
ਕਿਸਾਨੀ ਸੰਘਰਸ਼ ‘ਚ ਯੋਗਦਾਨ ਪਾਉਣ ਲਈ ਦਿੱਲੀ ਪਹੁੰਚੇ ਹਿਮਾਚਲ ਦੇ ਨੌਜਵਾਨ ਕਿਸਾਨ
ਨਵੀਂ ਦਿੱਲੀ (ਅਰਪਨ ਕੌਰ): ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਇਆ ਸੰਘਰਸ਼ ਹੁਣ ਕਈ ਸੱਭਿਆਚਾਰਾਂ ਦੀ ਸਾਂਝ ਬਣ ਚੁੱਕਿਆ ਹੈ। ਕਿਸਾਨਾਂ ਦੀ ਇਸ ਲੜਾਈ ਨੂੰ ਦੇਸ਼ ਦੇ ਵੱਖ-ਵੱਖ ਸੱਭਿਆਚਾਰਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਨੌਜਵਾਨ ਦਿੱਲੀ ਮੋਰਚੇ ਵਿਚ ਪਹੁੰਚ ਰਹੇ ਹਨ। ਹਿਮਾਚਲ ਪ੍ਰਦੇਸ਼ ਤੋਂ ਆਏ ਨੌਜਵਾਨਾਂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ਼ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਨਾਲ ਜੁੜੇ ਹੋਏ ਹਨ ਤੇ ਉਹ ਸੇਬ ਦੀ ਖੇਤੀ ਕਰਦੇ ਹਨ।
Himachal farmers at delhi protest
ਇਹਨਾਂ ਕਿਸਾਨਾਂ ਨੇ ਦੱਸਿਆ ਕਿ ਦੇਸ਼ ਦਾ ਕਿਸਾਨ ਪੂਰੇ ਸਾਲ ਸਾਡਾ ਢਿੱਡ ਭਰਦਾ ਹੈ ਤੇ ਅਸੀਂ ਉਹਨਾਂ ਦੀ ਲੜਾਈ ਵਿਚ ਯੋਗਦਾਨ ਦੇਣ ਆਏ ਹਾਂ। ਕਿਸਾਨਾਂ ਨੇ ਦੱਸਿਆ ਕਿ ਉਹ ਅਪਣੀ ਸਮਰੱਥਾਂ ਅਨੁਸਾਰ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਸਮਾਨ ਲੈ ਕੇ ਆਏ ਹਨ, ਜਿਨ੍ਹਾਂ ਵਿਚ ਦਵਾਈਆਂ, ਰਾਸ਼ਣ ਤੇ ਫਲ਼਼ ਆਦਿ ਸ਼ਾਮਲ ਹਨ।
Himachal farmers at delhi protest
ਉਹਨਾਂ ਕਿਹਾ ਕਿ ਹਿਮਾਚਲ ਦੇ ਕਿਸਾਨ ਵੀ ਸੇਬ ਲਈ ਐਮਐਸਪੀ ਦੀ ਮੰਗ ਕਰਦੇ ਹਨ ਪਰ ਉਹ ਸਾਹਮਣੇ ਆ ਕੇ ਮੰਗ ਨਹੀਂ ਕਰਦੇ। ਉਹਨਾਂ ਹਿਮਾਚਲ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਹਮਣੇ ਆ ਕੇ ਇਸ ਮੁੱਦੇ ਨੂੰ ਚੁੱਕਣ। ਸਰਕਾਰ ਦੇ ਰਵੱਈਏ ‘ਤੇ ਹਿਮਾਚਲ ਦੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਦਾ ਰਵੱਈਆ ਬੜਾ ਸਖ਼ਤ ਹੈ। ਸਰਕਾਰ ਕਿਸਾਨ ਤੇ ਮਜ਼ਦੂਰ ਦੀ ਤਾਕਤ ਨੂੰ ਘੱਟ ਮੰਨ ਰਹੀ ਹੈ।
Himachal farmers at delhi protest
ਉਹਨਾਂ ਕਿਹਾ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦੀ ਲੋੜ ਨਹੀਂ ਹੈ ਤੇ ਇਹ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ। ਹਿਮਾਚਲ ਤੋਂ ਆਏ ਇਕ ਹੋਰ ਨੌਜਵਾਨ ਨੇ ਕਿਹਾ ਕਿ ਉਸ ਨੂੰ ਇੱਥੇ ਇਨਕਲਾਬ ਦਿਖ ਰਿਹਾ ਹੈ। ਉਹਨਾਂ ਕਿਹਾ ਕਿ ਇਹ ਰਾਸ਼ਟਰੀ ਮੁੱਦਾ ਬਣ ਚੁੱਕਾ ਹੈ ਤੇ ਹਰ ਕਿਸੇ ਨੂੰ ਇਸ ‘ਚ ਅਪਣਾ ਯੋਗਦਾਨ ਦੇਣਾ ਚਾਹੀਦਾ ਹੈ।
Himachal farmers at delhi protest
ਕਿਸਾਨਾਂ ਨੇ ਕਿਹਾ ਕਿ ਉਹ ਵਾਪਸ ਜਾ ਕੇ ਅਪਣੇ ਸੂਬੇ ਵਿਚ ਇਸ ਮੋਰਚੇ ਦੀ ਜ਼ਮੀਨੀ ਸੱਚਾਈ ਲੋਕਾਂ ਨੂੰ ਦੱਸਣਗੇ। ਕਿਉਂਕਿ ਰਾਸ਼ਟਰੀ ਮੀਡੀਆ ਜ਼ਮੀਨੀ ਹਕੀਕਤ ਨਹੀਂ ਦਿਖਾ ਰਿਹਾ। ਉਹਨਾਂ ਦੱਸਿਆ ਕਿ ਇੱਥੇ ਉਹਨਾਂ ਨੂੰ ਕੋਈ ਅੱਤਵਾਦੀ ਜਾਂ ਖਾਲਿਸਤਾਨੀ ਨਹੀਂ ਦਿਖਾਈ ਦੇ ਰਹੇ ਬਲਕਿ ਇੱਥੇ ਪਿਆਰ ਤੇ ਏਕਤਾ ਦਿਖਾਈ ਦੇ ਰਹੀ ਹੈ। ਸਰਕਾਰ ਇਸ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਅਸਫਲ ਹੈ।