
ਬੈਂਕ ਖਾਤੇ ਵਿਚ ਪੈਸੇ ਨਾ ਹੋਣ ਦੇ ਬਾਵਜੂਦ ਚੈੱਕ ਜਾਰੀ ਕਰਨ ਵਾਲਿਆਂ ਨੂੰ ਹੁਣ ਚੌਕਸ ਹੋ ਜਾਣਾ ਚਾਹੀਦਾ ਹੈ ਕਿਉਂਕਿ ਸੰਸਦ ਵਿਚ ਅੱਜ ਅਜਿਹਾ ਬਿੱਲ ਪਾਸ ਕੀਤਾ............
ਨਵੀਂਦਿੱਲੀ : ਬੈਂਕ ਖਾਤੇ ਵਿਚ ਪੈਸੇ ਨਾ ਹੋਣ ਦੇ ਬਾਵਜੂਦ ਚੈੱਕ ਜਾਰੀ ਕਰਨ ਵਾਲਿਆਂ ਨੂੰ ਹੁਣ ਚੌਕਸ ਹੋ ਜਾਣਾ ਚਾਹੀਦਾ ਹੈ ਕਿਉਂਕਿ ਸੰਸਦ ਵਿਚ ਅੱਜ ਅਜਿਹਾ ਬਿੱਲ ਪਾਸ ਕੀਤਾ ਗਿਆ ਹੈ ਜਿਸ ਤਹਿਤ ਚੈੱਕ ਬਾਊਂਸ ਦੇ ਮੁਲਜ਼ਮ ਨੂੰ ਇਸ ਦੀ ਰਕਮ ਦਾ 20 ਫ਼ੀ ਸਦੀ ਅਦਾਲਤ ਵਿਚ ਅੰਤਰਮ ਮੁਆਵਜ਼ੇ ਵਜੋਂ ਜਮ੍ਹਾਂ ਕਰਾਉਣਾ ਪਵੇਗਾ।
ਬਿੱਲ ਵਿਚ ਚੈੱਕ ਬਾਊਂਸ ਮਾਮਲਿਆਂ ਦੇ ਦੋਸ਼ੀਆਂ ਨੂੰ ਦੋ ਸਾਲ ਤਕ ਦੀ ਸਜ਼ਾ ਦਾ ਪ੍ਰਾਵਧਾਨ ਹੈ। ਚੈੱਕ ਬਾਊਂਸ ਹੋਣ ਦੀ ਹਾਲਤ ਵਿਚ ਚੈੱਕ ਪ੍ਰਾਪਤਕਰਤਾ ਨੂੰ ਹੋਰ ਜ਼ਿਆਦਾ ਰਾਹਤ ਪ੍ਰਦਾਨ ਕਰਨ ਵਾਲੇ ਸੋਧ ਬਿੱਲ ਨੂੰ ਅੱਜ ਰਾਜ ਸਭਾ ਵਿਚ ਪ੍ਰਵਾਨਗੀ ਦੇ ਦਿਤੀ ਗਈ। ਲੋਕ ਸਭਾ ਵਿਚ ਇਹ ਪਹਿਲਾਂ ਹੀ ਪਾਸ ਹੋ ਚੁੱਕਾ ਹੈ।
ਬਿੱਲ ਬਾਰੇ ਚਰਚਾ ਦਾ ਜਵਾਬ ਦਿੰਦਿਆਂ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲ ਨੇ ਕਿਹਾ ਕਿ ਸਮੇਂ-ਸਮੇਂ 'ਤੇ ਸਬੰਧਤ ਕਾਨੂੰਨ ਵਿਚ ਸੋਧ ਕੀਤੀ ਜਾਂਦੀ ਰਹੀ ਹੈ ਅਤੇ ਲੋੜ ਪੈਣ 'ਤੇ ਅੱਗੇ ਵੀ ਅਜਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸੋਧ ਬਿੱਲ ਵਿਚ ਪ੍ਰਾਵਧਾਨ ਕੀਤਾ ਗਿਆ ਹੈ ਕਿ ਚੈੱਕ ਬਾਊਂਸ ਹੋਣ ਦੀ ਹਾਲਤ ਵਿਚ ਮੁਲਜ਼ਮ ਵਲੋਂ ਪਹਿਲਾਂ ਹੀ ਚੈੱਕ 'ਤੇ ਅੰਕਤ ਰਾਸ਼ੀ ਦਾ 20 ਫ਼ੀ ਸਦ ਅਦਾਲਤ ਵਿਚ ਜਮ੍ਹਾਂ ਕਰਾਉਣਾ ਪਵੇਗਾ।
ਜੇ ਹੇਠਲੀ ਅਦਾਲਤ ਵਿਚ ਫ਼ੈਸਲ ਮੁਲਜ਼ਮ ਵਿਰੁਧ ਆਉਂਦਾ ਹੈ ਅਤੇ ਉਹ ਉਪਰਲੀ ਅਦਾਲਤ ਵਿਚ ਅਪੀਲ ਕਰਦਾ ਹੈ ਤਾਂ ਉਸ ਨੂੰ ਦੁਬਾਰਾ ਕੁਲ ਰਕਮ ਦੀ 20 ਫ਼ੀ ਸਦੀ ਰਕਮ ਅਦਾਲਤ ਵਿਚ ਜਮ੍ਹਾਂ ਕਰਾਉਣੀ ਪਵੇਗੀ। ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਪ੍ਰਾਵਧਾਨ ਕਾਰਨ ਚੈੱਕ ਬਾਊਂਸ ਦੇ ਮਾਮਲੇ ਘਟਣਗੇ।
(ਏਜੰਸੀ)