
ਦੇਸ਼ ਵਿਚ ਵੱਧ ਰਹੀ ਗਰਮੀ ਕਾਰਨ ਲੋਕ ਬੇਹਾਲ ਹੋ ਹਨ। ਦੇਸ਼ ਵਿਚ ਲਗਭਗ ਅੱਠ ਸੂਬਿਆਂ ਵਿਚ ਗਰਮੀ ਕਹਿਰ ਵਰਤਾ ਰਹੀ ਹੈ। ਰਾਜਸਥਾਨ ਦਾ ਬੂੰਦੀ ਸ਼ਹਿਰ...
ਦੇਸ਼ ਵਿਚ ਵੱਧ ਰਹੀ ਗਰਮੀ ਕਾਰਨ ਲੋਕ ਬੇਹਾਲ ਹੋ ਹਨ। ਦੇਸ਼ ਵਿਚ ਲਗਭਗ ਅੱਠ ਸੂਬਿਆਂ ਵਿਚ ਗਰਮੀ ਕਹਿਰ ਵਰਤਾ ਰਹੀ ਹੈ। ਰਾਜਸਥਾਨ ਦਾ ਬੂੰਦੀ ਸ਼ਹਿਰ ਭਾਰਤ ਦਾ ਸੱਭ ਤੋਂ ਗਰਮ ਸ਼ਹਿਰ ਬਣ ਗਿਆ ਹੈ ਜਿਥੇ 48 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਨ੍ਹਾਂ ਸੂਬਿਆਂ ਦੇ ਲਗਭਗ 36 ਸ਼ਹਿਰਾਂ ਵਿਚ ਤਾਪਮਾਨ 44 ਡਿਗਰੀ ਤਕ ਚਲਾ ਗਿਆ ਹੈ ਅਤੇ ਇਨ੍ਹਾਂ ਸ਼ਹਿਰਾਂ 'ਚੋਂ 23 ਸ਼ਹਿਰਾਂ ਵਿਚ ਤਾਪਮਾਨ 45 ਡਿਗਰੀ ਤੋਂ ਵੀ ਪਾਰ ਹੋ ਚੁੱਕਾ ਹੈ।
ਵੱਧ ਰਹੀ ਗਰਮੀ ਕਾਰਨ ਮੌਸਮ ਵਿਭਾਗ ਨੇ ਰਾਜਸਥਾਨ, ਹਰਿਆਣਾ ਅਤੇ ਪਛਮੀ ਉਤਰ ਪ੍ਰਦੇਸ਼ ਵਿਚ ਅਗਲੇ ਚਾਰ ਦਿਨਾਂ ਲਈ ਚੌਕਸੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ ਵਿਚ 27 ਮਈ ਤਕ ਜ਼ਿਆਦਾ ਗਰਮੀ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ 44 ਤੇ 45 ਡਿਗਰੀ ਰਹਿਣ ਦਾ ਅਨੁਮਾਨ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ਵਿਚ ਫ਼ਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ। ਗਰਮੀ ਦਾ ਸੱਭ ਤੋਂ ਜ਼ਿਆਦਾ ਕਹਿਰ ਰਾਜਸਥਾਨ ਵਿਚ ਪੈ ਰਿਹਾ ਹੈ ਜਿਥੇ ਰਾਜਸਥਾਨ ਦੇ ਬੂੰਦੀ ਇਲਾਕੇ ਦਾ ਤਾਪਮਾਨ 48 ਡਿਗਰੀ ਤਕ ਜਾ ਪਹੁੰਚਿਆ ਹੈ। ਬਾਰਾਂ ਅਤੇ ਝਾਲਾਵਾੜ ਵਿਚ ਤਾਪਮਾਨ 47-47 ਡਿਗਰੀ ਰਿਹਾ। ਇਸੇ ਤਰ੍ਹਾਂ ਜੈਪੁਰ ਦਾ ਤਾਪਮਾਨ ਲਗਭਗ 45.4 ਡਿਗਰੀ ਰਿਹਾ।
ਮੌਸਮ ਵਿਭਾਗ ਨੇ ਰਾਜਸਥਾਨ ਵਿਚ ਲੂ ਚਲਣ ਦੀ ਚਿਤਾਵਨੀ ਜਾਰੀ ਕੀਤੀ ਹੈ। ਰਾਜਸਥਾਨ ਤੋਂ ਬਾਅਦ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਕਾਫ਼ੀ ਗਰਮ ਰਿਹਾ ਜਿਥੇ ਤਾਪਮਾਨ 44.4 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਸ਼ੋਪਰ ਇਲਾਕੇ ਦਾ ਤਾਪਮਾਨ 46.6 ਡਿਗਰੀ ਤਕ ਚਲਾ ਗਿਆ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਗਵਾਲੀਅਰ, ਰਾਜਗੜ੍ਹ, ਖਜੁਰਾਹੋ, ਸਤਨਾ ਅਤੇ ਖੰਡਵਾ ਵਿਚ ਵੀ ਤਾਪਮਾਨ 45 ਤੋਂ ਪਾਰ ਹੀ ਰਿਹਾ। ਉਤਰ ਪ੍ਰਦੇਸ਼ ਦੇ ਵੀ ਕਈ ਇਲਾਕਿਆਂ ਵਿਚ ਲੋਕਾਂ ਨੂੰ ਕਾਫ਼ੀ ਗਰਮੀ ਦਾ ਸਾਹਮਣਾ ਕਰਨਾ ਪਿਆ।
ਉਤਰ ਪ੍ਰਦੇਸ਼ ਦਾ ਇਲਾਹਾਬਾਅਦ ਸੱਭ ਤੋਂ ਗਰਮ ਰਿਹਾ ਜਿਥੇ ਤਾਪਮਾਨ 46.5 ਡਿਗਰੀ ਜਾ ਪਹੁੰਚਿਆ। ਇਸੇ ਤਰ੍ਹਾਂ ਝਾਂਸੀ ਵਿਚ 46.2, ਆਗਰਾ ਵਿਚ 46.0 ਅਤੇ ਹਮੀਰਪੁਰ ਵਿਚ 45.0 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪੂਰਬੀ ਉਤਰ ਪ੍ਰਦੇਸ਼ ਵਿਚ ਮੌਸਮ ਖ਼ਰਾਬ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।
ਨਵੀਂ ਦਿੱਲੀ ਵਿਚ ਰਾਤ ਦਾ ਤਾਪਮਾਨ 44 ਡਿਗਰੀ ਦਰਜ ਕੀਤਾ ਗਿਆ ਹੈ। ਦਿੱਲੀ ਵਿਚ ਕਾਫ਼ੀ ਲੂ ਚਲ ਰਹੀ ਹੈ ਜਿਸ ਕਾਰਨ ਦਿੱਲੀ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ 30 ਫ਼ੀ ਸਦੀ ਤਕ ਦਾ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 27 ਤੋਂ 29 ਮਈ ਤਕ ਦਿੱਲੀ ਵਿਚ ਤੇਜ਼ ਲੂ ਚਲਣ ਦੀ ਚਿਤਾਵਨੀ ਜਾਰੀ ਕੀਤੀ ਹੈ। (ਏਜੰਸੀ)