
ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਕੁਲਵਿੰਦਰ ਸਿੰਘ ਦੇ ਖਿਲਾਫ਼ ਇਕ ਔਰਤ ਕਰਮਚਾਰੀ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਹੈ ਕਿ ਉਕਤ...
ਅੰਮ੍ਰਿਤਸਰ (ਪੀਟੀਆਈ) : ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਕੁਲਵਿੰਦਰ ਸਿੰਘ ਦੇ ਖਿਲਾਫ਼ ਇਕ ਔਰਤ ਕਰਮਚਾਰੀ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਹੈ ਕਿ ਉਕਤ ਅਧਿਕਾਰੀ ਵਲੋਂ ਸੈਕਸ਼ੁਅਲ ਹਿਰਾਸਮੈਂਟ ਕੀਤਾ ਜਾ ਰਿਹਾ ਹੈ। ਥਾਣਾ ਰਣਜੀਤ ਐਵਨਿਊ ਵਿਚ ਸ਼ਿਕਾਇਤ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਇਸ ਦੀ ਜਾਂਚ ਲਈ ਐਸੀਪੀ ਹੈੱਡ-ਕੁਆਰਟਰ ਰੀਚਾ ਅਗਨੀਹੋਤਰੀ ਦੀ ਅਗਵਾਈ ਵਿਚ ਇਕ ਸਿਟ ਬਣਾ ਦਿਤੀ ਹੈ।
ਟੀਮ ਵਿਚ ਐਸੀਪੀ ਤੋਂ ਇਲਾਵਾ ਇੰਨਸਪੈਕਟਰ ਪਰਮਦੀਪ ਕੌਰ ਅਤੇ ਥਾਣਾ ਰਣਜੀਤ ਐਵਨਿਊ ਮੁਖੀ ਸੁਖਇੰਦਰ ਸਿੰਘ ਨੂੰ ਰੱਖਿਆ ਗਿਆ। ਸਿਟ ਨੂੰ ਪੂਰੇ ਮਾਮਲੇ ਦੀ ਛੇਤੀ ਤੋਂ ਛੇਤੀ ਜਾਂਚ ਕਰ ਕੇ ਰਿਪੋਰਟ ਦੇਣ ਦੇ ਹੁਕਮ ਦਿਤੇ ਹਨ। ਉਥੇ ਹੀ ਮਾਰਕਫੈਡ ਦੀ ਔਰਤ ਕਰਮਚਾਰੀ ਨੇ ਸ਼ੁੱਕਰਵਾਰ ਨੂੰ ਦਫ਼ਤਰ ਦੇ ਬਾਹਰ ਡੀਐਮ ਕੁਲਵਿੰਦਰ ਸਿੰਘ ਦੇ ਖਿਲਾਫ਼ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਵੀ ਕੀਤੀ। ਉਥੇ ਹੀ ਮਾਮਲੇ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਵਿਭਾਗ ਦੇ ਐਮਡੀ ਵਰੂਨ ਰੂਜਮ ਨੇ ਡੀਐਮ ਦਾ ਤਬਾਦਲਾ ਜਲੰਧਰ ਕਰ ਦਿਤਾ ਹੈ।
ਨਾਲ ਹੀ ਕਿਹਾ ਕਿ ਇਸ ਮਾਮਲੇ ਦੀ ਜਾਂਚ ਐਨਜੀਓ ਅਤੇ ਵਿਭਾਗ ਦੀ ਸੈਕਸ਼ੁਅਲ ਕਮੇਟੀ ਵਲੋਂ ਕਰਵਾਉਣ ਦੇ ਆਦੇਸ਼ ਦਿਤੇ ਹਨ। ਦੂਜੇ ਪਾਸੇ ਡੀਐਮ ਕੁਲਵਿੰਦਰ ਸਿੰਘ ਨੇ ਅਪਣੇ ‘ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਾਕਾਰਿਆ ਹੈ ਅਤੇ ਕਿਹਾ ਕਿ ਉਨ੍ਹਾਂ ਦੇ ਖਿਲਾਫ਼ ਸਾਜਿਸ਼ ਰਚੀ ਗਈ ਹੈ। ਜਾਂਚ ਤੋਂ ਬਾਅਦ ਸਭ ਕੁਝ ਕਲਿਅਰ ਹੋ ਜਾਵੇਗਾ। ਔਰਤ ਕਰਮਚਾਰੀ ਨੇ ਸ਼ਿਕਾਇਤ ਵਿਚ ਦੱਸਿਆ ਹੈ ਕਿ 6-7 ਮਹੀਨੇ ਪਹਿਲਾਂ ਕੁਲਵਿੰਦਰ ਸਿੰਘ ਨੇ ਇਥੇ ਬਤੋਰ ਜ਼ਿਲ੍ਹਾ ਮੈਨੇਜਰ ਜੋਆਇਨ ਕੀਤਾ ਸੀ
ਅਤੇ ਉਦੋਂ ਤੋਂ ਉਹ ਉਸ ‘ਤੇ ਬੁਰੀ ਨਜ਼ਰ ਰੱਖ ਰਿਹਾ ਸੀ। ਉਹ ਅਪਣੇ ਕੈਬਿਨ ਵਿਚ ਸੱਦ ਕੇ ਕਾਫ਼ੀ ਸਮਾਂ ਖੜੀ ਰੱਖਦਾ ਅਤੇ ਨਾਲ ਹੀ ਨਾਲ ਉਸ ਨੂੰ ਬੁਰੀ ਨਜ਼ਰ ਨਾਲ ਵੇਖਦਾ ਰਹਿੰਦਾ। 23 ਅਕਤੂਬਰ ਨੂੰ ਉਹ ਛੁੱਟੀ ਲੈਣ ਲਈ ਐਪਲੀਕੇਸ਼ਨ ਲੈ ਕੇ ਡੀਐਮ ਦੇ ਕੋਲ ਗਈ ਤਾਂ ਡੀਐਮ ਅਪਣੀ ਸੀਟ ਤੋਂ ਉੱਠ ਕੇ ਉਸ ਦੇ ਕੋਲ ਆ ਗਿਆ ਅਤੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਉਸ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ
ਪਰ ਕੁਲਵਿੰਦਰ ਸਿੰਘ ਲਗਾਤਾਰ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਰਿਹਾ ਅਤੇ ਨਾਲ ਹੀ ਕਿਹਾ ਕਿ ਇਹ ਤਾਂ ਛੋਟਾ ਜਿਹਾ ਕੰਮ ਹੈ। ਕਦੇ ਕੋਈ ਹੋਰ ਕੰਮ ਵੀ ਹੋਵੇ ਤਾਂ ਉਸ ਨੂੰ ਦੱਸਣਾ, ਸੌਖ ਨਾਲ ਹੋ ਜਾਵੇਗਾ। ਇਸ ਘਟਨਾ ਤੋਂ ਬਾਅਦ ਉਹ ਬਹੁਤ ਡਰੀ ਹੋਈ ਸੀ। ਇਸ ਵਿਚ 26 ਅਕਤੂਬਰ ਦੀ ਸਵੇਰੇ ਡੀਐਮ ਕੁਲਵਿੰਦਰ ਸਿੰਘ ਦਾ ਮੋਬਾਇਲ ‘ਤੇ ਫੋਨ ਆਇਆ ਤਾਂ ਉਹ ਵੇਖ ਕੇ ਫੁੱਟ ਫੁੱਟ ਕੇ ਰੋਣ ਲੱਗੀ। ਇਸ ਦੌਰਾਨ ਪਤੀ ਨੇ ਜਦੋਂ ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਸਾਰੀ ਗੱਲ ਦੱਸੀ।
ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ। ਨਾਲ ਹੀ ਸ਼ਿਕਾਇਤ ਦੀ ਕਾਪੀ ਜੇਲ੍ਹ ਮੰਤਰੀ, ਡਾਇਰੈਕਟਰ ਮਾਰਕਫੈਡ, ਨੈਸ਼ਨਲ ਵੂਮੈਨ ਕਮਿਸ਼ਨ, ਡੀਸੀ ਅੰਮ੍ਰਿਤਸਰ ਨੂੰ ਵੀ ਭੇਜੀ ਗਈ ਹੈ।