ ਬਹਾਦਰੀ ਨਾਲ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼ ਦੇ ਟਿਕਾਣਿਆਂ 'ਤੇ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਹ ਸਾਰੇ ਬਹਾਦਰ ਪਾਇਲਟ ਦੁਸ਼ਮਨ ਨੂੰ ਨੁਕਸਾਨ ਪਹੁੰਚਾ ਕੇ ਸੁਰੱਖਿਅਤ ਭਾਰਤੀ ਸਰਹੱਦ 'ਚ ਪਰਤ ਆਏ ਸਨ।
Balakot airstrike : 5 IAF pilots awarded Vayu Sena Medal
ਜ਼ਿਕਰਯੋਗ ਹੈ ਕਿ ਪੁਲਵਾਮਾ ਅਤਿਵਾਦੀ ਹਮਲੇ 'ਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਅਤਿਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਹਵਾਈ ਹਮਲੇ ਦਾ ਫ਼ੈਸਲਾ ਕੀਤਾ ਸੀ। ਭਾਰਤੀ ਫ਼ੌਜ ਦੀ ਇਸ ਕਾਰਵਾਈ 'ਚ 250 ਤੋਂ ਵੱਧ ਅਤਿਵਾਦੀਆਂ ਦੇ ਮਾਰੇ ਜਾਣ ਦੀ ਗੱਲ ਕਹੀ ਗਈ ਸੀ। ਇਸ ਮਗਰੋਂ ਵਿੰਗ ਕਮਾਂਡਰ ਅਭਿਨੰਦਨ ਨੇ 27 ਫ਼ਰਵਰੀ ਨੂੰ ਮਿਗ-21 ਬਾਈਸਨ ਤੋਂ ਪਾਕਿਸਤਾਨ ਦੇ ਐਫ਼-16 ਜਹਾਜ਼ਾਂ ਦਾ ਪਿੱਛਾ ਕਰਨ ਤੋਂ ਬਾਅਦ ਇਕ ਜਹਾਜ਼ ਨੂੰ ਮਾਰ ਸੁੱਟਿਆ ਸੀ।
Balakot airstrike
ਬਾਅਦ 'ਚ ਉਨ੍ਹਾਂ ਦਾ ਜਹਾਜ਼ ਇਕ ਮਿਜ਼ਾਈਲ ਦਾ ਨਿਸ਼ਾਨਾ ਬਣ ਗਿਆ ਜਿਸ ਦੇ ਤਬਾਹ ਹੋਣ ਤੋਂ ਪਹਿਲਾਂ ਹੀ ਉਹ ਜਹਾਜ਼ ਚੋਂ ਨਿਕਲ ਗਏ ਸਨ। ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅਭਿਨੰਦਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਲਗਭਗ 60 ਘੰਟਿਆਂ ਤੋਂ ਬਾਅਦ ਹੀ ਉਨ੍ਹਾਂ ਨੂੰ ਵਾਹਘਾ ਬਾਰਡਰ 'ਤੇ ਭਾਰਤ ਨੂੰ ਵਾਪਸ ਕਰ ਦਿੱਤਾ ਸੀ।