
ਮਹਾਰਾਸ਼ਟਰ ਵਿਚ ਰਾਖਵਾਂਕਰਨ ਅੰਦੋਲਨ ਫਿਰ ਤੇਜ਼ ਹੋ ਗਿਆ ਹੈ। ਕਲ ਪ੍ਰਦਰਸ਼ਨਕਾਰੀ ਦੀ ਮੌਤ ਹੋਣ ਮਗਰੋਂ ਦਲਿਤ ਹੋਰ ਜ਼ਿਆਦਾ ਗੁੱਸੇ ਅਤੇ ਰੋਹ ਵਿਚ ਹਨ...............
ਔਰੰਗਾਬਾਦ : ਮਹਾਰਾਸ਼ਟਰ ਵਿਚ ਰਾਖਵਾਂਕਰਨ ਅੰਦੋਲਨ ਫਿਰ ਤੇਜ਼ ਹੋ ਗਿਆ ਹੈ। ਕਲ ਪ੍ਰਦਰਸ਼ਨਕਾਰੀ ਦੀ ਮੌਤ ਹੋਣ ਮਗਰੋਂ ਦਲਿਤ ਹੋਰ ਜ਼ਿਆਦਾ ਗੁੱਸੇ ਅਤੇ ਰੋਹ ਵਿਚ ਹਨ। ਪ੍ਰਦਰਸ਼ਨਕਾਰੀਆਂ ਦੇ ਪਥਰਾਅ ਵਿਚ ਇਕ ਕਾਂਸਟੇਬਲ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਕਈ ਗੱਡੀਆਂ ਫੂਕ ਦਿਤੀਆਂ। ਪ੍ਰਦਰਸ਼ਨਕਾਰੀਆਂ ਨੇ 25 ਜੁਲਾਈ ਨੂੰ ਮੁੰਬਈ ਬੰਦ ਦਾ ਸੱਦਾ ਦਿਤਾ ਹੈ। ਕਲ ਪ੍ਰਦਰਸ਼ਨਕਾਰੀ ਦੀ ਮੌਤ ਮਗਰੋਂ ਅੱਜ ਬੰਦ ਦਾ ਸੱਦਾ ਦਿਤਾ ਗਿਆ ਸੀ। ਰਾਜ ਦੀ ਆਬਾਦੀ ਵਿਚ ਕਰੀਬ 33 ਫ਼ੀ ਸਦੀ ਦਲਿਤ ਮਰਾਠੇ ਹਨ।
ਰਾਖਵਾਂਕਰਨ ਅੰਦੋਲਨ ਦੇ ਵਰਕਰਾਂ ਨੇ ਫ਼ਾਇਰ ਬ੍ਰਿਗੇਡ ਦੀ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿਤਾ ਅਤੇ ਪੁਲਿਸ 'ਤੇ ਪਥਰਾਅ ਵੀ ਕੀਤਾ। ਭੀੜ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਹੰਝੂ ਗੈਸ ਦੀ ਵਰਤੋਂ ਕੀਤੀ। ਮਰਾਠੇ ਸਰਕਾਰੀ ਨੌਕਰੀਆਂ ਅਤੇ ਸਿਖਿਆ 'ਚ ਰਿਜ਼ਰਵੇਸ਼ਨ ਸਮੇਤ ਹੋਰ ਮੰਗਾਂ ਕਾਰਨ ਅੰਦੋਲਨ ਦੇ ਰਾਹ 'ਤੇ ਹਨ।
ਔਰੰਗਾਬਾਦ ਜ਼ਿਲ੍ਹੇ ਵਿਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਨਾਲ ਅੱਜ ਉਸ ਸਮੇਂ ਧੱਕਾ-ਮੁੱਕੀ ਹੋਈ ਜਦ ਉਹ ਉਸ ਵਿਅਕਤੀ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਣ ਗਿਆ ਸੀ ਜਿਸ ਨੇ ਰਾਖਵਾਂਕਰਨ ਲਈ ਮਰਾਠਿਆਂ ਦੇ ਪ੍ਰਦਰਸ਼ਨ ਦੌਰਾਨ ਜਾਨ ਦੇ ਦਿਤੀ ਸੀ।
ਔਰੰਗਾਬਾਦ ਵਿਚ ਕਲ 27 ਸਾਲਾ ਪ੍ਰਦਰਸ਼ਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦੀ ਵਿਚ ਕੁੱਦ ਕੇ ਜਾਨ ਦੇ ਦਿਤੀ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਸੰਸਦ ਮੈਂਬਰ ਚੰਦਰਕਾਂਤ ਖੈਰੇ ਸ਼ਿੰਦੇ ਦੇ ਜੱਦੀ ਪਿੰਡ ਵਿਚ ਉਸ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਣ ਪੁੱਜੇ ਸਨ। ਸ਼ਿੰਦੇ ਦੀ ਮੌਤ ਮਗਰੋਂ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿਚ ਨਵੇਂ ਸਿਰੇ ਤੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਔਰੰਗਾਬਾਦ ਦੇ ਪੇਂਡੂ ਇਲਾਕਿਆਂ ਵਿਚ ਇੰਟਰਨੈਟ ਸੇਵਾਵਾਂ 'ਤੇ ਰੋਕ ਲਾ ਦਿਤੀ ਗਈ ਹੈ। (ਏਜੰਸੀ)