
ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਦੇ ਵਿਚ ਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਨੂੰ ਰਿਹਾਅ ਕਰਨ ਦਾ ਐਲਾਨ ਕਰ...
ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਦੇ ਵਿਚ ਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿਤਾ ਹੈ। ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ ਅਤੇ ਇਸ ਦੇ ਮੱਦੇਨਜ਼ਰ ਕੱਲ ਭਾਰਤੀ ਪਾਇਲਟ ਨੂੰ ਰਿਹਾਅ ਕਰ ਦਿਤਾ ਜਾਵੇਗਾ। ਉੱਥੇ ਹੀ ਇਮਰਾਨ ਖਾਨ ਦੇ ਐਲਾਨ ਤੋਂ ਬਾਅਦ ਭਾਰਤ ਦੀਆਂ ਤਿੰਨਾਂ ਫ਼ੌਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਨੇ ਹਰ ਵਾਰ ਝੂਠ ਬੋਲਿਆ ਹੈ।
ਉਸ ਨੇ ਪਹਿਲਾਂ ਦੋ ਭਾਰਤੀ ਪਾਇਲਟਾਂ ਨੂੰ ਫੜਨ ਦਾ ਦਾਅਵਾ ਕੀਤਾ ਸੀ ਪਰ ਬਾਅਦ ਵਿਚ ਅਪਣੇ ਬਿਆਨ ਤੋਂ ਪਲਟ ਗਿਆ ਅਤੇ ਕਿਹਾ ਕਿ ਸਿਰਫ ਇਕ ਹੀ ਪਾਇਲਟ ਹੈ। ਇਸ ਦੌਰਾਨ ਹਵਾਈ ਫ਼ੌਜ ਦੇ ਮੁਖੀ ਨੇ ਕਿਹਾ ਆਪਰੇਸ਼ਨ ਬਾਲਾਕੋਟ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ। ਸਾਡੇ ਕੋਲ ਇਸ ਦੇ ਪੁਖਤਾ ਸਬੂਤ ਹਨ। ਕਾਨਫਰੰਸ ਦੌਰਾਨ ਹਵਾਈ ਫ਼ੌਜ ਦੇ ਮੁਖੀ ਨੇ ਕਿਹਾ ਕਿ 27 ਫਰਵਰੀ ਨੂੰ ਪਾਕਿਸਤਾਨੀ ਲੜਾਕੂ ਜਹਾਜ਼ ਭਾਰਤੀ ਸਰਹੱਦ ਪਾਰ ਕਰਕੇ ਆਏ ਸੀ।
ਪਾਕਿਸਤਾਨ ਨੇ ਭਾਰਤੀ ਫ਼ੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤ ਪਰ ਅਸੀਂ ਉਨ੍ਹਾਂ ਦੇ ਐਫ਼-16 ਨੂੰ ਤਬਾਹ ਕਰ ਦਿਤਾ। ਪਾਕਿਸਤਾਨ ਦੀ ਕਾਰਵਾਈ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਅਸੀਂ ਹਰ ਸਥਿਤੀ ਨਾਲ ਨਿਬੜਨ ਲਈ ਤਿਆਰ ਹਾਂ।