
ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਔਰਤਾਂ 'ਤੇ ਹੁੰਦੀਆਂ ਵਧੀਕੀਆਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਰਾਜ ਦੇ 22 ਜਿਲ੍ਹਿਆਂ..........
ਖਰੜ : ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਔਰਤਾਂ 'ਤੇ ਹੁੰਦੀਆਂ ਵਧੀਕੀਆਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਰਾਜ ਦੇ 22 ਜਿਲ੍ਹਿਆਂ ਵਿਚ ਵੂਮੈਨ ਸੈੱਲ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਘੜੂੰਆਂ ਵਿਖੇ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਏ ਕਾਨੂੰਨੀ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਦਿੱਤੀ।
ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਔਰਤਾਂ 'ਤੇ ਹੋ ਰਹੇ ਅਤਿਆਚਾਰ ਅਤੇ ਸੈਕਸੂਅਲ ਹਰਾਸਮੈਂਟ ਨੂੰ ਰੋਕਣ ਲਈ ਔਰਤਾਂ ਨੂੰ ਔਰਤਾਂ ਨਾਲ ਸਬੰਧਤ ਕਾਨੂੰਨਾਂ ਅਤੇ ਸਰਕਾਰ ਵੱਲੋਂ ਉਨ੍ਹਾਂ ਵਿੱਚ ਸਮੇਂ-ਸਮੇਂ 'ਤੇ ਕੀਤੀਆਂ ਜਾਂਦੀਆਂ ਸੋਧਾਂ ਬਾਰੇ ਜਾਣੂ ਕਰਵਾਉਣਾ ਜਰੂਰੀ ਹੈ ਤਾਂ ਜੋ ਔਰਤਾਂ ਆਪਣੇ ਹੱਕਾਂ ਬਾਰੇ ਜਾਣੂ ਹੋ ਕੇ ਵਧੀਕਾਂ ਖ਼ਿਲਾਫ਼ ਆਵਾਜ਼ ਬੁਲੰਦ ਕਰ ਸਕਣ। ਉਨ੍ਹਾਂ ਲੜਕੀਆਂ ਨੂੰ ਸੱਦਾ ਦਿੱਤਾ ਕਿ ਜੇ ਉਨ੍ਹਾਂ ਨਾਲ ਘਰ, ਰਾਸਤੇ ਜਾਂ ਕੰਮ ਵਾਲੀ ਥਾਂ 'ਤੇ ਕੋਈ ਵਧੀਕੀ ਹੋਵੇ ਤਾਂ ਉਸ ਪ੍ਰਤੀ ਚੁੱਪ ਨਾ ਕਰਨ ਸਗੋਂ ਉਸ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਤਾਂ ਜੋ ਵਧੀਕੀਆਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਉਨਾਂ੍ਹ ਕਿਹਾ ਕਿ ਲੜਕੀਆਂ ਖ਼ੁਦ ਆਪਣਾ ਰੋਲ ਮਾਡਲ ਬਣਨ ਤਾਂ ਜੋ ਉਹ ਕਿਸੇ 'ਤੇ ਨਿਰਭਰ ਨਾ ਰਹਿਕੇ ਆਪਣੇ ਭਵਿੱਖ ਦੇ ਸੁਪਨਿਆਂ ਨੂੰ ਵੀ ਪੂਰਾ ਕਰ ਸਕਣ। ਸਮਾਜ ਵਿੱਚ ਚੰਗਾ ਜੀਵਨ ਜਿਊਣ ਲਈ ਹਰੇਕ ਲੜਕੀ ਮਾਪਿਆਂ ਦੇ ਘਰ ਚੰਗੀ ਧੀ ਅਤੇ ਸਹੁਰੇ ਘਰ ਵਿੱਚ ਇਕ ਚੰਗੀ ਨੂੰਹ ਅਤੇ ਸਮਾਜਿਕ ਕੰਮਾਂ ਵਿਚ ਇਕ ਚੰਗੀ ਸਮਾਜ ਸੇਵਕਾ ਬਣਦਾ ਪ੍ਰਣ ਕਰੇ। ਇਸ ਤੋਂ ਪਹਿਲਾਂ ਚੇਅਰਪਰਸਨ ਨੇ ਸਕੂਲ ਵਿਖੇ ਬੂਟਾ ਵੀ ਲਾਇਆ।
ਕਾਨੂੰਨੀ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ (ਹੈ.ਕੁ) ਸ.ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਔਰਤਾਂ ਤੇ ਸਾਇਬਰ ਕਰਾਇਮ ਰਾਹੀਂ ਹੋ ਰਹੀਆਂ ਵਧੀਕੀਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਐਸ.ਏ.ਐਸ ਨਗਰ ਵਿਖੇ ਫੇਜ਼-4 ਵਿੱਚ ਸਾਇਬਰ ਕਰਾਇਮ ਥਾਣਾ ਕਾਇਮ ਕੀਤਾ ਹੋਇਆ ਹੈ ਤੇ ਇਸ ਸਬੰਧੀ ਉਥੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸਰਕਾਰ ਵੱਲੋਂ ਵੂਮੈਨ ਸੈੱਲ ਵੀ ਬਣਾਏ ਹੋਏ ਹਨ ਜਿਥੇ ਔਰਤਾਂ ਨਾਲ ਵਧੀਕੀਆਂ ਹੋਣ ਸਬੰਧੀ ਕੇਸ ਹੱਲ ਕੀਤੇ ਜਾਂਦੇ ਹਨ। ਸਕੂਲ ਦੀ ਪ੍ਰਿੰਸੀਪਲ ਦਵਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ।
ਅਤੇ ਦੱਸਿਆ ਕਿ ਸਕੂਲ ਵਿਚ ਵਿਸ਼ੇਸ਼ ਨੋਡਲ ਅਫਸਰ , ਸਕੂਲ ਪਾਰਲੀਮੈਂਟ ਅਤੇ ਸਕੂਲ ਪ੍ਰੈਜੀਡੈਂਟ (ਲੜਕੀ) ਬਣਾਏ ਹੋਏ ਹਨ, ਜੇ ਕਿਸੇ ਨਾਲ ਕਿਸੇ ਵੀ ਕਿਸਮ ਦੀ ਵਧੀਕੀ ਹੁੰਦੀ ਹੈ ਤਾਂ ਉਹ ਫੌਰੀ ਤੌਰ 'ਤੇ ਇਨ੍ਹਾਂ ਨੂੰ ਜਾਣਕਾਰੀ ਦੇ ਸਕਦੀਆਂ ਹਨ। ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਦੀਆਂ ਵਿਦਿਆਰਥਣਾਂ, ਸੰਦੀਪ ਕੌਰ, ਨਰਗਿਸ ਪ੍ਰਿਅੰਕਾ, ਰੂਬੀਨਾ ਅਤੇ ਸਾਇੰਸ ਮਿਸਟਰਸ ਅਰਚਨਾ ਸੈਣੀ ਨੇ ਵੀ ਆਪਣੇ ਵਿਚਾਰੇ ਰੱਖੇ। ਸਟੇਜ ਸੰਚਾਨ ਬਾਇਓਲਜੀ ਲੈਕਚਰਾਰ ਗੁਰਪ੍ਰੀਤ ਕੌਰ ਨੇ ਕੀਤਾ।
ਕਾਨੂੰਨੀ ਜਾਗਰੂਕਤਾ ਕੈਂਪ ਵਿਚ ਐਸ.ਪੀ. (ਟ੍ਰੈਫਿਕ) ਸ੍ਰੀ ਤਰੁਨ ਰਤਨ, ਮਹਿਲਾ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਸ੍ਰੀ ਵਿਜੇ ਕੁਮਾਰ, ਸ੍ਰੀ ਮੋਹਨ ਕੁਮਾਰ, ਸੀ.ਡੀ.ਪੀ.ਓ ਸੁਖਮਨੀਤ ਕੌਰ, ਨਾਇਬ ਤਹਿਸੀਲਦਾਰ ਸ੍ਰੀ ਦੀਪਕ ਭਾਰਦਵਾਜ ਸਮੇਤ ਸਕੂਲ ਦੇ ਟੀਚਰ ਅਤੇ ਵਿਦਿਅਰਥਣਾਂ ਵੀ ਮੌਜੂਦ ਸਨ। ਇਸ ਤੋਂ ਉਪਰੰਤ ਕੁਰਾਲੀ ਵਿਖੇ ਵੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਾਨੂੰਨੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।