
ਸਹੇਲੀ ਦੇ ਘਰ ਕਿਤਾਬ ਲੈਣ ਗਈ ਦਸਵੀਂ ਦੀ ਨਬਾਲਗ ਵਿਦਿਆਰਥਣ ਨੂੰ ਸਹੇਲੀ ਦੀ ਮਾਂ ਨੇ ਕਮਰੇ ਵਿਚ ਬੰਦ ਕਰ...
ਤਰਨਤਾਰਨ (ਪੀਟੀਆਈ) : ਸਹੇਲੀ ਦੇ ਘਰ ਕਿਤਾਬ ਲੈਣ ਗਈ ਦਸਵੀਂ ਦੀ ਨਬਾਲਗ ਵਿਦਿਆਰਥਣ ਨੂੰ ਸਹੇਲੀ ਦੀ ਮਾਂ ਨੇ ਕਮਰੇ ਵਿਚ ਬੰਦ ਕਰ ਦਿਤਾ। ਇਸ ਤੋਂ ਬਾਅਦ ਔਰਤ ਨੇ ਇਕ ਵਿਅਕਤੀ ਤੋਂ ਵਿਦਿਆਰਥਣ ਨਾਲ ਕੁਕਰਮ ਕਰਵਾਇਆ ਅਤੇ ਫਿਰ ਲੜਕੀ ਨੂੰ ਔਰਤ, ਉਸ ਦਾ ਪਤੀ ਅਤੇ ਦੋਸ਼ੀ ਮਿਲ ਕੇ ਕਾਰ ਵਿਚ ਘੁੰਮਾਉਂਦੇ ਰਹੇ। ਵਿਦਿਆਰਥਣ ਨੇ ਹੁਣ ਮਾਮਲੇ ਦੀ ਸ਼ਿਕਾਇਤ ਪੁਲਿਸ ਵਿਚ ਦਿਤੀ ਹੈ। ਵਿਦਿਆਰਥਣ ਦੇ ਮੁਤਾਬਕ, ਉਹ ਅਪਣੀ ਸਹੇਲੀ ਦੇ ਘਰ ਕਿਤਾਬ ਲੈਣ ਗਈ ਸੀ।
ਘਰ ‘ਚ ਸਹੇਲੀ ਦੀ ਮਾਂ ਕੁਲਦੀਪ ਕੌਰ ਸੀ। ਕੁਲਦੀਪ ਕੌਰ ਨੇ ਦੱਸਿਆ ਕਿ ਹੁਣ ਉਸ ਦੀ ਧੀ ਗੋਇੰਦਵਾਲ ਸਾਹਿਬ ਹੋਸਟਲ ਵਿਚ ਰਹਿ ਕੇ ਪੜ੍ਹਦੀ ਹੈ। ਉਸ ਦੀਆਂ ਕਿਤਾਬਾਂ ਕਮਰੇ ਵਿਚ ਰੱਖੀਆਂ ਹੋਈਆਂ ਹਨ ਜਾ ਕੇ ਵੇਖ ਲੈ। ਵਿਦਿਆਰਥਣ ਜਦੋਂ ਕਿਤਾਬ ਵੇਖਣ ਲਈ ਕਮਰੇ ਵਿਚ ਗਈ ਤਾਂ ਕੁਲਦੀਪ ਕੌਰ ਨੇ ਦਰਵਾਜਾ ਬਾਹਰੋਂ ਬੰਦ ਕਰ ਦਿਤਾ। ਵਿਦਿਆਰਥਣ ਦੇ ਮੁਤਾਬਕ, ਕੁਝ ਦੇਰ ਬਾਅਦ ਸੁਖਵਿੰਦਰ ਸਿੰਘ ਉਥੇ ਆਇਆ ਅਤੇ ਕੁਲਦੀਪ ਕੌਰ ਨੇ ਵਿਦਿਆਰਥਣ ਨੂੰ ਧਮਕਾਇਆ ਕਿ ਉਹ ਨੌਜਵਾਨ ਦੇ ਨਾਲ ਸਰੀਰਕ ਸਬੰਧ ਬਣਾ ਲਵੇ।
ਮਨ੍ਹਾ ਕਰਨ ‘ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿਤੀ ਗਈ। ਇਸ ਤੋਂ ਬਾਅਦ ਨੌਜਵਾਨ ਨੇ ਨਬਾਲਿਗ ਵਿਦਿਆਰਥਣ ਨਾਲ ਕੁਕਰਮ ਕੀਤਾ। ਘਟਨਾ 26 ਅਕਤੂਬਰ ਸ਼ਾਮ ਨੂੰ 4 ਵਜੇ ਦੀ ਹੈ। ਕੁਝ ਸਮੇਂ ਬਾਅਦ ਔਰਤ ਕੁਲਦੀਪ ਕੌਰ ਦੀ ਮਦਦ ਨਾਲ ਦੋਸ਼ੀ ਸੁਖਵਿੰਦਰ ਸਿੰਘ ਸਫ਼ੈਦ ਰੰਗ ਦੀ ਕਾਰ ਲੈ ਕੇ ਆਇਆ। ਕਾਰ ਨੂੰ ਔਰਤ ਕੁਲਦੀਪ ਕੌਰ ਦਾ ਪਤੀ ਟਹਿਲ ਸਿੰਘ ਚਲਾ ਰਿਹਾ ਸੀ। ਵਿਦਿਆਰਥਣ ਨੂੰ ਉਹ ਅੰਮ੍ਰਿਤਸਰ ਲੈ ਗਏ।
ਦਰਬਾਰ ਸਾਹਿਬ ਵਿਚ ਮੱਥਾ ਟੇਕਣ ਤੋਂ ਬਾਅਦ ਸੁਖਵਿੰਦਰ ਸਿੰਘ, ਕੁਲਦੀਪ ਕੌਰ ਅਤੇ ਟਹਿਲ ਸਿੰਘ ਵਿਦਿਆਰਥਣ ਨੂੰ ਪੂਰੀ ਰਾਤ ਕਾਰ ਵਿਚ ਲੈ ਕੇ ਘੁੰਮਦੇ ਰਹੇ। 27 ਅਕਤੂਬਰ ਨੂੰ ਸਵੇਰੇ 3 ਵਜੇ ਵਿਦਿਆਰਥਣ ਨੂੰ ਕਸਬਾ ਸਰਹਾਲੀ ਤੋਂ ਚੋਲ੍ਹਾ ਸਾਹਿਬ ਮੋੜ ‘ਤੇ ਉਤਾਰ ਕੇ ਦੋਸ਼ੀ ਫ਼ਰਾਰ ਹੋ ਗਏ। ਇਸ ਤੋਂ ਬਾਅਦ ਘਰ ਪਹੁੰਚ ਕੇ ਵਿਦਿਆਰਥਣ ਨੇ ਆਪ ਬੀਤੀ ਪਰਿਵਾਰ ਵਾਲਿਆਂ ਨੂੰ ਸੁਣਾਈ। ਉਸ ਤੋਂ ਬਾਅਦ ਵਿਦਿਆਰਥਣ ਦੇ ਪਰਿਵਾਰ ਵਾਲੇ ਉਸ ਨੂੰ ਲੈ ਕੇ ਪੁਲਿਸ ਸਟੇਸ਼ਨ ਪਹੁੰਚੇ।
ਪੁਲਿਸ ਵਲੋਂ ਇਸ ਮਾਮਲੇ ਦੇ ਸਬੰਧ ਵਿਚ ਜਾਂਚ ਤੋਂ ਬਾਅਦ ਦੋਸ਼ੀ ਸੁਖਵਿੰਦਰ ਸਿੰਘ ਤੋਂ ਇਲਾਵਾ ਟਹਿਲ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।