
ਇਥੋਂ ਦੀ ਇਕ ਅਦਾਲਤ ਨੇ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੋਤਾ ਸਿੰਘ ਨੂੰ 16 ਸਾਲ ਪੁਰਾਣੇ ਕਲਰਕ ਭਰਤੀ ਕੇਸ ਵਿਚੋਂ ਬਰੀ ਕਰ ਦਿਤਾ ਹੈ........
ਮੋਹਾਲੀ : ਇਥੋਂ ਦੀ ਇਕ ਅਦਾਲਤ ਨੇ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੋਤਾ ਸਿੰਘ ਨੂੰ 16 ਸਾਲ ਪੁਰਾਣੇ ਕਲਰਕ ਭਰਤੀ ਕੇਸ ਵਿਚੋਂ ਬਰੀ ਕਰ ਦਿਤਾ ਹੈ। ਕੇਸ ਵਿਚ ਸ਼ਾਮਲ ਬੋਰਡ ਦੇ ਅੱਧੀ ਦਰਜਨ ਸਾਬਕਾ ਅਧਿਕਾਰੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਤੇ 20-20 ਹਜ਼ਾਰ ਜੁਰਮਾਨਾ ਕੀਤਾ ਹੈ। ਪਰ ਸਾਰਿਆਂ ਨੂੰ ਨਾਲ ਹੀ ਮੁਚਲਕੇ 'ਤੇ ਛੱਡ ਦਿਤਾ ਗਿਆ। ਜਥੇਦਾਰ ਤੋਤਾ ਸਿੰਘ ਨੇ ਪੰਜਾਬ ਦੇ ਸਿਖਿਆ ਮੰਤਰੀ ਹੁੰਦਿਆਂ 2000-01 ਦੌਰਾਨ ਪੰਜਾਬ ਸਕੂਲ ਸਿਖਿਆ ਬੋਰਡ ਦੇ 124 ਕਲਰਕਾਂ ਦੀ ਭਰਤੀ ਕੀਤੀ ਸੀ। ਭਰਤੀ 'ਚ ਵਿੱਤੀ ਗੜਬੜੀਆਂ ਦੇ ਦੋਸ਼ ਲੱਗਣ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿਤੀ ਸੀ।
ਪੁਲਿਸ ਨੇ ਤੋਤਾ ਸਿੰਘ ਸਮੇਤ 6 ਹੋਰਾਂ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 465, 467, 471 ਅਤੇ 120 ਬੀ ਦੇ ਤਹਿਤ ਕੇਸ ਦਰਜ ਕਰ ਲਿਆ ਸੀ। ਪੰਜਾਬ ਸਕੂਲ ਸਿਖਿਆ ਬੋਰਡ ਦੇ ਜਿਨ੍ਹਾਂ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ 'ਚ ਸਾਬਕਾ ਸਕੱਤਰ ਜਗਜੀਤ ਸਿੰਘ ਅਤੇ ਡਾਇਰੈਕਟਰ ਅਕਾਦਮਿਕ ਪਵਿੱਤਰ ਪਾਲ ਕੌਰ ਸਮੇਤ ਸੇਵਾਮੁਕਤ ਨਿਜੀ ਸਹਾਇਕ ਅਮਰ ਸਿੰਘ ਅਤੇ ਭਰਤੀ ਕਮੇਟੀ ਦੇ ਮੈਂਬਰ ਕਰਨਲ ਜੋਰਾ ਸਿੰਘ ਸ਼ਾਮਲ ਹਨ।
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ 2001 'ਚ ਕੇਸ ਦਰਜ ਕੀਤਾ ਸੀ ਅਤੇ ਅਦਾਲਤ ਵਲੋਂ 2007 'ਚ ਦੋਸ਼ ਆਇਦ ਕੀਤੇ ਗਏ ਸਨ। ਅਦਾਲਤ ਨੇ ਅੱਜ ਕੇਸ ਦੀ ਆਖਰੀ ਸੁਣਵਾਈ ਵੇਲੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਤੋਤਾ ਸਿੰਘ ਨੂੰ ਬਰੀ ਕਰ ਦਿਤਾ ਹੈ।