
ਖੇਤੀ ਕਾਨੂੰਨਾਂ ਦੇ ਖਿਲਾਫ਼ ਅੱਜ ਰਾਜਸਥਾਨ ਦੇ ਗੰਗਾਨਗਰ ਵਿਚ ਕਿਸਾਨਾਂ ਵੱਲੋਂ ਮਹਾਪੰਚਾਇਤ...
ਗੰਗਾਨਗਰ (ਸੁਰਖ਼ਾਬ ਚੰਨ): ਖੇਤੀ ਕਾਨੂੰਨਾਂ ਦੇ ਖਿਲਾਫ਼ ਅੱਜ ਰਾਜਸਥਾਨ ਦੇ ਗੰਗਾਨਗਰ ਵਿਚ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ ਹੈ, ਜਿੱਥੇ ਮਹਾਪੰਚਾਇਤ ਨੂੰ ਭਰਵਾ ਹੁੰਗਾਰਾ ਮਿਲਿਆ। ਕਿਸਾਨ ਅੰਦੋਲਨ ਨੂੰ ਦੇਸ਼ ਦੇ ਹਰ ਵਰਗ ਤੋਂ ਭਰਪੂਰ ਸਮਰਥਨ ਮਿਲਿਆ ਉਥੇ ਹੀ ਪੰਜਾਬ ਦੇ ਗਾਇਕਾਂ ਵੱਲੋਂ ਕਿਸਾਨ ਅੰਦੋਲਨ ਲਈ ਵਧਚੜ੍ਹ ਕੇ ਹਿੱਸਾ ਪਾਇਆ ਗਿਆ ਹੈ। ਇਸ ਦੌਰਾਨ ਸਪੋਕਸਮੈਨ ਦੇ ਪੱਤਰਕਾਰ ਸੁਰਖ਼ਾਬ ਚੰਨ ਵੱਲੋਂ ਲੋਕ ਗਾਇਕ ਕੰਵਰ ਗਰੇਵਾਲ ਨਾਲ ਵਿਸੇਸ਼ ਤੌਰ ‘ਤੇ ਗੱਲਬਾਤ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਕਿਸਾਨੀ ਮੋਰਚੇ ਨਾਲ ਸਾਡਾ ਸ਼ੁਰੂ ਤੋਂ ਹੀ ਇਸ਼ਕ ਬਣਿਆ ਹੋਇਆ ਹੈ ਤੇ ਅਸੀਂ ਇਸਨੂੰ ਸਾਰੇ ਜਣੇ ਮਿਲਕੇ ਹੀ ਲੜਾਂਗੇ ਕਿਉਂਕਿ ਸਾਡੀ ਸਿਸਟਮ ਤੇ ਕੇਂਦਰ ਸਰਕਾਰ ਨਾਲ ਲੜਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਜਦੋਂ ਕਿਸਾਨੀ ਸੰਘਰਸ਼ ਲਈ ਅਨਾਉਂਸਮੈਂਟ ਹੁੰਦੀ ਸੀ ਚਾਹੇ ਉਹ ਟੋਲ ਪਲ਼ਾਜ਼ਾ ਤੋਂ ਹੁੰਦੀ ਸੀ, ਚਾਹੇ ਉਹ ਰੇਲਵੇ ਲਾਈਨਾਂ ਤੋਂ ਹੁੰਦੀ ਸੀ, ਚਾਹੇ ਪਟਰੌਲ ਪੰਪਾਂ ਤੋਂ ਉਦੋਂ ਅਸੀਂ ਇਹ ਗੱਲਾਂ ਸੁਣੀਆਂ ਸੀ ਕਿ ਅੰਦੋਲਨ ਵਾਲੀਆਂ ਲੜਾਈਆਂ ਤਾਂ ਕਈਂ ਮਹੀਨਿਆਂ ਜਾਂ ਕਈਂ ਸਾਲਾਂ ਤੱਕ ਵੀ ਚੱਲ ਜਾਂਦੀਆਂ ਹਨ।
ਪਰ ਜਦੋਂ ਹੁਣ ਵੀ ਪੰਜਾਬ ਤੋਂ ਦਿੱਲੀ ਮੋਰਚੇ ਲਈ ਚੱਲੇ ਸੀ ਤਾਂ ਸਭ ਨੇ ਆਪਣੀਆਂ ਟਰਾਲੀਆਂ ਵਿਚ 6-6 ਮਹੀਨਿਆਂ ਦਾ ਰਾਸ਼ਣ ਲਿਜਾਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਕਈਂ ਲੋਕਾਂ ਵਿਚ ਸਹਿਣਸ਼ੀਲਤਾਂ ਨਹੀਂ ਹੈ, ਉਹ ਚਾਹੁੰਦੇ ਹਨ ਕਿ ਅਸੀਂ ਦਿੱਲੀ ਜਾਈਏ ਤੇ ਜਲਦ ਹੀ ਕਾਨੂੰਨ ਰੱਦ ਕਰਵਾ ਕੇ ਘਰ ਨੂੰ ਆਜੀਏ। ਉਨ੍ਹਾਂ ਕਿਹਾ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਗੀਤ ਸਾਰੇ ਗਾਇਕਾਂ ਨੇ ਗਾਏ ਪਰ ਹੁਣ ਕਿਸਾਨ ਅੰਦੋਲਨ ਦਾ ਉਹ ਸੁਆਦ ਨਹੀਂ ਹੈ।
ਉਨ੍ਹਾਂ ਕਿਹਾ ਕਿ 26 ਜਨਵਰੀ ਤੋਂ ਬਾਅਦ ਸਰਕਾਰ ਚੁੱਪ ਕਰਕੇ ਬੈਠਣ ਵਾਲੀ ਨਹੀਂ ਕਿਉਂਕਿ ਇਸਦੀ ਚੁੱਪ ਵਿਚ ਕੋਈ ਨਾ ਕੋਈ ਰਾਜ ਹੈ ਕਿਉਂਕਿ ਕੇਂਦਰ ਸਰਕਾਰ ਪੂਰੇ ਦੇਸ਼ ਨੂੰ ਚਲਾਉਂਦੀ ਹੈ ਤੇ ਬਹੁਤ ਵੱਡੇ ਆਈ.ਟੀ ਸੈੱਲ, ਖ਼ੁਫ਼ੀਆਂ ਏਜੰਸੀਆਂ ਸਰਕਾਰ ਲਈ ਕੰਮ ਕਰਦੀਆਂ ਹਨ। ਗਰੇਵਾਲ ਨੇ ਕਿਹਾ ਕਿ ਜਿਵੇਂ ਸਾਡੇ ਨਾਮ ਅੱਗੇ ਲੋਕ ਗਾਇਕ ਲਗਦਾ ਹੈ ਤਾਂ ਸਾਡਾ ਫਰਜ ਬਣਦਾ ਹੈ ਕਿ ਅਸੀਂ ਲੋਕਾਂ ਲਈ ਕੁਝ ਕਰੀਏ ਕਿਉਂਕਿ ਅੱਜ ਜੋ ਅਸੀਂ ਹਾਂ ਉਨ੍ਹਾਂ ਦੀ ਬਦੌਲਤ ਕਰਕੇ ਹੀ ਹਾਂ।
ਲੱਖੇ ਸਿਧਾਣਾ ਦੀ ਗ੍ਰਿਫ਼ਤਾਰ ਨੂੰ ਲੈ ਕੇ ਗਰੇਵਾਲ ਨੇ ਕਿਹਾ ਕਿ ਜਿਹੜੇ ਨਿਡਰ ਲੋਕ ਹਨ, ਜਿਨ੍ਹਾਂ ਨੂੰ ਇਸ ਅੰਦੋਲਨ ਦੀ ਮਹੱਤਤਾ ਬਾਰੇ ਪਤਾ ਹੈ, ਉਹ ਕਦੇ ਵੀ ਡਰ ਕੇ ਪਿੱਛੇ ਨਹੀਂ ਹਟਦੇ ਕਿਉਂਕਿ ਇਹ ਸੱਚੀ ਹੀ ਆਰ-ਪਾਰ ਦੀ ਲੜਾਈ ਹੈ।