
ਕੁਕਰਮ ਅਤੇ ਜ਼ਮੀਨ ਮਾਮਲੇ ਵਿਚ ਧੋਖਾਧੜੀ ਦੇ ਦੋਸ਼ ਵਿਚ ਅਕਾਲੀ ਦਲ ਦੇ ਸੰਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਂਜੇ ਅਤੇ...
ਪਟਿਆਲਾ (ਪੀਟੀਆਈ) : ਕੁਕਰਮ ਅਤੇ ਜ਼ਮੀਨ ਮਾਮਲੇ ਵਿਚ ਧੋਖਾਧੜੀ ਦੇ ਦੋਸ਼ ਵਿਚ ਅਕਾਲੀ ਦਲ ਦੇ ਸੰਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਂਜੇ ਅਤੇ ਪਟਿਆਲਾ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਸਮੇਤ ਤਿੰਨ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਘਨੌਰ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਫਿਲਹਾਲ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਕ ਔਰਤ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਕੁਝ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਪਤੀ ਦੀ ਜ਼ਮੀਨ ਦਾ ਇੰਤਕਾਲ ਅਪਣੇ ਨਾਮ ਕਰਵਾਉਣਾ ਚਾਹੁੰਦੀ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਪਟਿਆਲਾ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ, ਜਸਵੀਰ ਸਿੰਘ ਅਤੇ ਕੁਲਵੰਤ ਸਿੰਘ ਨਾਲ ਹੋਈ। ਉਨ੍ਹਾਂ ਨੇ ਜ਼ਮੀਨ ਦਾ ਇੰਤਕਾਲ ਕਰਵਾਉਣ ਦਾ ਭਰੋਸਾ ਦਿਤਾ।
ਔਰਤ ਨੇ ਦੋਸ਼ ਲਗਾਇਆ ਕਿ ਜ਼ਮੀਨ ਦਾ ਇੰਤਕਾਲ ਕਰਵਾਉਣ ਦੇ ਬਦਲੇ ਉਨ੍ਹਾਂ ਨੇ ਉਸ ਦੇ ਨਾਲ ਸਰੀਰਕ ਸਬੰਧ ਬਣਾਏ। ਔਰਤ ਨੇ ਇਲਜ਼ਾਮ ਲਗਾਇਆ ਕਿ ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਦੀ ਜ਼ਮੀਨ 50 ਲੱਖ ਰੁਪਏ ਵਿਚ ਵੇਚ ਦਿਤੀ। ਇਸ ਰਕਮ ਵਿਚੋਂ ਪੀੜਿਤਾ ਨੂੰ 15 ਲੱਖ ਰੁਪਏ ਦਾ ਡਰਾਫਟ ਦਿਤਾ, ਜਦੋਂ ਕਿ ਬਾਕੀ ਰਾਸ਼ੀ ਨਹੀਂ ਦਿਤੀ। ਥਾਣਾ ਘਨੌਰ ਮੁਖੀ ਅਮਨਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਪੀੜਿਤਾ ਦੇ ਬਿਆਨ ‘ਤੇ ਕੁਕਰਮ ਅਤੇ ਧੋਖਾਧੜੀ ਦੇ ਦੋਸ਼ ਵਿਚ ਹਰਪਾਲਪੁਰ ਨਿਵਾਸੀ ਹਰਵਿੰਦਰ ਸਿੰਘ ਅਤੇ ਬਘੌਰਾ ਨਿਵਾਸੀ ਜਸਵੀਰ ਸਿੰਘ ਅਤੇ ਕੁਲਵੰਤ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸੰਸਦ ਪ੍ਰੋ. ਚੰਦੂਮਾਜਰਾ ਦਾ ਭਣੇਂਵਾ ਹਰਵਿੰਦਰ ਸਿੰਘ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਪਟਿਆਲਾ ਮਾਰਕਿਟ ਕਮੇਟੀ ਦਾ ਚੇਅਰਮੈਨ ਸੀ। ਉਹ ਖਾਦੀ ਬੋਰਡ ਦੇ ਡਾਇਰੈਕਟਰ ਵਰਗੇ ਅਹਿਮ ਅਹੁਦੇ ‘ਤੇ ਵੀ ਰਹਿ ਚੁੱਕਿਆ ਹੈ। ਹਰਵਿੰਦਰ ਸਿੰਘ ਹੁਣ ਅਕਾਲੀ ਦਲ ਦਾ ਜ਼ਿਲ੍ਹਾ ਸੀਨੀਅਰ ਉਪ-ਪ੍ਰਧਾਨ ਹੈ। ਉਧਰ, ਦੋਸ਼ੀ ਹਰਵਿੰਦਰ ਸਿੰਘ ਨੇ ਕਿਹਾ ਕਿ ਰਾਜਨੀਤਿਕ ਦੁਸ਼ਮਣੀ ਦੇ ਕਾਰਨ ਉਨ੍ਹਾਂ ਦੇ ਖਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਹੈ
ਅਤੇ ਇਹ ਕੇਸ ਝੂਠਾ ਹੈ। ਉਨ੍ਹਾਂ ਨੇ ਕਿਹਾ ਕਿ ਬੇਗੁਨਾਹ ਦੇ ਸਾਰੇ ਸਬੂਤ ਉਨ੍ਹਾਂ ਦੇ ਕੋਲ ਮੌਜੂਦ ਹਨ ਅਤੇ ਕਾਂਗਰਸੀਆਂ ਨੂੰ ਇਸ ਦਾ ਉਹ ਪੂਰਾ ਜਵਾਬ ਦੇਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀਆਂ ਦੁਆਰਾ ਔਰਤਾਂ ਨੂੰ ਹਥਿਆਰ ਬਣਾ ਕੇ ਜੋ ਪਰੰਪਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਇਸ ਪਰੰਪਰਾ ਦਾ ਪਰਦਾਫਾਸ਼ ਕਰਕੇ ਰਹਿਣਗੇ।