ਗੁਰਨਾਮ ਸਿੰਘ ਚੜੂਨੀ ਨੇ ਪੁਲਿਸ ‘ਤੇ ਚੁੱਕੇ ਸਵਾਲ
ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦੀਪ ਸਿੱਧੂ ਵੱਲੋਂ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਤੋਂ ਬਾਅਦ ਹੋਈ ਹਿੰਸਾ ਸਬੰਧੀ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨੂੰ ਇਹਨਾਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
Gurnam Singh Charuni
ਇਸ ਦੌਰਾਨ ਕਿਸਾਨ ਆਗੂ ਨੇ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ‘ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਗਣਤੰਤਰ ਦਿਵਸ ਮੌਕੇ ਭਾਰੀ ਸੁਰੱਖਿਆ ਦੇ ਚਲਦਿਆਂ ਦੀਪ ਸਿੱਧੂ ਅਤੇ ਉਸ ਦੇ ਸਾਥੀ ਲਾਲ ਕਿਲ੍ਹੇ ‘ਤੇ ਕਿਵੇਂ ਪਹੁੰਚੇ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬੀਤੇ ਦੋ ਦਿਨਾਂ ਤੋਂ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲ ਰਹੀਆਂ ਹਨ।
Gurnam Singh Chaduni
ਅਜਿਹੀਆਂ ਖ਼ਬਰਾਂ ਦਿਖਾਈਆਂ ਜਾ ਰਹੀਆਂ ਹਨ ਜਿਵੇ ਇਹ ਕੋਈ ਧਾਰਮਕ ਅੰਦੋਲਨ ਹੋਵੇ। ਇਸ ਦੌਰਾਨ ਭਾਜਪਾ ਦਾ ਆਈਟੀ ਸੈੱਲ ਪੂਰੀ ਤਰ੍ਹਾਂ ਐਕਟਿਵ ਹੋ ਚੁੱਕਾ ਹੈ। ਉਹਨਾਂ ਨੇ ਅੰਦੋਲਨ ਦਾ ਮਾਹੌਲ ਖ਼ਰਾਬ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂ ਨੇ ਨੌਜਵਾਨਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਠੰਢੇ ਦਿਮਾਗ ਨਾਲ ਕੰਮ ਲੈਣ ਦੀ ਅਪੀਲ ਕੀਤੀ। ਉਹਨਾਂ ਕਿਹਾ ਹਿੰਸਾ ਭੜਕਾਉਣ ਵਾਲਿਆਂ ਦੀਆਂ ਫੋਟੋਆਂ ਗ੍ਰਹਿ ਮੰਤਰੀ ਅਮਿਤ ਸ਼ਾਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੇਖੀਆਂ ਜਾ ਚੁੱਕੀਆਂ ਹਨ।
Red fort 
ਉਹਨਾਂ ਨੇ ਸਵਾਲ ਚੁੱਕੇ ਕਿ ਉਹ ਕੌਣ ਲੋਕ ਹਨ, ਜਿਨ੍ਹਾਂ ਨੇ ਭੀੜ ਨੂੰ ਉਕਸਾਇਆ ਤੇ ਲਾਲ ਕਿਲ੍ਹੇ ‘ਤੇ ਪਹੁੰਚ ਗਏ। ਇਸ ਦੌਰਾਨ ਪੁਲਿਸ ਨੇ ਢਿੱਲ ਕਿਉਂ ਵਰਤੀ? ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਦਾ ਬੈਰੀਕੇਡ 11 ਵਜੇ ਤੱਕ ਨਹੀਂ ਖੋਲ੍ਹਿਆ ਪਰ ਹੋਰ ਲੋਕਾਂ ਨੂੰ ਪੁਲਿਸ ਨੇ 8 ਵਜੇ ਹੀ ਜਾਣ ਦੀ ਆਗਿਆ ਦੇ ਦਿੱਤੀ।
Gurnam Singh Charuni
ਕਿਸਾਨ ਆਗੂ ਦਾ ਕਹਿਣਾ ਹੈ ਕਿ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਨੇ ਜਾਣ-ਬੁੱਝ ਕੇ ਲਾਲ ਕਿਲ੍ਹੇ ਵਿਚ ਦਾਖਲ ਹੋਣ ਦੀ ਢਿੱਲ ਦਿੱਤੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਅੰਦੋਲਨ ਨੂੰ ਸੰਭਾਲੋ, ਹੁਣੇ ਮੌਕਾ ਹੈ, ਨਹੀਂ ਤਾਂ ਅੰਦੋਲਨ ਟੁੱਟ ਜਾਵੇਗਾ। ਇਸ ਨਾਲ ਪੂਰੇ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ‘ਤੇ ਭਾਜਪਾ ਦੇ ਆਈਟੀ ਸੈੱਲ ਦੀ ਸਾਜ਼ਿਸ਼ ਨਾਕਾਮ ਕਰਕੇ ਦੇਸ਼ ਸਾਹਮਣੇ ਸੱਚਾਈ ਲਿਆਉਣ ਲਈ ਕਿਹਾ।
                    
                