
ਭਾਰਤ ਨੇ ਪੋਖਰਨ ਵਿਚ ਐਂਟੀ ਟੈਂਕ ਹੈਲਿਨਾ ਮਿਜ਼ਾਈਲ ਦਾ ਸਫ਼ਲ ਤਜਰਬਾ ਕੀਤਾ ਹੈ.............
ਨਵੀਂ ਦਿੱਲੀ : ਭਾਰਤ ਨੇ ਪੋਖਰਨ ਵਿਚ ਐਂਟੀ ਟੈਂਕ ਹੈਲਿਨਾ ਮਿਜ਼ਾਈਲ ਦਾ ਸਫ਼ਲ ਤਜਰਬਾ ਕੀਤਾ ਹੈ। ਸਾਲ ਦੇ ਅਖ਼ੀਰ ਤਕ ਇਸ ਨੂੰ ਫ਼ੌਜ ਵਿਚ ਸ਼ਾਮਲ ਕੀਤਾ ਜਾਵੇਗਾ। ਇਹ ਮਿਜ਼ਾਈਲ 230 ਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਟੀਚੇ 'ਤੇ ਮਾਰ ਕਰਦੀ ਹੈ। ਇਸ ਨੂੰ ਬਣਾਉਣ 'ਤੇ 350 ਕਰੋੜ ਰੁਪਏ ਦਾ ਖ਼ਰਚਾ ਆਇਆ ਹੈ। ਮਿਜ਼ਾਈਲ ਦੀ ਖ਼ਾਸੀਅਤ ਹੈ ਕਿ ਇਹ ਰਾਤ ਨੂੰ ਸਟੀਕ ਨਿਸ਼ਾਨਾ ਲਾ ਸਕਦੀ ਹੈ। ਇਹ ਤਜਰਬਾ ਕਲ ਜੈਸਲਮੇਰ ਦੀ ਪੋਖਰਨ ਫ਼ਾਈਰਿੰਗ ਰੇਂਜ ਵਿਚ ਕੀਤਾ ਗਿਆ। ਨਾਗ ਸ਼੍ਰੇਣੀ ਦੀ ਇਸ ਮਿਜ਼ਾਈਲ ਨੂੰ ਲੜਾਕੂ ਹੈਲੀਕਾਪਟਰ ਤੋਂ ਦਾਗ਼ਿਆ ਗਿਆ।
ਪੰਚ ਤੋਂ ਅੱਠ ਕਿਲੋਮੀਟਰ ਦੀ ਰੇਂਜ ਦੀ ਇਸ ਮਿਜ਼ਾਈਲ ਨੇ ਅਪਣੇ ਟੀਚੇ ਨੂੰ ਸਫ਼ਲਤਾ ਨਾਲ ਪ੍ਰਾਪਤ ਕੀਤਾ। ਹੈਲਿਨਾ ਦਾ ਤਿੰਨ ਸਾਲ ਪਹਿਲਾਂ ਵੀ ਤਜਰਬਾ ਕੀਤਾ ਗਿਆ ਸੀ ਪਰ ਤਦ ਇਹ ਤਿੰਨ ਵਿਚੋਂ ਦੋ ਟੀਚੇ ਹੀ ਪਾਰ ਕਰ ਸਕੀ ਸੀ। ਫਿਰ ਇਸ ਵਿਚ ਸੁਧਾਰ ਕੀਤਾ ਗਿਆ ਤੇ ਹੁਣ ਨਵੀਂ ਹੈਲਿਨਾ ਦਾ ਤਜਰਬਾ ਕੀਤਾ ਗਿਆ ਹੈ। ਇਹ ਮਿਜ਼ਾਈਲ ਟੈਂਕ ਦਾ ਪਿੱਛਾ ਕਰ ਕੇ ਉਸ ਨੂੰ ਤਬਾਹ ਕਰ ਦਿੰਦੀ ਹੈ।
ਸੰਕੇਤ ਮਿਲਦਿਆਂ ਹੀ ਇਹ ਟੀਚੇ 'ਤੇ ਮਾਰ ਕਰਦੀ ਹੈ। ਮਿਜ਼ਾਈਲ ਸਿਰਫ਼ 42 ਕਿਲੋ ਦੀ ਹੈ। ਹਲਕੀ ਹੋਣ ਕਾਰਨ ਇਸ ਨੂੰ ਪਹਾੜ ਜਾਂ ਹੋਰ ਔਖੀ ਥਾਂ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਇਸ ਮਿਜ਼ਾਈਲ ਨੂੰ 10 ਸਾਲ ਤਕ ਬਿਨਾਂ ਸਾਂਭ-ਸੰਭਾਲ ਵਰਤਿਆ ਜਾ ਸਕਦਾ ਹੈ। ਇਹ ਅਪਣੇ ਨਾਲ ਅੱਠ ਕਿਲੋ ਦਾ ਵਿਸਫੋਟਕ ਲਿਜਾ ਸਕਦੀ ਹੈ। (ਏਜੰਸੀ)